ਸਿੱਖਾਂ ਦੇ ਧਰਮ ਗ੍ਰੰਥ ਵਿਚ ਦੱਸਿਆ ਗਿਆ ਹੈ ਕਿ ਮਨੁੱਖੀ ਜਾਮਾ ਪ੍ਰਾਣੀਆਂ ਵਿਚ ਸਭ ਤੋਂ ਉੱਤਮ ਹੈ ਕਿਉਂਕਿ ਮਨੁੱਖ ਕੋਲ ਸੋਝੀ ਹੁੰਦੀ ਹੈ ਜਿਸ ਸਦਕਾ ਉਹ ਆਪਣੀ ਜੀਵਨ ਯਾਤਰਾ ਆਸਾਨੀ ਨਾਲ ਪੂਰੀ ਕਰ ਕੇ ਭਵਸਾਗਰ ਪਾਰ ਕਰ ਸਕਦਾ ਹੈ। ਈਸ਼ਵਰ ਨੇ ਸਿਰਫ਼ ਮਨੁੱਖ ਨੂੰ ਸੋਝੀ ਨਾਲ ਕੰਮ ਕਰਨ ਦੀ ਆਜ਼ਾਦੀ ਪ੍ਰਦਾਨ ਕੀਤੀ ਹੈ ਪਰ ਅਕਸਰ ਅਜਿਹਾ ਦੇਖਣ ਵਿਚ ਆਉਂਦਾ ਹੈ ਕਿ ਉਹ ਇਸ ਅਧਿਕਾਰ ਦੀ ਵਰਤੋਂ ਜ਼ਿਆਦਾਤਰ ਪਲ-ਛਿਣ ਦੇ ਆਨੰਦ ਅਤੇ ਇੰਦਰੀਆਂ ਦੀ ਤ੍ਰਿਪਤੀ ਲਈ ਹੀ ਕਰਦਾ ਹੈ। ਇਸ ਕਾਰਨ ਉਹ ਇੰਦਰੀਆਂ ਦੇ ਵਸ ਪੈ ਕੇ ਜੀਵਨ ਦਾ ਉਦੇਸ਼ ਸਿਰਫ਼ ਇੰਦਰੀਆਂ ਦੀ ਤ੍ਰਿਪਤੀ ਅਤੇ ਇਸ ਨੂੰ ਤਾਉਮਰ ਪ੍ਰਾਪਤ ਕਰਨ ਦੀ ਸੁਰੱਖਿਆ ਦੇ ਯਤਨਾਂ ਵਿਚ ਹੀ ਗੁਜ਼ਾਰ ਦਿੰਦਾ ਹੈ। ਜਦਕਿ ਮਨੁੱਖੀ ਜਾਮੇ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਈਸ਼ਵਰ ਦੀ ਪ੍ਰਾਪਤੀ ਅਤੇ ਮੁਕਤੀ। ਜਿਸ ਤਰ੍ਹਾਂ ਸਰੀਰ ਦੀ ਊਰਜਾ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਈਸ਼ਵਰ ਪ੍ਰਾਪਤੀ ਲਈ ਈਸ਼ਵਰ ਦੇ ਅੰਸ਼ ਆਤਮਾ ਜੋ ਹਰ ਪ੍ਰਾਣੀ ਦੇ ਅੰਦਰ ਮੌਜੂਦ ਹੈ, ਉਸ ਨਾਲ ਜਾਣ-ਪਛਾਣ ਦੀ ਜ਼ਰੂਰਤ ਹੈ। ਸੋਝੀ ਸਿਰਫ਼ ਮਨੁੱਖ ਕੋਲ ਹੁੰਦੀ ਹੈ। ਇਸ ਲਈ ਆਤਮਾ ਨਾਲ ਜਾਣ-ਪਛਾਣ ਸਿਰਫ਼ ਮਨੁੱਖ ਹੀ ਕਰ ਸਕਦਾ ਹੈ ਪਰ ਇਸ ਵਾਸਤੇ ਰਸਤਾ ਰੂਹਾਨੀਅਤ 'ਚੋਂ ਹੋ ਕੇ ਗੁਜ਼ਰਦਾ ਹੈ ਅਤੇ ਮਨੁੱਖ ਨੂੰ ਇੰਦਰੀਆਂ ਦੀ ਤ੍ਰਿਪਤੀ ਦੇ ਸਥਾਨ 'ਤੇ ਨੈਤਿਕਤਾ ਦੇ ਰਾਹ 'ਤੇ ਚੱਲ ਕੇ ਕਰਮ ਫਲ ਤੋਂ ਮੁਕਤ ਹੋ ਕੇ ਇਕਸਾਰ ਸਥਿਤੀ ਵਿਚ ਦਾਖ਼ਲ ਹੋਣਾ ਹੋਵੇਗਾ। ਇਕ ਸਾਧਾਰਨ ਮਨੁੱਖ ਜੀਵਨ ਦੀ ਭੱਜ-ਦੌੜ ਵਿਚ ਇਸ ਮਾਰਗ ਤੋਂ ਕੋਹਾਂ ਦੂਰ ਰਹਿ ਕੇ ਆਪਾ ਪਛਾਣਨ ਦੀ ਕਲਪਨਾ ਵੀ ਨਹੀਂ ਕਰਦਾ। ਅਜਿਹਾ ਮਨੁੱਖ ਕੁਦਰਤ ਰਾਹੀਂ ਬਣੇ ਇਸ ਨਸ਼ਵਰ ਸਰੀਰ ਨੂੰ ਹੀ ਖ਼ੁਦ ਸਮਝਦਾ ਹੈ। ਇਸ ਲਈ ਇਸ ਦੇ ਅੰਤ ਰੂਪੀ ਮੁਕਾਮ ਮੌਤ ਤੋਂ ਉਹ ਬਹੁਤ ਜ਼ਿਆਦਾ ਭੈਅਭੀਤ ਰਹਿੰਦਾ ਹੈ ਅਤੇ ਜਿਵੇਂ-ਜਿਵੇਂ ਉਮਰ ਅਨੁਸਾਰ ਸਰੀਰ ਨਿਢਾਲ ਹੁੰਦਾ ਜਾਂਦਾ ਹੈ, ਉਸ ਦਾ ਡਰ ਹੋਰ ਵੀ ਵਧਣ ਲੱਗਦਾ ਹੈ। ਰੂਹਾਨੀਅਤ ਤੇ ਨੈਤਿਕ ਮਾਰਗ 'ਤੇ ਚੱਲਣ ਵਾਲਾ ਵਿਅਕਤੀ ਕਰਮ ਫਲ ਤੋਂ ਮੁਕਤ ਹੋ ਕੇ ਆਤਮਾ ਦੀ ਹਕੀਕਤ ਨੂੰ ਸਮਝਦਾ ਹੋਇਆ ਈਸ਼ਵਰ ਦੇ ਦਰਸ਼ਨ ਕਰ ਲੈਂਦਾ ਹੈ। ਅਜਿਹਾ ਵਿਅਕਤੀ ਸਰੀਰ ਦੀ ਜਗ੍ਹਾ ਆਤਮਾ ਨੂੰ ਖ਼ੁਦ ਮੰਨਦਾ ਹੈ। ਅਜਿਹਾ ਵਿਅਕਤੀ ਸਰੀਰ ਦੇ ਅੰਤ ਦਾ ਅਰਥ ਸਿਰਫ਼ ਕੱਪੜੇ ਬਦਲਣ ਦੀ ਪ੍ਰਕਿਰਿਆ ਦੀ ਤਰ੍ਹਾਂ ਸਮਝ ਕੇ ਮੌਤ ਦੇ ਭੈਅ ਤੋਂ ਮੁਕਤ ਹੋ ਜਾਂਦਾ ਹੈ।

ਕਰਨਲ (ਰਿਟਾ.) ਸ਼ਿਵਦਾਨ ਸਿੰਘ।

Posted By: Sarabjeet Kaur