ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਸ ਇਲਾਹੀ ਸੋਚ ਦਾ ਅੰਗ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਹਿੱਤ ਲਈ ਵਰਤਿਆ ਤੇ ਮਨੁੱਖੀ ਸਮਾਜ ਨੂੰ ਨਿਵੇਕਲੀ ਨੁਹਾਰ ਪ੍ਰਦਾਨ ਕੀਤੀ। ਜਦੋਂ ਕੋਈ ਨਵਾਂ ਵਿਚਾਰ ਸਮਾਜ 'ਚ ਜਨਮ ਲੈਂਦਾ ਹੈ ਤਾਂ ਉਸ ਪਿੱਛੇ ਆਸ ਹੁੰਦੀ ਹੈ ਭਲੇ ਦੀ, ਸੁੱਖ ਦੀ, ਸੰਤੋਖ ਦੀ। ਸਮਾਜ ਤਦ ਹੀ ਕਿਸੇ ਸੋਚ ਨੂੰ ਪ੍ਰਵਾਨ ਕਰਦਾ ਹੈ ਜੇ ਉਹ ਵਿਵਹਾਰ ਤੇ ਸੱਚ ਨਾਲ ਜੋੜਨ ਵਾਲੀ ਹੋਵੇ। ਨਿਰਾਸ਼ਾ ਦੀ ਸ਼ਿਕਾਰ ਤੇ ਸਤਾਈ ਹੋਈ ਮਨੁੱਖਤਾ ਲਈ ਗੁਰਬਾਣੀ ਸੰਜੀਵਨੀ ਸਾਬਤ ਹੋਈ। ਗੁਰ ਸ਼ਬਦ ਦੇ ਅੰਮ੍ਰਿਤ ਨੇ ਮਨੁੱਖਤਾ ਅੰਦਰ ਜੀਵਨ ਜਿਊਣ ਦਾ ਚਾਅ ਪੈਦਾ ਕੀਤਾ। ਲੋਕਾਂ ਦੇ ਮਨ ਆਸ ਦੀ ਕਿਰਨ ਨਾਲ ਜਗਮਗਾ ਗਏ।

ਮਨੁੱਖੀ ਕਦਰਾਂ–ਕੀਮਤਾਂ ਦੀ ਰਾਖੀ ਲਈ ਦਿੱਲੀ ਵਿਖੇ ਲਾਸਾਨੀ ਬਲੀਦਾਨ ਦੇਣ ਵਾਲੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਬਲੀਦਾਨ ਦੋਹਾਂ ਨੇ ਸਮਾਜ ਅੰਦਰ ਸੱਚ ਤੇ ਧਰਮ ਪ੍ਰਤੀ ਵਿਸ਼ਵਾਸ ਨੂੰ ਸਿਖ਼ਰ ਤਕ ਪਹੁੰਚਾਉਣ ਦਾ ਉਪਕਾਰ ਕੀਤਾ। ਉਨ੍ਹਾਂ ਨਿਰਣਾਇਕ ਸ਼ਬਦ ਕਹੇ ਕਿ ''ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ'' ਮਨ ਅੰਦਰ ਜਦੋਂ ਇਹ ਭਰੋਸਾ ਦ੍ਰਿੜ੍ਹ ਹੋ ਜਾਏ ਕਿ ਕੋਈ ਵਿਘਨ ਸੱਚ ਦਾ ਮਾਰਗ ਨਹੀਂ ਰੋਕ ਸਕਦਾ ਤਾਂ ਜੀਵਨ ਮਨੋਰਥ ਪ੍ਰਾਪਤ ਕਰਨਾ ਸਹਿਜ ਹੋ ਜਾਂਦਾ ਹੈ। ਧਰਮ ਧਾਰਨ ਕਰਨ ਦੀ ਸਮਰਥਾ ਆਪ ਹੀ ਪਰਪੱਕ ਹੋਣ ਲਗਦੀ ਹੈ। ਰਾਹ ਖ਼ੁਦ-ਬ-ਖ਼ੁਦ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਹੈ। ਇਹ ਅਚਰਜ ਉਦੋਂ ਵਰਤਦਾ ਹੈ ਜਦੋਂ ਮਨ ਅੰਦਰ, ''ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ£'' ਵਾਲੀ ਧਾਰਨਾ ਘਰ ਕਰ ਜਾਂਦੀ ਹੈ।

ਗੁਰੂ ਤੇਗ ਬਹਾਦਰ ਜੀ ਨੇ ਜੀਵਨ ਦ੍ਰਿਸ਼ਟੀ ਦਿੰਦਿਆਂ ਕਿਹਾ ਕਿ ਸਰਬ ਸਮਰੱਥ ਪਰਮਾਤਮਾ ਹੀ ਹਰ ਵਿਘਨ, ਹਰ ਮੁਸ਼ਕਲ ਤੋਂ ਉਭਾਰਨ ਵਾਲਾ ਹੈ ਤੇ ਸ਼ਰਣ ਆਏ ਦੀ ਬੇਨਤੀ ਪ੍ਰਵਾਨ ਕਰ ਕੇ ਦਇਆ ਕਰਨ ਵਾਲਾ ਹੈ। ਉਨ੍ਹਾਂ ਦੀ ਬਾਣੀ ਮਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਸ਼ੰਕਾ, ਦੁਵਿਧਾ ਦੀ ਗੁੰਜਾਇਸ਼ ਨਹੀਂ ਰਹਿਣ ਦਿੰਦੀ। ਗੁਰੂ ਸਾਹਿਬ ਦੇ ਬਚਨ, ''ਸਭੁ ਕਿਛੁ ਹੋਤ ਉਪਾਇ'' ਦੀ ਕੋਈ ਹੱਦ ਨਹੀਂ ਬੰਨ੍ਹੀ ਜਾ ਸਕਦੀ। ਜੋ ਧਰਮ ਤੇ ਮਨੁੱਖਤਾ ਦੇ ਹਿੱਤ ਹੈ, ਜੀਵਨ ਮਨੋਰਥ ਪ੍ਰਾਪਤ ਕਰਨ 'ਚ ਸਹਾਈ ਹੈ, ਉਹ ਹਰ ਬਖ਼ਸ਼ਿਸ਼ ਪਰਮਾਤਮਾ ਕੋਲੋਂ ਮਿਲਦੀ ਹੈ। ਇਹ ਤਾਂ ਪ੍ਰਫੁੱਲਤਾ ਪੈਦਾ ਕਰਨ ਵਾਲੀ, ਉਮੰਗ ਨੂੰ ਜਨਮ ਦੇਣ ਵਾਲੀ, ਭਾਵਨਾ ਨਾਲ ਭਰਪੂਰ ਕਰ ਦੇਣ ਵਾਲੀ ਬਾਣੀ ਹੈ। ਕਈ ਵਾਰ ਭੁਲੇਖਾ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਵੈਰਾਗਮਈ ਹੈ। ਬਾਣੀ ਅੰਦਰ ਮਨ ਟਿਕਾਇਆਂ ਹੀ ਭੁਲੇਖਾ ਟੁੱਟਦਾ ਹੈ ਤੇ ਜੀਵਨ ਆਨੰਦ ਦੇ ਦਰਸ਼ਨ ਹੁੰਦੇ ਹਨ।

ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਕਿ ਸੰਸਾਰ ਅੰਦਰ ਸੱਚ ਤੇ ਧਰਮ ਹੀ ਕਾਇਮ ਰਹਿਣ ਵਾਲਾ ਹੈ। ਉਨ੍ਹਾਂ ਬਚਨ ਕੀਤੇ ਕਿ ਸੰਸਾਰ ਅੰਦਰ ਨਾਮ ਦੇ ਤੁੱਲ ਕੁਝ ਹੋਰ ਨਹੀਂ, ''ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ।'' ਗੁਰੂ ਸਾਹਿਬ ਦੀ ਪੂਰੀ ਬਾਣੀ ਅੰਦਰ ਇਹੋ ਤੱਤ ਉੱਭਰ ਕੇ ਸਾਹਮਣੇ ਆਉਂਦਾ ਹੈ। ਨਾਮ ਨਾਲ ਜੋੜਨ ਲਈ ਗੁਰੂ ਸਾਹਿਬ ਨੇ ਨਿਰਾਲੀ ਸ਼ੈਲੀ ਅਪਣਾਈ। ਆਪ ਨੇ ਮਨੁੱਖੀ ਮਨ ਦੇ ਕੂੜ ਨੂੰ ਬਾਹਰ ਕੱਢਣ ਲਈ ਸੰਸਾਰ ਦੀ ਹਕੀਕਤ ਦਾ ਆਈਨਾ ਵਿਖਾਇਆ। ਮਨ ਅੰਦਰ ਕੂੜ ਨੂੰ ਸਾਫ਼ ਕਰ ਕੇ ਨਿਰਮਲ ਕਰਨ ਦਾ ਯਤਨ ਤੇ ਨਿਰਮਲ ਹੋਏ ਮਨ ਨੂੰ ਨਾਮ ਨਾਲ ਜੋੜਨ ਦਾ ਉੱਦਮ ਨਾਲੋ ਨਾਲ ਚੱਲਿਆ। ਸੰਸਾਰ ਦੀ ਹਕੀਕਤ ਮਨ ਨੂੰ ਡਰਾਉਣ ਲਈ ਨਹੀਂ ਪ੍ਰੇਰਿਤ ਕਰਨ ਲਈ ਪ੍ਰਗਟ ਹੋਈ।

ਗੁਰੂ ਨਾਨਕ ਸਾਹਿਬ ਦਾ ਮਨੋਰਥ ਮਨੁੱਖ ਨੂੰ ਸਦਾ ਅੰਗ-ਸੰਗ ਸਹਾਈ ਪਰਮਾਤਮਾ ਨਾਲ ਜੋੜਨਾ ਸੀ। ਇਸ ਲਈ ਉਸ ਝੂਠੇ ਭਰੋਸੇ ਤੋਂ ਉੱਭਰਨਾ ਜ਼ਰੂਰੀ ਸੀ ਜੋ ਉਸ ਨੇ ਆਪਣੇ ਪਰਿਵਾਰ, ਧਨ-ਦੌਲਤ ਬਾਰੇ ਬਣਾਇਆ ਹੋਇਆ ਸੀ। ਗੁਰੂ ਸਾਹਿਬ ਨੇ ਪਹਿਲਾਂ ਇਸ ਭਰਮ 'ਤੇ ਚੋਟ ਕੀਤੀ, ''ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨ।'' ਇਸ ਭਰਮ ਨੂੰ ਤੋੜਨ ਤੋਂ ਬਾਅਦ ਹੀ ਗੁਰੂ ਤੇਗ ਬਹਾਦਰ ਜੀ ਨੇ ਆਸ ਬੰਨ੍ਹੀ, ''ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੋ ਨਾਥ, ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ।'' ਸੰਪੂਰਣ ਗੁਰਬਾਣੀ ਦਾ ਸੁਨੇਹਾ ਹੀ ਏਕਸ ਦਾ ਹੈ। ਦੋ ਭਰੋਸੇ ਮਨ ਅੰਦਰ ਨਾਲ-ਨਾਲ ਨਹੀਂ ਟਿਕ ਸਕਦੇ। ਗੁਰੂ ਸਾਹਿਬ ਨੇ ਬਾਣੀ ਅੰਦਰ ਪੂਰਾ ਜੀਵਨ ਵਿਕਾਰਾਂ, ਮਾਇਆ, ਮੋਹ ਅੰਦਰ ਬਤੀਤ ਕਰਨ ਵਾਲੀਆਂ ਰੁਚੀਆਂ ਅੰਦਰ ਵੀ ਮੁਕਤੀ ਦੀ ਆਸ ਟੁੱਟਣ ਨਹੀਂ ਦਿੱਤੀ ਤੇ ਬਚੇ ਹੋਏ ਸਮੇਂ ਨੂੰ ਹੀ ਸੰਭਾਲ ਲੈਣ ਦੀ ਪ੍ਰੇਰਨਾ ਕੀਤੀ, ''ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ£'' ਪੂਰਾ ਜੀਵਨ ਜਿਸ ਢੰਗ ਨਾਲ ਬਤੀਤ ਹੋਇਆ ਹੋਵੇ ਤਾਂ ਉਸ ਨੂੰ ਬਦਲਣਾ ਔਖਾ ਹੁੰਦਾ ਹੈ। ਭੁੱਲ ਦਾ ਅਹਿਸਾਸ ਕਰਵਾਉਣ ਦੀ ਲੋੜ ਹੁੰਦੀ ਹੈ, ''ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ'' ਭਰਮ ਨਾਲ ਭਰੇ ਹੋਏ, ਬੁੱਧੀ ਅਤੇ ਵਿਵੇਕ ਤੋਂ ਹੀਣ ਨੂੰ ਉਸ ਦੀ ਅਵਸਥਾ ਦੇ ਸੱਚ ਬਾਰੇ ਪਤਾ ਲੱਗਣ ਤੋਂ ਬਾਅਦ ਹੀ ਉਹ ਇਸ ਅਵਸਥਾ ਤੋਂ ਬਾਹਰ ਨਿਕਲ ਸਕਦਾ ਹੈ।

ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਕਿ ਜਿਸ ਪਰਮਾਤਮਾ ਨੇ ਜੀਵ ਨੂੰ ਮਨੁੱਖੀ ਜਨਮ ਪ੍ਰਦਾਨ ਕੀਤਾ ਹੈ, ਉਸ ਪਰਮਾਤਮਾ ਨੂੰ ਵਿਸਾਰ ਦੇਣਾ ਤੇ ਬਿਪਤਾ ਆਉਣ 'ਤੇ ਭੈ ਅੰਦਰ ਵਿਚਲਿਤ ਹੋਣਾ ਮਨੁੱਖ ਦੀ ਨਾਸਮਝੀ ਹੀ ਹੈ। ਮਨੁੱਖ 'ਤੇ ਸਿੱਧਾ ਸਵਾਲ ਹੈ ਕਿ ਉਹ ਸਰਬ ਸੁੱਖਾਂ ਦੇ ਦਾਤੇ ਦਾ ਸਿਮਰਨ ਕਿਉਂ ਨਹੀਂ ਕਰ ਰਿਹਾ, ''ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ।'' ਸਚ ਸਾਹਮਣੇ ਰੱਖਣ ਤੋਂ ਅਲਾਵਾ ਪ੍ਰਸ਼ਨ ਕਰਨਾ ਵੀ ਅੰਤਰ ਚੇਤਨਾ ਨੂੰ ਜਾਗ੍ਰਿਤ ਕਰਨ ਦੀ ਅਸਰਦਾਰ ਜੁਗਤ ਹੈ, ਜੋ ਗੁਰੂ ਸਾਹਿਬ ਨੇ ਵਰਤੀ ਹੈ। ਆਪਣੀ ਬਾਣੀ ਅੰਦਰ ਗੁਰੂ ਸਾਹਿਬ ਨੇ ਧਰਮੀ ਮਨੁੱਖ ਦੇ ਲੱਛਣ ਗਿਣਾਏ। ਧਰਮੀ ਮਨੁੱਖ ਹਰ ਪ੍ਰਾਣੀ ਅੰਦਰ ਪਰਮਾਤਮਾ ਦੀ ਜੋਤ ਵੇਖਦਾ ਹੈ। ਉਹ ਸੁੱਖ–ਦੁੱਖ, ਮਾਣ–ਅਪਮਾਨ ਦਾ ਕੋਈ ਵਿਚਾਰ ਨਾ ਕਰਦਿਆਂ ਸਮ ਦ੍ਰਿਸ਼ਟੀ ਤੇ ਸਹਿਜ ਨੂੰ ਧਾਰਨ ਕਰ ਲੈਂਦਾ ਹੈ। ਮਨ ਸਾਰੇ ਵਿਕਾਰਾਂ, ਮਾਇਆ ਮੋਹ ਤੋਂ ਮੁਕਤ ਹੋ ਜਾਂਦਾ ਹੈ। ਅਜਿਹੇ ਧਰਮੀ ਪੁਰਖ ਆਪ ਵੀ ਭਵਜਲ ਤੋਂ ਪਾਰ ਹੁੰਦੇ ਹਨ ਤੇ ਸਮਾਜ ਦਾ ਵੀ ਕਲਿਆਣ ਕਰਦੇ ਹਨ, ''ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ£' ਇਕ ਧਰਮੀ ਦਾ ਇਸ ਤੋਂ ਵੱਡਾ ਮਾਣ ਹੋਰ ਕੀ ਹੋ ਸਕਦਾ ਹੈ। ਜੋ ਬਾਣੀ ਧਰਮੀ ਮਨੁੱਖ-ਗੁਰਸਿੱਖ ਲਈ ਇੰਨੀ ਸ੍ਰੇਸ਼ਟ ਤੇ ਸਨਮਾਨਯੋਗ ਭਾਵਨਾ ਪ੍ਰਗਟ ਕਰ ਰਹੀ ਹੈ, ਉਹ ਵਿਗਾਸ ਦੀ ਥਾਂ ਵੈਰਾਗ ਕਿਵੇਂ ਭਰ ਸਕਦੀ ਹੈ।

ਸੰਸਾਰ ਦਾ ਹਾਲ ਬਿਆਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਇਕ ਸੁਪਨਾ ਹੈ। ਅੱਖਾਂ ਖੁੱਲ੍ਹਦਿਆਂ ਹੀ ਜਿਸ ਦਾ ਝੂਠ ਸਾਹਮਣੇ ਆ ਜਾਂਦਾ ਹੈ। ਗੁਰੂ ਸਾਹਿਬ ਨੇ ਸੰਸਾਰ ਨੂੰ ਪਾਣੀ ਦਾ ਬੁਲਬੁਲਾ ਆਖਿਆ ਹੈ। ਉਨ੍ਹਾਂ ਦੀ ਪ੍ਰੇਰਨਾ ਨਾਸ਼ਵਾਨ ਸੰਸਾਰ ਦਾ ਮੋਹ ਤਿਆਗ ਕੇ ਅਵਿਨਾਸ਼ੀ ਪਰਮਾਤਮਾ ਵਿਚ ਲਿਵ ਲਗਾਉਣ ਦੀ ਹੈ, ''ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ£'' ਜੀਵਨ ਸੁੱਖ ਅੰਦਰ ਜਿਊਣ ਲਈ ਹੈ। ਸੁੱਖ ਪਰਮਾਤਮਾ ਦੀ ਸ਼ਰਨ 'ਚ ਹੈ। ਜੋ ਪਰਮਾਤਮਾ ਤੋਂ ਦੂਰ ਤੇ ਮਾਇਆ ਦੇ ਪਸਾਰੇ 'ਚ ਫਸਿਆ ਹੋਇਆ ਹੈ ਉਹ ਦੁੱਖ ਸਹਿ ਰਿਹਾ ਹੈ, ''ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ£'' ਮਾਇਆ, ਵਿਕਾਰਾਂ ਦੇ ਦਾਸ ਲੋਕਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਮੂਰਖ ਤੇ ਅਗਿਆਨੀ ਜਿਹੇ ਸ਼ਬਦ ਵਰਤੇ ਹਨ। ਪਰਮਾਤਮਾ ਦੀ ਭਗਤੀ 'ਚ ਰਮੇ ਹੋਏ ਮਨੁੱਖ ਨੂੰ ਬਿਨਾਂ ਕਿਸੇ ਦੁਵਿਧਾ ਪਰਮਾਤਮਾ ਦਾ ਰੂਪ ਕਿਹਾ, ''ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ£'' ਪਰਮਾਤਮਾ ਦੇ ਸਿਮਰਨ 'ਚ ਲਾਇਆ ਸਮਾਂ ਹੀ ਸਫਲ ਹੁੰਦਾ ਹੈ।

ਗੁਰੂ ਸਾਹਿਬ ਨੇ ਆਪ ਦੋ ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਬਕਾਲੇ ਅੰਦਰ ਸਿਮਰਨ ਤੇ ਭਗਤੀ 'ਚ ਗੁਜ਼ਾਰਿਆ। ਆਪ ਨੇ ਫਰਮਾਇਆ ਕਿ ਪਰਮਾਤਮਾ ਹੀ ਸੱਚਾ ਦਾਤਾ ਹੈ ਤੇ ਸਾਰਾ ਜਗਤ ਹੀ ਉਸ ਤੋਂ ਮੰਗ ਰਿਹਾ ਹੈ। ਪਰਮਾਤਮਾ ਭਗਤੀ ਲਈ ਮਨੁੱਖ ਸੁਆਨ ਦੀ ਬਿਰਤੀ ਧਾਰਨ ਕਰੇ। ਸੁਆਨ ਜਿਵੇਂ ਆਪਨੇ ਮਾਲਿਕ ਦੇ ਦਰ 'ਤੇ ਪਿਆ ਰਹਿੰਦਾ ਹੈ ਅਤੇ ਫਟਕਾਰਣ, ਦੁਤਕਾਰਨ 'ਤੇ ਵੀ ਨਹੀਂ ਟਲਦਾ। ਇਵੇਂ ਹੀ ਮਨੁੱਖ ਪਰਮਾਤਮਾ ਦੇ ਦਰ ਨਾਲ ਜੁੜ ਜਾਏ। ਗੁਰੂ ਸਾਹਿਬ ਨੇ ਸੁਚੇਤ ਵੀ ਕੀਤਾ ਕਿ ਮਨੁੱਖ ਕਦੇ ਵੀ ਆਪਣੀ ਭਗਤੀ 'ਤੇ ਮਾਣ ਨਾ ਕਰੇ। ਮਨ ਅੰਦਰ ਹੰਕਾਰ ਆਉਂਦਿਆਂ ਹੀ ਭਗਤੀ ਤੇ ਸਿਮਰਨ ਵਿਅਰਥ ਚਲਾ ਜਾਂਦਾ ਹੈ, ''ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ, ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ£'' ਹਾਥੀ ਦਾ ਸੁਭਾਅ ਹੈ ਕਿ ਉਹ ਨਦੀ ਅੰਦਰ ਇਸਨਾਨ ਕਰ ਕੇ ਬਾਹਰ ਨਿਕਲਦਾ ਹੈ ਤਾਂ ਚਿੱਕੜ ਵਿਚ ਜਾ ਬੈਠਦਾ ਹੈ। ਇਸ ਤਰ੍ਹਾਂ ਉਸ ਦਾ ਕੀਤਾ ਇਸਨਾਨ ਨਿਹਫਲ ਚਲਾ ਜਾਂਦਾ ਹੈ। ਪਰਮਾਤਮਾ ਦੀ ਭਗਤੀ ਕਰਦਿਆਂ ਮਨ ਅੰਦਰ ਪੈਦਾ ਹੋਇਆ ਹੰਕਾਰ, ਭਗਤੀ ਨਾਲ ਨਿਰਮਲ ਹੋਏ ਮਨ ਨੂੰ ਮੁੜ ਮੈਲਾ ਕਰ ਦਿੰਦਾ ਹੈ ਤੇ ਭਗਤੀ ਦਾ ਕੋਈ ਫਲ ਨਹੀਂ ਮਿਲਦਾ।

ਗੁਰੂ ਤੇਗ ਬਹਾਦਰ ਜੀ, ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਡੂੰਘੇ ਚਿੰਤਕ, ਸਹਿਜ ਸੁਭਾਅ ਦੇ ਸੁਆਮੀ ਸਨ ਤੇ ਓਨੇ ਹੀ ਅਡੋਲ, ਨਿਰਭੈ ਤੇ ਬਹਾਦਰ ਸਨ। ਧਰਮ ਲਈ ਆਪ ਦਾ ਸਮਰਪਣ ਇੰਨਾ ਗਹਿਰਾ ਸੀ ਕਿ ਪਟਨਾ ਸਾਹਿਬ ਅੰਦਰ ਪ੍ਰਕਾਸ਼ ਲੈਣ ਵਾਲੇ ਆਪਣੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਵੇਖਣ ਦਾ ਅਵਸਰ ਬਣਨ 'ਚ ਪੰਜ ਸਾਲ ਲੱਗ ਗਏ। ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਸਹਿਜ ਤੇ ਸੰਜਮ ਦੀ ਸਭ ਤੋਂ ਸੁੰਦਰ ਪਰਿਭਾਸ਼ਾ ਸੀ। ਆਪ ਨੇ ਬਚਨ ਕੀਤੇ ਕਿ ਸੰਸਾਰ ਅੰਦਰ ਕੁਝ ਵੀ ਥਿਰ ਨਹੀਂ ਹੈ। ਭਗਤੀ ਹੀ ਸਦਾ ਸਹਾਇਕ ਰਹਿਣ ਵਾਲੀ ਹੈ। ਮਨੁੱਖ ਲਈ ਜੋਗ ਇਹੀ ਹੈ ਕਿ ਉਹ ਸੰਸਾਰਕ ਮਾਇਆ ਜਾਲ ਤੋਂ ਮੁਕਤ ਹੋ ਕੇ ਪਰਮਾਤਮਾ ਦੀ ਸ਼ਰਨ ਲਵੇ। ਹਰ ਮਨੁੱਖ 'ਤੇ ਅਵਸਥਾ ਆਉਂਦੀ ਹੈ ਜਦੋਂ ਉਹ ਸਰੀਰਕ ਤੌਰ 'ਤੇ ਨਿਰਬਲ ਹੋ ਜਾਂਦਾ ਹੈ। ਅਜਿਹੀ ਅਵਸਥਾ ਆਉਂਦੀ ਵੇਖ ਵੀ ਪਰਮਾਤਮਾ ਦੀ ਭਗਤੀ ਨਾ ਕਰਨਾ ਕਿਵੇਂ ਸਿਆਣਪ ਹੈ? ਭਾਵ, ਪਰਮਾਤਮਾ ਦਾ ਸਿਮਰਨ ਹੀ ਇੱਕੋ ਇਕ ਨਿਦਾਨ ਹੈ, ''ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ£''

ਗੁਰੂ ਜੀ ਦੀ ਪਾਵਨ ਬਾਣੀ ਮਨ ਅੰਦਰ ਭਰੋਸਾ ਪੈਦਾ ਕਰਨ ਵਾਲੀ, ਅਚਿੰਤ ਕਰਨ ਵਾਲੀ, ਪਰਮਾਤਮਾ ਨਾਲ ਅਟੁੱਟ ਸਬੰਧ ਕਾਇਮ ਕਰਨ ਵਾਲੀ ਤੇ ਰੱਬੀ ਮਿਹਰ ਦਾ ਪਾਤਰ ਬਣਾਉਣ ਵਾਲੀ ਹੈ। ਬਾਣੀ ਸਲੋਕ ਮਹਲਾ-9, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ ਬਾਣੀ ਹੈ ਅਤੇ ਅੰਤ ਵਿਚ ਦਰਜ ਕੀਤੀ ਗਈ ਹੈ ਤਾਂ ਜੋ ਮਨ ਪ੍ਰੇਰਕ ਆਤਮਿਕ ਵਿਗਾਸ ਨਾਲ ਭਰ ਜਾਏ ਤੇ ਮਨੁੱਖ ਇਸ ਅਵਸਥਾ ਨੂੰ ਸਦੀਵੀ ਜੀਵਨ ਅਵਸਥਾ ਬਣਾ ਲਵੇ।

ਡਾ. ਸਤਿੰਦਰ ਪਾਲ ਸਿੰਘ

94159-60533

Posted By: Harjinder Sodhi