ਮਹਾਨ ਸੰਤ ਏਕਨਾਥ ਨੂੰ ਮਿਲਣ ਇਕ ਦਿਨ ਨਗਰ ਸੇਠ ਉਨ੍ਹਾਂ ਦੇ ਘਰ ਪੁੱਜਾ। ਸੰਤ ਨੇ ਉਸ ਦਾ ਸਵਾਗਤ ਕਰਦਿਆਂ ਆਉਣ ਦਾ ਕਾਰਨ ਪੁੱਛਿਆ। ਸੇਠ ਨੇ ਬੜੀ ਦੁਖੀ ਆਵਾਜ਼ ਦੱਸਿਆ ਕਿ ਕੁਝ ਸਮੇਂ ਤੋਂ ਉਸ ਦਾ ਵਪਾਰ ਠੱਪ ਹੁੰਦਾ ਜਾ ਰਿਹਾ ਹੈ। ਉਹ ਬਹੁਤ ਜ਼ਿਆਦਾ ਮਾਨਸਿਕ ਦਬਾਅ ਹੇਠ ਹੈ ਅਤੇ ਇਸ ਦੀ ਵਜ੍ਹਾ ਨਾਲ ਉਸ ਦੇ ਅੰਦਰ ਵਾਰ-ਵਾਰ ਖ਼ੁਦਕੁਸ਼ੀ ਕਰ ਲੈਣ ਦਾ ਵਿਚਾਰ ਪੈਦਾ ਹੋ ਰਿਹਾ ਹੈ। ਏਕਨਾਥ ਨੇ ਹਲੀਮੀ ਨਾਲ ਪੁੱਛਿਆ ਕਿ ਕੀ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਪਣੇ ਅਧੀਨ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰੇਮ ਕਰਦਾ ਹੈ। ਸੇਠ ਸੋਚ ਵਿਚ ਪੈ ਗਿਆ।

ਫਿਰ ਸਖ਼ਤ ਲਹਿਜ਼ੇ ਵਿਚ ਬੋਲਿਆ ਕਿ ਉਸ ਦੇ ਪਰਿਵਾਰਕ ਮੈਂਬਰ ਸਿਰਫ਼ ਉਸ ਦੇ ਪੈਸਿਆਂ ਨਾਲ ਪਿਆਰ ਕਰਦੇ ਹਨ। ਉਸ ਦੇ ਮੁਲਾਜ਼ਮ ਵੀ ਕੰਮ-ਚੋਰ ਅਤੇ ਝਗੜਾਲੂ ਹਨ। ਏਕਨਾਥ ਨੂੰ ਮਾਮਲਾ ਸਮਝਣ ਵਿਚ ਦੇਰ ਨਾ ਲੱਗੀ। ਉਨ੍ਹਾਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਉਹ ਅਗਲੇ ਤੀਹ ਦਿਨਾਂ ਲਈ ਆਤਮ-ਹੱਤਿਆ ਦਾ ਵਿਚਾਰ ਤਿਆਗ ਕੇ ਉਨ੍ਹਾਂ ਦੇ ਕਹੇ ਅਨੁਸਾਰ ਕੰਮ ਕਰੇ। ਪੂਰੇ ਇਕ ਮਹੀਨੇ ਬਾਅਦ ਉਹ ਸੇਠ ਸੰਤ ਦੇ ਕੋਲ ਵਾਪਸ ਆਇਆ ਤੇ ਉਨ੍ਹਾਂ ਦੇ ਚਰਨਾਂ ਵਿਚ ਡਿੱਗ ਪਿਆ।

ਉਸ ਨੇ ਆਤਮ-ਹੱਤਿਆ ਦਾ ਵਿਚਾਰ ਤਿਆਗ ਦਿੱਤਾ ਸੀ। ਉਸ ਦਾ ਵਪਾਰ ਵੀ ਚੱਲ ਪਿਆ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਤੇ ਮੁਲਾਜ਼ਮ ਵੀ ਚਮਤਕਾਰੀ ਰੂਪ ਵਿਚ ਉਸ ਨਾਲ ਸਹਿਯੋਗ ਕਰਨ ਲੱਗੇ ਸਨ। ਦਰਅਸਲ ਇਹ ਕੋਈ ਚਮਤਕਾਰ ਨਹੀਂ ਸੀ, ਇਹ ਉਸ ਤਬਦੀਲੀ ਦਾ ਸਹਿਜ ਪ੍ਰਤੀਕਰਮ ਜਿਹਾ ਹੀ ਸੀ, ਜੋ ਉਸ ਦੇ ਆਚਰਨ ਵਿਚ ਤੀਹ ਦਿਨਾਂ ਵਿਚ ਦਿਖਾਈ ਦਿੱਤਾ ਸੀ। ਜਦ ਕੋਈ ਵਿਅਕਤੀ ਸਵਾਰਥ ਵਿਚ ਅੰਨ੍ਹਾ ਹੋ ਕੇ ਸਿਰਫ਼ ਆਪਣੇ ਹਿੱਤ ਵਿਚ ਕੰਮ ਕਰਦਾ ਹੈ ਤਾਂ ਉਹ ਆਪਣੇ ਹਿੱਤ ਦਾ ਸਭ ਤੋਂ ਵੱਡਾ ਨੁਕਸਾਨ ਹੀ ਕਰ ਰਿਹਾ ਹੁੰਦਾ ਹੈ ਕਿਉਂਕਿ ਅਜਿਹਾ ਕਰ ਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਸ਼ੁਭ-ਚਿੰਤਕਾਂ ਦੇ ਸਹਿਯੋਗ ਤੋਂ ਵਾਂਝਾ ਹੋ ਜਾਂਦਾ ਹੈ।

ਕਿਸੇ ਵੱਡੀ ਮੁਸ਼ਕਲ ਦੇ ਸਾਹਮਣੇ ਆ ਜਾਣ 'ਤੇ ਉਹ ਬਿਲਕੁਲ ਬੇਸਹਾਰਾ ਤੇ ਇਕੱਲਾ ਪੈ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਕੁਝ ਮਾਮਲਿਆਂ ਵਿਚ ਆਤਮ-ਹੱਤਿਆ ਤਕ ਦੀ ਬਿਰਤੀ ਉਪਜਣ ਲੱਗਦੀ ਹੈ। ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਮਿੱਤਰਾਂ ਤੇ ਸ਼ੁਭ-ਚਿੰਤਕਾਂ ਦਾ ਸੁਰੱਖਿਆ ਚੱਕਰ ਬਣਾ ਕੇ ਰੱਖਣਾ ਚਾਹੀਦਾ ਹੈ ਪਰ ਇਸ ਦੇ ਲਈ ਸਿਰਫ਼ ਪ੍ਰਾਪਤ ਕਰਨ ਦੀ ਬਿਰਤੀ ਤੋਂ ਉੱਪਰ ਉੱਠਣਾ ਹੋਵੇਗਾ ਤੇ ਦੇਣ ਦੀ ਬਿਰਤੀ ਵੀ ਵਿਕਸਤ ਕਰਨੀ ਹੋਵੇਗੀ।


-ਚੰਦਨ ਕਰਨ।

Posted By: Sunil Thapa