ਗੁਰੂ ਹਰਿਗੋਬਿੰਦ ਸਾਹਿਬ ਨੇ 1630 ਈਸਵੀ ਤਕ ਅੰਮ੍ਰਿਤਸਰ ਵਿਖੇ ਪਰਿਵਾਰ ਸਮੇਤ ਨਿਵਾਸ ਕੀਤਾ। ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਗੁਰੂ ਨਾਨਕ ਦੀ ਪੰਥਕ ਫੁਲਵਾੜੀ ਦੀ ਰਾਖੀ ਵੀ ਕਰਦੇ ਰਹੇ ਤੇ ਸੰਗਤਾਂ 'ਚ ਇਸ ਦੀ ਮਹਿਕ ਵੰਡ ਕੇ ਨਿਹਾਲ ਵੀ ਕਰਦੇ ਰਹੇ। ਜਬਰ ਜ਼ੁਲਮ ਖ਼ਿਲਾਫ਼ ਤਿੰਨ ਜੰਗਾਂ ਜਿੱਤਣ ਉਪਰੰਤ ਛੇਵੇਂ ਪਾਤਸ਼ਾਹ ਕਰਤਾਰਪੁਰ (ਜਲੰਧਰ) ਜਾ ਬਿਰਾਜੇ। 1634 'ਚ ਗੁਰੂ ਸਾਹਿਬ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਚਲੇ ਗਏ ਪ੍ਰੰਤੂ ਛੋਟੇ ਸਪੁੱਤਰ (ਗੁਰੂ) ਤੇਗ ਬਹਾਦਰ ਜੀ ਨੂੰ ਉਨ੍ਹਾਂ ਦੀ ਮਾਤਾ ਨਾਨਕੀ ਸਮੇਤ ਪਿੰਡ ਬਕਾਲੇ ਭੇਜ ਦਿੱਤਾ। ਬਕਾਲਾ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਹੈ। ਜਿੱਥੇ ਗੁਰੂ ਸਾਹਿਬ ਨਿਵਾਸ ਕਰਦੇ ਸਨ, ਉਸ ਅਸਥਾਨ ਦਾ ਨਾਂ 'ਭੋਰਾ ਸਾਹਿਬ' ਹੈ।

1664 'ਚ ਗੁਰੂ ਹਰਿਕ੍ਰਿਸ਼ਨ ਜੀ ਔਰੰਗਜ਼ੇਬ ਦੇ ਸੱਦੇ 'ਤੇ ਦਿੱਲੀ ਵਿਖੇ ਮਿਰਜ਼ਾ ਜੈ ਸਿੰਘ ਦੇ ਬਣਵਾਏ ਬੰਗਲੇ 'ਚ ਠਹਿਰੇ ਸਨ। ਦਿੱਲੀ 'ਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਜੀ ਰੋਗੀਆਂ ਦੀ ਮਦਦ ਲਈ ਖ਼ੁਦ ਉਨ੍ਹਾਂ ਕੋਲ ਪਹੁੰਚਦੇ। ਉਸ ਸਮੇਂ ਗੁਰੂ ਜੀ ਦੀ ਉਮਰ 8 ਸਾਲ ਤੋਂ ਵੀ ਘੱਟ ਸੀ। ਬਿਮਾਰਾਂ ਦੀ ਸੇਵਾ ਕਰਦਿਆਂ ਆਪ ਨੂੰ ਵੀ ਚੇਚਕ ਦੀ ਲਾਗ ਲੱਗ ਗਈ। ਸਰੀਰਕ ਕਮਜ਼ੋਰੀ ਬਹੁਤ ਹੋ ਗਈ ਸੀ। ਧੀਮੀ ਆਵਾਜ਼ 'ਚ ਆਪ ਨੇ ਅਗਲੇ ਗੁਰੂ ਸਾਹਿਬ ਬਾਰੇ ਸੰਗਤਾਂ ਨੂੰ ਦੱਸਿਆ। ਸੰਗਤਾਂ ਕੇਵਲ 'ਬਾਬਾ' ਤੇ 'ਬਕਾਲੇ' ਸ਼ਬਦਾਂ ਨੂੰ ਹੀ ਸਮਝ ਸਕੀਆਂ। 30 ਮਾਰਚ 1664 ਨੂੰ ਗੁਰੂ ਹਰਿਕ੍ਰਿਸ਼ਨ ਜੀ ਦੀ ਆਤਮਿਕ ਜੋਤ ਪਰਮਜੋਤ 'ਚ ਸਮਾ ਗਈ। ਨੌਵੇਂ ਗੁਰੂ ਸਾਹਿਬ ਬਾਰੇ ਸਪਸ਼ਟ ਖ਼ੁਲਾਸਾ ਨਾ ਹੋਣ ਕਾਰਨ ਗੁਰਗੱਦੀ ਦੇ ਲਾਲਚੀਆਂ ਨੂੰ ਚਾਲਾਂ ਚੱਲਣ ਦਾ ਮੌਕਾ ਮਿਲ ਗਿਆ। 22 ਸੋਢੀਆਂ ਨੇ ਬਕਾਲਾ ਵਿਖੇ ਆਪਣੇ ਆਪ ਨੂੰ ਗੁਰੂ ਸਿੱਧ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਇਨ੍ਹਾਂ ਸਾਰਿਆਂ 'ਚ ਪ੍ਰਮੁੱਖ ਧੀਰ ਮੱਲ ਸੀ, ਜਿਸ ਕੋਲ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਤੇ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਆਦਿ ਬੀੜ ਸੀ।

ਦਵੰਦ ਭਰੇ ਇਸ ਮਾਹੌਲ 'ਚ ਜ਼ਿਲ੍ਹਾ ਜ਼ੇਹਲਮ ਦੇ ਨਗਰ ਟਾਂਡਾ ਦਾ ਵਸਨੀਕ ਵਪਾਰੀ ਭਾਈ ਮੱਖਣ ਸ਼ਾਹ ਲੁਬਾਣਾ ਗੁਰੂ ਚਰਨਾਂ 'ਚ ਆਪਣੀ ਕਮਾਈ ਵਿੱਚੋਂ 500 ਮੋਹਰਾਂ ਦਸਵੰਧ ਵਜੋਂ ਭੇਟ ਕਰਨ ਲਈ ਬਕਾਲੇ ਆਇਆ। ਗੁਰਗੱਦੀ ਦੇ 22 ਦਾਅਵੇਦਾਰ ਵੇਖ ਕੇ ਉਹ ਹੈਰਾਨ ਤੇ ਦਿਲਗੀਰ ਹੋ ਗਿਆ। ਉਹ ਹਰ ਦਾਅਵੇਦਾਰ ਗੁਰੂ ਦੇ ਸਨਮੁੱਖ ਹਾਜ਼ਰ ਹੋਇਆ। ਹਰੇਕ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਕੋਈ ਵੀ ਉਸ ਦੀ ਸ਼ਰਧਾ ਭਾਵਨਾ ਨੂੰ ਸਮਝ ਨਾ ਸਕਿਆ ਤੇ ਗੁਰੂ ਦੀ ਭਾਲ ਕਿਸੇ ਤਣ-ਪੱਤਣ ਨਾ ਲੱਗੀ। ਜਦੋਂ ਸੂਰਜ ਸਿਰ 'ਤੇ ਆ ਗਿਆ ਤਾਂ ਸਾਥੀਆਂ ਸਮੇਤ ਉਹ (ਗੁਰੂ) ਤੇਗ ਬਹਾਦਰ ਜੀ ਦੇ ਦਰ 'ਤੇ ਪੁੱਜਾ। ਗੁਰੂ ਜੀ ਸ਼ਾਂਤ-ਚਿੱਤ ਨਾਮ-ਸਿਮਰਨ 'ਚ ਲੀਨ ਸਨ। ਮੱਖਣ ਸ਼ਾਹ ਲੁਬਾਣਾ ਨੇ ਜਦੋਂ ਉਨ੍ਹਾਂ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਸ ਨੂੰ ਦਸਵੰਧ ਦੀ ਮਿੱਥੀ ਹੋਈ ਮਾਇਆ ਦਾ ਚੇਤਾ ਕਰਵਾਇਆ ਤਾਂ ਉਸ ਦੀ ਭਾਲ ਪੂਰੀ ਹੋ ਗਈ। ਮੱਖਣ ਸ਼ਾਹ ਨੇ ਖ਼ੁਸ਼ੀ ਵਿਚ ਕੋਠੇ 'ਤੇ ਚੜ੍ਹ ਕੇ ਢੰਡੋਰਾ ਦੇ ਦਿੱਤਾ,''ਗੁਰੂ ਲਾਧੋ ਰੇ... ਗੁਰੂ ਲਾਧੋ ਰੇ।' ਉਸ ਦੀ ਆਵਾਜ਼ ਸੁਣ ਕੇ ਸਿੱਖ ਸ਼ਰਧਾਲੂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਹਾਜ਼ਰ ਹੋ ਗਏ। ਸੰਗਤ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆ। ਇਹ ਅਸਥਾਨ 'ਦਰਬਾਰ ਸਾਹਿਬ' ਕਰਕੇ ਪ੍ਰਸਿੱਧ ਹੈ। ਉਸ ਭਾਗਾਂ ਭਰੇ ਦਿਨ ਸਾਵਣ ਮਹੀਨੇ ਦੀ ਪੂਰਨਮਾਸ਼ੀ ਸੀ।

ਗੁਰਗੱਦੀ ਦੇ ਬਾਕੀ ਦਾਅਵੇਦਾਰ ਬਕਾਲਾ ਛੱਡ ਕੇ ਚਲੇ ਗਏ ਪ੍ਰੰਤੂ ਧੀਰ ਮੱਲ ਤੇ ਉਸ ਦੇ ਮਸੰਦਾਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ 'ਤੇ ਸੁਸ਼ੋਭਿਤ ਹੋਣਾ ਬਰਦਾਸ਼ਤ ਨਾ ਹੋਇਆ। ਧੀਰ ਮੱਲ ਦੇ ਮਸੰਦ ਸ਼ੀਹੇਂ ਨੇ ਗੁਰੂ ਮਹਾਰਾਜ ਉੱਪਰ ਗੋਲ਼ੀ ਚਲਾ ਦਿੱਤੀ ਪਰ ਨਿਸ਼ਾਨਾ ਖੁੰਝ ਗਿਆ। ਧੀਰ ਮੱਲ ਨੇ ਗੁਰੂ ਸਾਹਿਬ ਉੱਪਰ ਜਿੱਥੇ ਗੋਲ਼ੀ ਚਲਵਾਈ ਸੀ, ਉਸ ਅਸਥਾਨ ਦਾ ਨਾਂ 'ਮੰਜੀ ਸਾਹਿਬ' ਹੈ। ਸ਼ੀਹਾਂ ਗੁਰੂ ਘਰ ਦਾ ਸਮਾਨ ਤੇ ਪੈਸੇ-ਟਕੇ ਲੁੱਟ ਕੇ ਕਰਤਾਰਪੁਰ ਚਲਾ ਗਿਆ। ਇਹ ਮਾਲ-ਧਨ ਮੱਖਣ ਸ਼ਾਹ ਲੁਬਾਣਾ ਨੇ 'ਆਦਿ ਬੀੜ' ਸਮੇਤ ਧੀਰ ਮੱਲ ਤੇ ਉਸ ਦੇ ਮਸੰਦਾਂ ਪਾਸੋਂ ਖੋਹ ਲਏ ਪਰ ਦਿਆਲੂ ਸਤਿਗੁਰਾਂ ਨੇ ਸਾਰਾ ਮਾਲ-ਧਨ ਤੇ 'ਆਦਿ ਬੀੜ' ਧੀਰ ਮੱਲ ਕੋਲ ਭਿਜਵਾ ਦਿੱਤੀ।

ਸਾਵਣ ਦੀ ਪੂਰਨਮਾਸ਼ੀ ਵਾਲੇ ਦਿਨ ਭੈਣ-ਭਰਾ ਇਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ, ਕਿਉਂਕਿ ਇਸ ਦਿਨ ਰੱਖੜੀ ਦਾ ਤਿਉਹਾਰ ਹੁੰਦਾ ਹੈ। 'ਗੁਰੂ ਲਾਧੋ ਰੇ' ਦੇ ਇਸ ਇਤਿਹਾਸਕ ਦਿਵਸ ਨੂੰ ਸਮਰਪਿਤ ਗੁਰਪੁਰਬ ਮਨਾਉਣ ਲਈ ਸੰਗਤਾਂ ਹਰ ਸਾਲ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਚਰਨਾਂ 'ਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਨਾਲ ਨਿਹਾਲ ਹੁੰਦੀਆਂ ਹਨ।

- ਪ੍ਰਿੰ. ਕੁਲਵੰਤ ਸਿੰਘ ਅਣਖੀ

98158-40755

Posted By: Harjinder Sodhi