ਹਿਮਾਚਲ ਪ੍ਰਦੇਸ਼ ਦੇ ਪਿੰਡ ਚਕਮੋਹ ਸਥਿਤ ਦਿਓਟਸਿੱਧ ਪਰਬਤ ਦੀ ਗੁਫ਼ਾ 'ਚ ਵਾਸ ਕਰਨ ਵਾਲੇ ਸਿੱਧ ਬਾਬਾ ਬਾਲਕ ਨਾਥ ਦੇ ਧਾਮ 'ਤੇ ਹਮੇਸ਼ਾ ਸ਼ਰਧਾਲੂਆਂ ਦੀ ਆਮਦ ਰਹਿੰਦੀ ਹੈ ਪਰ ਚੇਤ ਦੇ ਚਾਲਿਆਂ 'ਚ ਸ਼ਰਧਾਲੂਆਂ ਅੰਦਰ ਇਕ ਅਲੱਗ ਹੀ ਜੋਸ਼ ਹੁੰਦਾ ਹੈ। ਦਿਓਟਸਿੱਧ ਗੁਫ਼ਾ ਤੋਂ 6 ਕਿਲੋਮੀਟਰ ਦੂਰ ਸ਼ਾਹਤਲਾਈ ਵਿਖੇ ਵੀ ਬਾਬਾ ਜੀ ਦਾ ਮੰਦਰ ਹੈ। ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਜੀ ਗਊਆਂ ਚਰਾਇਆ ਕਰਦੇ ਸਨ ਤੇ ਉਨ੍ਹਾਂ ਨੇ 12 ਸਾਲਾਂ ਦੀਆਂ ਰੋਟੀਆਂ ਤੇ ਲੱਸੀ ਵਿਖਾਈ ਸੀ। ਸ਼ਰਧਾਲੂ ਉਨ੍ਹਾਂ ਨੂੰ ਆਟਾ, ਗੁੜ ਤੇ ਮਿੱਠੇ ਰੋਟ ਦਾ ਭੋਗ ਲਗਾਉਂਦੇ ਹਨ। 'ਰੋਟ' ਪ੍ਰਸ਼ਾਦ ਪਿੱਛੇ ਸਿੱਧ ਜੋਗੀ ਦਾ ਸੁਨੇਹਾ ਹੈ ਕਿ ਸ਼ਰਧਾਲੂ ਆਪਣੇ ਸੁਭਾਅ ਨੂੰ ਆਟੇ ਵਰਗਾ ਨਰਮ, ਬੋਲੀ ਨੂੰ ਗੁੜ ਜਿਹਾ ਮਿੱਠਾ, ਜ਼ਮੀਰ ਨੂੰ ਦੁੱਧ ਵਰਗਾ ਸ਼ੁੱਧ ਬਣਾਉਣ। ਦਰਬਾਰ 'ਚ ਬੱਕਰੇ ਵੀ ਚੜ੍ਹਾਏ ਜਾਂਦੇ ਹਨ ਪਰ ਇਨ੍ਹਾਂ ਦੀ ਬਲੀ ਨਹੀਂ ਦਿੱਤੀ ਜਾਂਦੀ ਤੇ ਉਨ੍ਹਾਂ ਨੂੰ ਪਾਲ-ਪੋਸ ਕੇ ਜੰਗਲ 'ਚ ਛੱਡ ਦਿੱਤਾ ਜਾਂਦਾ ਹੈ।

ਮਾਨਤਾ ਹੈ ਕਿ ਬਾਬਾ ਜੀ ਦਾ ਜਨਮ ਚਾਰੇ ਯੁਗਾਂ ਵਿਚ ਹੋਇਆ ਤੇ ਹਰ ਵਾਰ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਗਿਆ। ਬਾਬਾ ਜੀ ਨੇ ਸਤਯੁੱਗ 'ਚ 'ਸਕੰਧ', ਤ੍ਰੇਤਾ 'ਚ 'ਕੌਲ' ਤੇ ਦਵਾਪਰ ਯੁੱਗ 'ਚ 'ਮਹਾਕੌਲ' ਦੇ ਰੂਪ 'ਚ ਜਨਮ ਲਿਆ। ਕਲਯੁੱਗ 'ਚ ਬਾਬਾ ਜੀ ਦਾ ਜਨਮ ਵਿਸ਼ਨੂੰਵੇਸ ਤੇ ਲੱਛਮੀ ਜੀ ਦੇ ਘਰ ਕਾਠੀਆਵਾੜ, ਜ਼ਿਲ੍ਹਾ ਗੁਜਰਾਤ ਵਿਖੇ ਹੋਇਆ। ਬਾਬਾ ਜੀ ਦਾ ਧਿਆਨ ਬਚਪਨ ਤੋਂ ਹੀ ਪਰਮਾਤਮਾ ਵੱਲ ਸੀ ਪਰ ਉਨ੍ਹਾਂ ਦੇ ਮਾਤਾ-ਪਿਤਾ ਦੀ ਇੱਛਾ ਸੀ ਕਿ ਉਹ ਵਿਆਹ ਕਰਵਾ ਕੇ ਗ੍ਰਹਿਸਥ ਜੀਵਨ ਬਿਤਾਉਣ। ਬਾਬਾ ਜੀ ਨੇ 12 ਸਾਲ ਦੀ ਉਮਰ 'ਚ ਘਰ ਛੱਡ ਦਿੱਤਾ ਤੇ ਗੁਰੂ ਦੀ ਭਾਲ 'ਚ ਤੁਰ ਪਏ। ਲੋਕਾਂ ਦੇ ਦੁੱਖ ਦਰਦ ਵੇਖ ਕੇ ਉਨ੍ਹਾਂ ਦਾ ਦਿਲ ਪਸੀਜ ਗਿਆ ਤੇ ਉਹ ਜੂਨਾਗੜ੍ਹ ਵਿਖੇ ਗੁਰੂ ਦੱਤਾਤ੍ਰੇਯ ਦੇ ਅਖਾੜੇ ਜਾ ਪੁੱਜੇ। ਉਨ੍ਹਾਂ ਗੁਰੂ ਦੱਤਾਤ੍ਰੇਯ ਨੂੰ ਬੇਨਤੀ ਕੀਤੀ ਕਿ ਉਹ ਲੋਕਾਂ ਦੇ ਦੁੱਖ-ਤਕਲੀਫ਼ਾਂ ਦਾ ਹੱਲ ਦੱਸਣ। ਗੁਰੂ ਨੇ ਬਾਬਾ ਜੀ ਨੂੰ ਸਮਝਾਇਆ ਕਿ ਲੋਕਾਂ ਨੂੰ ਦਾਤਾਂ ਵੰਡਣ ਲਈ ਤੈਨੂੰ ਆਪਣੇ ਹਿੱਸੇ ਦੀਆਂ ਦਾਤਾਂ ਤੇ ਆਰਾਮ ਛੱਡਣਾ ਪਵੇਗਾ। ਬਾਬਾ ਜੀ ਇਸ ਲਈ ਤਿਆਰ ਹੋ ਗਏ ਤਾਂ ਗੁਰੂ ਨੇ ਬਾਬਾ ਜੀ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਤਨ 'ਤੇ ਕਪੜਾ ਨਾ ਪਾਵੀਂ, ਰੋਟੀ ਨਾ ਖਾਵੀਂ, ਮਕਾਨ 'ਚ ਨਾ ਰਹੀਂ, ਕਿਸੇ ਰਿਸ਼ਤੇ ਦਾ ਅਨੰਦ ਨਾ ਮਾਣੀਂ ਤੇ ਆਪਣੇ ਹਿੱਸੇ ਦੀਆਂ ਸਾਰੀਆਂ ਸੁੱਖ ਸਹੂਲਤਾਂ ਬਚਾ ਲਈਂ। ਉਨ੍ਹਾਂ ਨੇ ਬਾਬਾ ਜੀ ਨੂੰ ਝੋਲੀ, ਚਿਮਟਾ, ਵੈਰਾਗਣ, ਸਿੰਗੀ ਤੇ ਖੜਾਵਾਂ ਦਿੱਤੀਆਂ। ਹੌਲੀ-ਹੌਲੀ ਬਾਬਾ ਜੀ ਗੁਰੂ ਜੀ ਦੇ ਸਭ ਤੋਂ ਪਿਆਰੇ ਚੇਲੇ ਬਣ ਗਏ।

ਇਕ ਦਿਨ ਗੁਰੂ ਜੀ ਦੇ ਅਖਾੜੇ 'ਤੇ ਇਕ ਔਰਤ ਆਈ ਤੇ ਕਿਹਾ ਕਿ ਉਸ ਦੇ ਬੱਚੇ ਨੂੰ ਰਾਖਸ਼ ਫੜ ਕੇ ਲੈ ਗਿਆ ਹੈ। ਗੁਰੂ ਜੀ ਨੇ ਆਪਣੇ 5 ਚੇਲਿਆਂ ਨੂੰ ਮਾਈ ਦੇ ਬੱਚੇ ਨੂੰ ਲੱਭਣ ਲਈ ਭੇਜਿਆ ਪਰ ਕੁੱਝ ਹੱਥ ਨਾ ਲੱਗਾ। ਫਿਰ ਗੁਰੂ ਜੀ ਨੇ ਬਾਬਾ ਜੀ ਨੂੰ ਅਸ਼ੀਰਵਾਦ ਦੇ ਕੇ ਤੋਰਿਆ। ਬਾਬਾ ਜੀ ਨੇ ਜੰਗਲ ਵਿਚ ਸਾਧੂ ਦੇ ਰੂਪ 'ਚ ਬੈਠੇ ਰਾਖਸ਼ ਨੂੰ ਲੱਭ ਲਿਆ। ਬਾਬਾ ਜੀ ਨੇ ਉਸ ਕੋਲੋਂ ਬੱਚੇ ਦੀ ਮੰਗ ਕੀਤੀ ਪਰ ਉਹ ਟਾਲ-ਮਟੋਲ ਕਰਦਾ ਰਿਹਾ। ਜਦ ਬਾਬਾ ਜੀ ਨੇ ਸ਼ਕਤੀ ਵਿਖਾਈ ਤਾਂ ਉਹ ਅਸਲੀ ਰੂਪ 'ਚ ਆ ਗਿਆ। ਬਾਬਾ ਜੀ ਨੇ ਚਿਮਟੇ ਨਾਲ ਰਾਖਸ਼ ਦੇ ਪੇਟ 'ਚੋਂ ਮਰਿਆ ਹੋਇਆ ਬੱਚਾ ਕੱਢਿਆ ਤੇ ਉਸ ਨੂੰ ਮੁੜ ਜ਼ਿੰਦਾ ਕਰ ਦਿੱਤਾ। ਜਦ ਬਾਬਾ ਜੀ ਨੇ ਬੱਚਾ ਲਿਜਾ ਕੇ ਮਾਈ ਨੂੰ ਦਿੱਤਾ ਤਾਂ ਗੁਰੂ ਦੱਤਾਤ੍ਰੇਯ ਬਹੁਤ ਖ਼ੁਸ਼ ਹੋਏ ਤੇ ਬਾਬਾ ਜੀ ਨੂੰ ਕਿਹਾ ਕਿ ਤੂੰ ਹੁਣ ਬਾਲਕ ਤੋਂ ਬਾਲਕ ਨਾਥ ਹੋ ਗਿਆ ਹੈਂ। ਉਨ੍ਹਾਂ ਨੇ ਬਾਬਾ ਜੀ ਨੂੰ ਕਿਹਾ ਕਿ ਉਹ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸ਼ਾਹ ਤਲਾਈਆਂ ਜਾਣ ਤੇ ਉੱਥੇ ਆਪਣੇ ਕੌਤਕ ਦਿਖਾਉਣ। ਗੁਰੂ ਦਾ ਹੁਕਮ ਪਾ ਕੇ ਬਾਬਾ ਜੀ ਵੱਖ-ਵੱਖ ਧਾਰਮਿਕ ਥਾਵਾਂ 'ਤੇ ਗਏ। ਇਸ ਦੌਰਾਨ ਬਾਬਾ ਜੀ ਪੰਜਾਬ ਦੇ ਸ਼ਹਿਰ ਜਲੰਧਰ ਵਿਚ ਵੀ ਆਏ ਤੇ ਧੂਣਾ ਤਪਾਇਆ। ਇਥੇ ਦਿਲਬਾਗ ਨਗਰ ਵਿਚ ਬਾਬਾ ਜੀ ਦੀ ਆਮਦ ਦੀ ਯਾਦ 'ਚ ਮੰਦਰ ਸੁਸ਼ੋਭਿਤ ਹੈ। ਵੱਖ-ਵੱਖ ਥਾਵਾਂ 'ਤੇ ਧਰਮ ਪ੍ਰਚਾਰ ਕਰਦੇ ਹੋਏ ਬਾਬਾ ਜੀ ਸ਼ਾਹਤਲਾਈਆਂ ਪਹੁੰਚੇ ਤੇ ਘਰ-ਘਰ ਹੁੰਦੇ ਹੋਏ ਮਾਈ ਰਤਨੋ ਦੇ ਘਰ ਪੁੱਜੇ ਤੇ ਅਲਖ ਜਗਾਈ। ਮਾਈ ਰਤਨੋ ਇਸ ਨੂਰਾਨੀ ਬਾਲਕ ਨੂੰ ਖੈਰ ਦੇਣ ਲਈ ਆਟਾ ਲੈ ਆਈ। ਬਾਬਾ ਜੀ ਨੇ ਜਵਾਬ ਦਿੱਤਾ ਕਿ ਮਾਈ! ਮੈਂ ਖੈਰ ਲੈਣ ਵਾਲਾ ਸਾਧੂ ਨਹੀਂ, ਮੈਂ ਤਾਂ ਤੇਰੀ ਚਾਕਰੀ ਕਰਨ ਆਇਆ ਹਾਂ ਤੇ ਅੱਜ ਤੋਂ ਤੇਰੀਆਂ ਗਊਆਂ ਚਰਾਵਾਂਗਾ।

ਜ਼ਿਕਰਯੋਗ ਹੈ ਕਿ ਦਵਾਪਰ ਵਿਚ ਜਦ ਬਾਬਾ ਜੀ 'ਮਹਾਕੌਲ' ਦੇ ਰੂਪ 'ਚ ਸਨ ਤਾਂ ਉਸ ਜਨਮ 'ਚ ਰਤਨੋਂ ਮਾਈ ਧਰਮੋਂ ਦੇ ਨਾਂ ਨਾਲ ਜਾਣੀ ਜਾਂਦੀ ਸੀ। ਮਹਾਕੌਲ ਸ਼ਿਵ ਦੇ ਦਰਸ਼ਨਾਂ ਲਈ ਕੈਲਾਸ਼ ਪਰਬਤ 'ਤੇ ਸਨ ਤਾਂ ਮਾਈ ਧਰਮੋਂ ਨੇ ਹੀ ਉਨ੍ਹਾਂ ਨੂੰ ਭਗਵਾਨ ਸ਼ਿਵ ਨੂੰ ਮਿਲਣ ਦਾ ਤਰੀਕਾ ਦੱਸਿਆ ਸੀ। ਇਸੇ ਦੌਰਾਨ ਮਾਈ ਧਰਮੋਂ ਦੇ ਘਰ ਮਹਾਕੌਲ ਨੇ 12 ਘੜੀਆਂ ਬਿਤਾਈਆਂ ਸਨ। ਉਸ ਤੋਂ ਬਾਅਦ ਉਹ ਮਾਨਸਰੋਵਰ ਵਿਖੇ ਮਾਂ ਪਾਰਵਤੀ ਨੂੰ ਮਿਲੇ ਤੇ ਮਾਂ ਪਾਰਵਤੀ ਨੂੰ ਮਹਾਕੌਲ ਨੂੰ 12 ਸਾਲ ਦਾ ਬਾਲਕ ਬਣਾ ਦਿੱਤਾ ਤੇ ਭਗਵਾਨ ਸ਼ਿਵ ਕੋਲ ਲੈ ਗਏ। ਮਾਂ ਪਾਰਵਤੀ ਨੇ ਉਨ੍ਹਾਂ ਨੂੰ ਬਾਲ ਰੂਪ ਬਖ਼ਸ਼ਿਆ ਸੀ, ਇਸ ਲਈ ਭਗਵਾਨ ਸ਼ਿਵ ਨੇ ਬਾਬਾ ਜੀ ਨੂੰ ਇਸੇ ਰੂਪ 'ਚ ਰਹਿਣ ਦਾ ਵਰ ਦਿੱਤਾ। ਭਗਵਾਨ ਸ਼ਿਵ ਨੇ ਮਾਈ ਧਰਮੋਂ ਨੂੰ ਕਿਹਾ ਕਿ ਕਲਯੁੱਗ 'ਚ ਜਦ ਇਹ ਸਾਧੂ ਜਨਮ ਲਵੇਗਾ ਤਾਂ ਉਹ ਇਨ੍ਹਾਂ 12 ਘੜੀਆਂ ਦੇ ਬਦਲੇ 12 ਸਾਲ ਤੇਰੀ

ਚਾਕਰੀ ਕਰੇਗਾ।

ਬਾਬਾ ਜੀ ਨੇ ਮਾਈ ਰਤਨੋਂ ਦੀ ਚਾਕਰੀ ਕਰਨ ਲੱਗੇ। ਉਹ ਸਵੇਰੇ ਗਊਆਂ ਲੈ ਜਾਂਦੇ ਅਤੇ ਬਨਖੰਡੀ ਵਿਚ ਚਰਨ ਲਈ ਛੱਡ ਦਿੰਦੇ ਤੇ ਆਪ ਧੂਣਾ ਤਪਾ ਕੇ ਭਗਤੀ 'ਚ ਲੀਨ ਹੋ ਜਾਂਦੇ। ਮਾਈ ਰਤਨੋਂ ਦੁਪਹਿਰ ਨੂੰ ਬਾਬਾ ਜੀ ਲਈ ਰੋਟੀਆਂ ਤੇ ਲੱਸੀ ਲੈ ਕੇ ਆਈ। ਬਾਬਾ ਜੀ ਇਕ ਰੁੱਖ ਹੇਠ ਧਿਆਨ ਲਗਾ ਕੇ ਬੈਠੇ ਸਨ। ਰਤਨੋਂ ਬਾਬਾ ਜੀ ਦੇ ਕੋਲ ਬੈਠ ਗਈ ਤੇ ਜਦ ਬਾਬਾ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਨੂੰ ਰੋਟੀ ਤੇ ਲੱਸੀ ਪੀਣ ਲਈ ਦਿੱਤੀ। ਬਾਬਾ ਜੀ ਨੇ ਇਹ ਰੋਟੀਆਂ ਤੇ ਲੱਸੀ ਉੱਥੇ ਹੀ ਰੱਖ ਦੇਣ ਲਈ ਕਿਹਾ ਤੇ ਤਾਕੀਦ ਕੀਤੀ ਕਿ ਅੱਗੇ ਤੋਂ ਤੁਸੀਂ ਮੇਰੀ ਉਡੀਕ ਨਾ ਕਰਿਆ ਕਰੋ ਤੇ ਰੋਟੀ-ਲੱਸੀ ਮੇਰੇ ਕੋਲ ਰੱਖ ਕੇ ਮੁੜ ਜਾਇਆ ਕਰੋ। ਸ਼ਾਮ ਨੂੰ ਬਾਬਾ ਜੀ ਗਊਆਂ ਚਰਾ ਕੇ ਵਾਪਸ ਛੱਡ ਜਾਂਦੇ। ਕਈ ਸਾਲਾਂ ਤਕ ਅਜਿਹਾ ਹੀ ਚਲਦਾ ਰਿਹਾ। 12 ਸਾਲ ਬੀਤ ਗਏ।

ਇਕ ਦਿਨ ਬਾਬਾ ਜੀ ਗਊਆਂ ਨੂੰ ਚਰਨ ਲਈ ਛੱਡ ਕੇ ਧਿਆਨ ਲਗਾ ਕੇ ਬੈਠ ਗਏ। ਬਾਬਾ ਜੀ ਭਗਤੀ 'ਚ ਲੀਨ ਸਨ ਤੇ ਗਊਆਂ ਜ਼ਮੀਂਦਾਰਾਂ ਦੇ ਖੇਤਾਂ 'ਚ ਵੜ ਗਈਆਂ ਤੇ ਖੇਤ ਉਜਾੜ ਦਿੱਤੇ। ਜ਼ਮੀਂਦਾਰ ਗੁੱਸੇ ਵਿਚ ਆ ਗਏ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਗਊਆਂ ਨੂੰ ਬੜਸਰ ਥਾਣੇ 'ਚ ਬੰਨ੍ਹ ਦਿੱਤਾ ਗਿਆ ਤੇ ਜ਼ਮੀਂਦਾਰਾਂ ਨੂੰ ਨਾਲ ਲੈ ਕੇ ਮਾਈ ਰਤਨੋ ਦੇ ਘਰ ਗਏ ਤੇ ਧਮਕੀ ਦਿੱਤੀ ਕਿ ਉਹ ਆਪਣੇ ਨੁਕਸਾਨ ਦੇ ਮੁਆਵਜ਼ੇ ਲਈ ਉਸ ਦੇ ਘਰ ਦੀ ਨਿਲਾਮੀ ਕਰਵਾ ਦੇਣਗੇ। ਮਾਈ ਰਤਨੋ ਉਨ੍ਹਾਂ ਦੀਆਂ ਗਲਾਂ ਸੁਣ ਕੇ ਗੁੱਸੇ 'ਚ ਆ ਗਈ ਤੇ ਜ਼ਮੀਂਦਾਰਾਂ ਸਮੇਤ ਬਾਬਾ ਜੀ ਕੋਲ ਪੁੱਜੀ। ਬਾਬਾ ਜੀ ਭਗਤੀ 'ਚ ਲੀਨ ਸਨ। ਮਾਈ ਰਤਨੋ ਗੁੱਸੇ 'ਚ ਬਾਬਾ ਜੀ ਨੂੰ ਬੁਰਾ-ਭਲਾ ਕਹਿਣ ਲੱਗੀ। ਬਾਬਾ ਜੀ ਨੇ ਕਿਹਾ ਕਿ ਜ਼ਮੀਂਦਾਰ ਝੂਠ ਬੋਲ ਰਹੇ ਹਨ। ਉਨ੍ਹਾਂ ਦੇ ਖੇਤ ਹਰੇ-ਭਰੇ ਹਨ। ਜ਼ਮੀਂਦਾਰ ਆਪਣੇ ਖੇਤਾਂ ਵੱਲ ਨੂੰ ਚਲੇ ਗਏ ਅਤੇ ਮਾਈ ਰਤਨੋ ਬਾਬਾ ਜੀ ਨੂੰ ਬੁਰਾ-ਭਲਾ ਕਹਿੰਦੀ ਰਹੀ ਤੇ ਕਿਹਾ ਕਿ ਮੈਂ ਤੈਨੂੰ 12 ਸਾਲ ਰੋਟੀਆਂ ਤੇ ਲੱਸੀ ਪਿਲਾਂਦੀ ਰਹੀ ਪਰ ਤੂੰ ਉਨ੍ਹਾਂ ਦਾ ਇਹ ਮੁੱਲ ਮੋੜਿਆ ਹੈ! ਇਹ ਗੱਲ ਸੁਣਦਿਆਂ ਹੀ ਬਾਬਾ ਜੀ ਨੇ ਆਪਣਾ ਚਿਮਟਾ ਦਰੱਖ਼ਤ ਦੇ ਤਣੇ 'ਤੇ ਮਾਰਿਆ ਤੇ ਉਸ ਵਿੱਚੋਂ 12 ਸਾਲਾਂ ਦੀਆਂ ਰੋਟੀਆਂ ਡਿੱਗਣ ਲੱਗੀਆਂ। ਉਨ੍ਹਾਂ ਨੇ ਚਿਮਟਾ ਜ਼ਮੀਨ 'ਤੇ ਮਾਰਿਆ ਤੇ ਉੱਥੋਂ ਲੱਸੀ ਦੀਆਂ ਧਾਰਾਂ ਫੁੱਟ ਪਈਆਂ। ਬਾਬਾ ਜੀ ਨੇ ਕਿਹਾ ਕਿ ਹੇ ਮਾਈ! ਮੈਂ ਤਾਂ ਗੁਰੂ ਦੇ ਹੁਕਮਾਂ ਤੋਂ ਬਾਅਦ ਕਦੇ ਵੀ ਕੁਝ ਨਹੀਂ ਖਾਧਾ। ਆਹ ਚੁੱਕ ਆਪਣੀਆਂ 12 ਸਾਲਾਂ ਦੀਆਂ ਰੋਟੀਆਂ ਤੇ ਲੱਸੀ।

ਉੱਧਰ ਖੇਤਾਂ 'ਚ ਜ਼ਮੀਂਦਾਰਾਂ ਨੇ ਵੇਖਿਆ ਕਿ ਉਨ੍ਹਾਂ ਦੇ ਖੇਤ ਪਹਿਲਾਂ ਨਾਲੋਂ ਵੀ ਜ਼ਿਆਦਾ ਹਰੇ-ਭਰੇ ਸਨ। ਉਹ ਬਾਬਾ ਜੀ ਦਾ ਇਹ ਚਮਤਕਾਰ ਵੇਖ ਕੇ ਹੈਰਾਨ ਰਹਿ ਗਏ ਤੇ ਬਾਬਾ ਜੀ ਕੋਲੋਂ ਮਾਫ਼ੀ ਮੰਗੀ। ਰਤਨੋ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਹ ਬਾਬਾ ਜੀ ਕੋਲੋਂ ਮਾਫ਼ੀ ਮੰਗਣ ਲੱਗੀ। ਬਾਬਾ ਜੀ ਨੇ ਕਿਹਾ ਕਿ ਮੈਂ ਪਿਛਲੇ ਜਨਮ ਦੀਆਂ 12 ਘੜੀਆਂ ਦੇ ਬਦਲੇ 12 ਸਾਲ ਦੀ ਚਾਕਰੀ ਕਰ ਕੇ ਤੇਰਾ ਕਰਜ਼ ਉਤਾਰ ਦਿੱਤਾ ਹੈ। ਹੁਣ ਮੈਂ ਤੇਰੀਆਂ ਗਊਆਂ ਨਹੀਂ ਚਾਰਿਆ ਕਰਾਂਗਾ। ਰਤਨੋ ਦੇ ਵਾਰ-ਵਾਰ ਕਹਿਣ 'ਤੇ ਵੀ ਉਹ ਨਾ ਮੰਨੇ ਤੇ ਜੰਗਲ ਵੱਲ ਤੁਰ ਪਏ। ਬਾਬਾ ਜੀ ਨੇ ਬਨਖੰਡੀ ਤੋਂ ਥੋੜ੍ਹੀ ਦੂਰ ਗਰੁਨਾ ਝਾੜੀ ਥੱਲੇ ਧੂਣਾ ਤਪਾ ਲਿਆ। ਰਤਨੋ ਦੀ ਬੁਰੀ ਹਾਲਤ ਵੇਖ ਕੇ ਭਗਵਾਨ ਸ਼ਿਵ ਨੇ ਉਸ ਨੂੰ ਦਰਸ਼ਨ ਦਿੱਤੇ। ਮਾਈ ਰਤਨੋ ਨੇ ਉਨ੍ਹਾਂ ਤੋਂ ਬਾਲਕ ਨੂੰ ਮਿਲਣ ਦਾ ਤਰੀਕਾ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਹੁਣ ਉਹ ਬਾਲਕ ਨੂੰ ਮਿਲਣਾ ਹੈ ਤਾਂ ਬਾਬਾ ਜੀ ਲਈ ਰੋਟ ਦਾ ਪ੍ਰਸ਼ਾਦ ਬਣਾਵੇ। ਰਤਨੋ ਨੇ ਇੰਜ ਹੀ ਕੀਤਾ ਤਾਂ ਬਾਬਾ ਜੀ ਨੇ ਰਤਨੋ ਨੂੰ ਦਰਸ਼ਨ ਦਿੱਤੇ।

ਗੁਰੂ ਗੋਰਖ ਨਾਥ ਆਪਣੇ 360 ਚੇਲਿਆਂ ਨਾਲ ਸ਼ਾਹ ਤਲਾਈਆਂ ਪਹੁੰਚੇ ਤੇ ਜ਼ਬਰਦਸਤੀ ਬਾਬਾ ਜੀ ਨੂੰ ਆਪਣਾ ਚੇਲਾ ਬਣਾਉਣ ਦਾ ਯਤਨ ਕੀਤਾ ਪਰ ਅਸਫਲ ਰਹੇ। ਬਾਬਾ ਜੀ ਸ਼ਾਹਤਲਾਈਆਂ ਤੋਂ ਮੋਰ 'ਤੇ ਸਵਾਰ ਹੋ ਕੇ ਚਲੇ ਗਏ। ਗੁਰੂ ਗੋਰਖਨਾਥ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਅਸਫਲ ਰਹੇ। ਗੁਰੂ ਗੋਰਖਨਾਥ ਨੇ ਆਪਣੇ ਚੇਲੇ ਭਰਥਰੀ ਨਾਥ ਨੂੰ ਬਾਬਾ ਜੀ ਦੀ ਭਾਲ 'ਚ ਭੇਜਿਆ। ਬਾਬਾ ਜੀ ਗਰੁਨਾ ਝਾੜੀ ਤੋਂ ਕੁਝ ਦੂਰ ਧੌਲਗਿਰੀ ਪਰਬਤ 'ਤੇ ਜਾ ਪੁੱਜੇ। ਇਸੇ ਪਰਬਤ ਨੂੰ ਹੀ ਹੁਣ ਦਿਓਟਸਿੱਧ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਧੌਲਗਿਰੀ ਪਰਬਤ 'ਤੇ ਮੌਜੂਦ ਇਕ ਗੁਫ਼ਾ 'ਚ ਰਾਖਸ਼ ਰਹਿੰਦਾ ਸੀ। ਬਾਬਾ ਜੀ ਨੇ ਉਸ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਤੇ ਇਸ ਗੁਫ਼ਾ ਕੋਲ ਧੂਣਾ ਤਪਾ ਕੇ ਭਗਤੀ ਕਰਨ ਲੱਗੇ। ਇੱਥੇ ਹੀ ਗੁਰੂ ਗੋਰਖਨਾਥ ਜੀ ਦਾ ਚੇਲਾ ਭਰਥਰੀ ਨਾਥ ਵੀ ਆਇਆ ਪਰ ਬਾਬਾ ਜੀ ਦੇ ਨਾਲ ਹੀ ਇੱਥੇ ਭਗਤੀ ਕਰਨ ਲੱਗ ਪਿਆ।

ਚਕਮੋਹ ਪਿੰਡ ਦੇ ਰਹਿਣ ਵਾਲੇ ਬਨਾਰਸੀ ਦਾਸ ਤੇ ਲਾਹੌਰੀ ਪਿੰਡ ਦੇ ਸਹਿਰੂਦ ਰਾਮ ਨੇ ਬਾਬਾ ਜੀ ਦੇ ਦਰਸ਼ਨ ਪਾਏ ਤੇ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਬਾਰੇ ਦੱਸਿਆ। ਇਕ ਦਿਨ ਬਾਬਾ ਜੀ ਨੇ ਦਰਸ਼ਨ ਦੇ ਕੇ ਬਨਾਰਸੀ ਦਾਸ ਤੇ ਸਹਿਰੂਦ ਰਾਮ ਨੂੰ ਕਿਹਾ ਕਿ ਉਹ ਹੁਣ ਗੁਫ਼ਾ ਵਿਚ ਚਲੇ ਜਾਣਗੇ ਤੇ ਉਹ ਦੋਵੇਂ ਬਾਬਾ ਜੀ ਦੇ ਧੂਣੇ ਦੀ ਸੇਵਾ ਕਰਿਆ ਕਰਨਗੇ। ਬਾਬਾ ਜੀ ਦਾ ਇਹ ਧੂਣਾ ਅੱਜ ਵੀ ਇੱਥੇ ਅਖੰਡ ਤਪ ਰਿਹਾ ਹੈ।

J ਅਨਮੋਲ ਤਾਗਰਾ

84270-39129

Posted By: Harjinder Sodhi