ਦਇਆ, ਮਾਫ਼ੀ, ਪਰਉਪਕਾਰ ਅਤੇ ਦਾਨ ਸਾਡੀਆਂ ਸਹਿਜ ਮਨੋ-ਬਿਰਤੀਆਂ ਹਨ। ਸਹਿਜ ਉਹ ਹੈ ਜਿਸ ਨੂੰ ਸਮਝਣ ਜਾਂ ਪ੍ਰਾਪਤ ਕਰਨ ਲਈ ਕਿਸੇ ਖ਼ਾਸ ਕੋਸ਼ਿਸ਼ ਦੀ ਜ਼ਰੂਰਤ ਨਹੀਂ ਪੈਂਦੀ। ਕਾਬਿਲੇਗ਼ੌਰ ਹੈ ਕਿ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਗਾਂ ਅਤੇ ਮਨ ਦਾ ਢਾਂਚਾ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਜੇ ਉਹ ਸਹਿਜ ਜਾਂ ਆਸਾਨੀ ਨਾਲ ਪ੍ਰਾਪਤ ਚੀਜ਼ਾਂ ’ਤੇ ਧਿਆਨ ਲਾਵੇ ਤਾਂ ਉਨ੍ਹਾਂ ਵਿਚ ਨੁਕਸਾਨ ਜਾਂ ਸੜਨ ਦੀ ਪ੍ਰਕਿਰਿਆ ਕਮਜ਼ੋਰ ਪੈ ਜਾਂਦੀ ਹੈ।

ਦੂਜੇ ਸ਼ਬਦਾਂ ਵਿਚ ਕਹੀਏ ਤਾਂ ਉਨ੍ਹਾਂ ਦੀ ਹੰਢਣਸਾਰਤਾ ਦੀ ਉਮਰ ਵੱਧ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਦਇਆ, ਪਰਉਪਕਾਰ ਅਤੇ ਦਾਨ ਵਰਗੀਆਂ ਚੰਗੀਆਂ ਸਹਿਜ ਬਿਰਤੀਆਂ ਨੂੰ ਅਪਣਾਉਂਦੇ ਹਾਂ ਤਾਂ ਸਾਡੀ ਉਮਰ ਲੰਬੀ ਹੋਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ। ਅਜਿਹੀ ਹਾਲਤ ਵਿਚ ਅਸੀਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਬਿਹਤਰ ਤਰੀਕੇ ਨਾਲ ਪੂਰੇ ਸਕਾਂਗੇ। ਇਹ ਸੱਚਮੁੱਚ ਵੱਡੀ ਆਨੰਦਦਾਇਕ ਸਥਿਤੀ ਹੈ।

ਇਹ ਸਹੀ ਹੈ ਕਿ ਵਰਤਮਾਨ ਭੌਤਿਕ ਸੰਸਾਰ ਵਿਚ ਜ਼ਿਆਦਾਤਰ ਲੋਕ ਸਿਰਫ਼ ਹਾਸਲ ਕਰਨਾ ਹੀ ਚਾਹੁੰਦੇ ਹਨ। ਹਾਸਲ ਕਰਨ ਜਾਂ ਲੈਣ ਵਾਲਿਆਂ ਦੀ ਕਤਾਰ ਵੱਡੀ ਲੰਬੀ ਹੈ ਜਦਕਿ ਦੇਣ ਵਾਲਿਆਂ ਦੀ ਕਤਾਰ ਖ਼ਾਲੀ-ਖ਼ਾਲੀ ਜਿਹੀ ਹੁੰਦੀ ਹੈ ਪਰ ਜੋ ਥੋੜ੍ਹੇ ਜਿਹੇ ਲੋਕ ਇਸ ਦੇਣ ਵਾਲੀ ਕਤਾਰ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਜਾ ਕੇ ਪੁੱਛੋ ਉਨ੍ਹਾਂ ਦਾ ਆਨੰਦ। ਸਿਰਫ਼ ਹਾਸਲ ਕਰਨ ਦੀ ਬਿਰਤੀ ਸਵਾਰਥ ਤੋਂ ਉਪਜਦੀ ਹੈ।

ਵੱਧ ਹਾਸਲ ਕਰਨ ਦੇ ਚੱਕਰ ਵਿਚ ਕਈ ਵਾਰ ਅਸਫਲਤਾ ਹੱਥ ਲੱਗਦੀ ਹੈ, ਜੋ ਤਣਾਅ ਦਾ ਕਾਰਨ ਬਣਦੀ ਹੈ ਅਤੇ ਫਿਰ ਤਣਾਅ ਵਿਕਾਰਾਂ ਦਾ ਕਾਰਨ ਬਣਦਾ ਹੈ। ਵਿਕਾਰਾਂ ਨਾਲ ਘਿਰਿਆ ਸਰੀਰ ਪਰਿਵਾਰ, ਸਮਾਜ ਅਤੇ ਦੇਸ਼ ਲਈ ਉਪਯੋਗੀ ਨਹੀਂ ਹੁੰਦਾ ਅਤੇ ਆਖ਼ਰ ਵਿਚ ਗ਼ੈਰ-ਉਪਯੋਗਿਤਾ ਦੀ ਇਸ ਪੀੜਾ ਕਾਰਨ ਸਰੀਰ ਘੱਟ ਉਮਰ ਵਿਚ ਹੀ ਕਾਲ ਦਾ ਸ਼ਿਕਾਰ ਹੋ ਜਾਂਦਾ ਹੈ। ਅਸੀਂ ਨਾ ਭੁੱਲੀਏ ਕਿ ਦੁਨੀਆ ਜਿਸ ਨੂੰ ਅੱਜ ਸਫਲਤਾ ਮੰਨ ਰਹੀ ਹੈ, ਉਹ ਵੱਧ ਤੋਂ ਵੱਧ ਭੌਤਿਕ ਹੈ।

ਕਈ ਮਾਮਲਿਆਂ ’ਚ ਤਾਂ ਇਹ ਪਲਾਂ-ਛਿਣਾਂ ਦੀ ਹੁੰਦੀ ਹੈ। ਨਾਲ ਹੀ ਅਸਫਲਤਾ ਦਾ ਡਰ ਵੀ ਰਹਿੰਦਾ ਹੈ ਜਦਕਿ ਸੰਤੁਸ਼ਟੀ, ਜੋ ਸਾਡੀਆਂ ਉਕਤ ਸਹਿਜ ਮਨੋ-ਬਿਰਤੀਆਂ ਦਾ ਨਤੀਜਾ ਹੈ, ਸਾਡੇ ਅੰਤਰ-ਮਨ ਦੇ ਦੁਆਰ ਖੋਲ੍ਹਦੀ ਹੈ। ਇਸ ’ਚ ਅਸਫਲਤਾ ਦਾ ਡਰ ਨਹੀਂ ਹੁੰਦਾ, ਇਹ ਪਲ ਭਰ ਲਈ ਜਾਂ ਭੌਤਿਕ ਨਹੀਂ ਹੈ। ਇਹ ਲੰਬੀ ਉਮਰ ਦਾ ਸੂਤਰ ਹੈ।

-ਚੰਦਨ ਕਰਨ

Posted By: Jagjit Singh