ਇਸ ਸੰਸਾਰ 'ਚ ਸ਼ਾਇਦ ਹੀ ਕੋਈ ਵਿਅਕਤੀ ਅਧਿਕਾਰਾਂ ਤੋਂ ਵਿਰਵਾ ਹੋਵੇਗਾ। ਜਨਮ ਲੈਂਦੇ ਹੀ ਸਮਾਜਿਕ ਹਕੂਕ ਖ਼ੁਦ-ਬ-ਖ਼ੁਦ ਨਾਲ ਆ ਜੁੜਦੇ ਹਨ ਤੇ ਮੌਤ ਤਕ ਇਨ੍ਹਾਂ ਦਾ ਸਿਲਸਿਲਾ ਖ਼ਤਮ ਨਹੀਂ ਹੁੰਦਾ। ਲੋਕਾਂ ਨੂੰ ਵੱਧ ਤੋਂ ਵੱਧ ਹੱਕ ਚਾਹੀਦੇ ਹਨ ਪਰ ਕਰਤੱਵਾਂ ਪ੍ਰਤੀ ਭਾਵਨਾ ਉਸੇ ਅਨੁਪਾਤ ਵਿਚ ਘਟਦੀ ਦਿਖਾਈ ਦਿੰਦੀ ਹੈ। ਵੈਸੇ ਅਧਿਕਾਰਾਂ ਲਈ ਸਰਗਰਮ ਰਹਿਣ ਵਾਲਾ ਮਨੁੱਖ ਫ਼ਰਜ਼ ਨਿਭਾਉਣ ਦੇ ਮਾਮਲੇ 'ਚ ਨਿਕੰਮਾ ਬਣਿਆ ਰਹਿੰਦਾ ਹੈ ਜਦਕਿ ਹਰ ਅਵਸਥਾ 'ਚ ਕਰਤੱਵ ਤੋਂ ਹੀ ਹੱਕ ਦੀ ਉਤਪਤੀ ਹੁੰਦੀ ਹੈ। ਹੱਕਾਂ ਨੂੰ ਬੋਝ ਨਾ ਬਣਾਇਆ ਜਾਵੇ, ਨਾ ਹਥਿਆਰ ਸਮਝਿਆ ਜਾਵੇ। ਹੱਕਾਂ ਦੀ ਨਾ ਤਾਂ ਦੁਰਵਰਤੋਂ ਕੀਤੀ ਜਾਵੇ, ਨਾ ਹੀ ਬੇਲੋੜੀ ਵਰਤੋਂ। ਅਧਿਕਾਰ ਨੂੰ ਇਸ ਦੀ ਮੌਲਿਕਤਾ ਅਤੇ ਨੈਤਿਕਤਾ ਦੀ ਮਰਿਆਦਾ ਤਹਿਤ ਧਾਰਨ ਕਰਨਾ ਸਾਰਥਕ ਹੋਵੇਗਾ, ਨਹੀਂ ਤਾਂ ਇਹ ਆਪਣਾ ਮਤਲਬ ਗੁਆ ਬੈਠੇਗਾ। ਅਧਿਕਾਰਾਂ ਨਾਲ ਸੰਪੰਨ ਅਧਿਕਾਰੀ ਨੂੰ ਪ੍ਰੰਪਰਾ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਮਾਲਕ ਦੇ ਅਧਿਕਾਰ, ਨੌਕਰ ਦੇ ਅਧਿਕਾਰ, ਸਰਕਾਰ ਦੇ ਅਧਿਕਾਰ, ਜਨਤਾ ਦੇ ਅਧਿਕਾਰ ਜਾਂ ਸਮਾਜ ਵਿਚ ਕਿਸੇ ਵੀ ਵਰਗ ਦੇ ਅਧਿਕਾਰ ਮਹੱਤਵਪੂਰਨ ਹਨ ਪਰ ਇਨ੍ਹਾਂ ਸਾਰੇ ਵਰਗਾਂ ਦੇ ਕਰਤੱਵਾਂ ਦਾ ਮਹੱਤਵ ਉਨ੍ਹਾਂ ਦੇ ਅਧਿਕਾਰਾਂ ਤੋਂ ਕਿਤੇ ਵੱਧ ਹੈ। ਸੰਪੂਰਨ ਮਨੁੱਖੀ ਜਾਤੀ ਨੂੰ ਸਮਝਣਾ ਹੋਵੇਗਾ ਕਿ ਕਰਤੱਵ ਤਾਂ ਅਧਿਕਾਰ ਤੋਂ ਉੱਪਰ ਹੈ। ਇਸ ਲਈ ਅਧਿਕਾਰ ਦੇ ਸਵਾਲ ਤੋਂ ਪਹਿਲਾਂ ਕਰਤੱਵ ਦਾ ਉੱਤਰ ਜਾਣ ਲੈਣਾ ਲਾਜ਼ਮੀ ਹੈ। ਅਧਿਕਾਰ ਸਦਾ ਕਰਤੱਵ ਤੋਂ ਉਪਜਿਆ ਫ਼ਲ ਹੈ। ਇਸ ਲਈ ਸੰਸਾਰ ਦੇ ਉਹ ਸਾਰੇ ਲੋਕ ਜੋ ਅਧਿਕਾਰ ਚਾਹੁੰਦੇ ਹਨ, ਉਹ ਕਰਮ ਯੋਗ ਦਾ ਮਾਰਗ ਮਜ਼ਬੂਤ ਕਰਨ। ਮਨੁੱਖ ਨੂੰ ਸ਼ੁੱਧਤਾ ਦਾ ਅਧਿਕਾਰ ਪ੍ਰਾਪਤ ਹੈ। ਉਹ ਸ਼ੁੱਧ ਹਵਾ, ਪਾਣੀ ਅਤੇ ਅੰਨ ਗ੍ਰਹਿਣ ਕਰ ਸਕਦਾ ਹੈ। ਉਸ ਨੂੰ ਚੰਗੀ ਸਿੱਖਿਆ, ਵਿੱਦਿਆ, ਗੁਣ, ਪ੍ਰੇਰਨਾ, ਮਾਰਗ ਪਾਉਣ ਦਾ ਅਧਿਕਾਰ ਹੈ। ਇਸ ਦੇ ਉਲਟ ਅਧਰਮ ਕੋਈ ਅਧਿਕਾਰ ਨਹੀਂ ਹੈ। ਆਤਮ-ਉੱਨਤੀ, ਵਿਕਾਸ, ਉੱਥਾਨ ਦੇ ਅਸੀਮ ਅਧਿਕਾਰ ਮੁਹੱਈਆ ਹਨ ਪਰ ਪਤਨ, ਮੰਦਭਾਵਨਾ ਵਾਲੀ ਬੁੱਧੀ, ਦੁਰਾਚਾਰ ਤਾਂ ਅਣ-ਅਧਿਕਾਰਤ ਖ਼ਾਹਿਸ਼ਾਂ ਹਨ। ਚੰਗੇ ਮਾਰਗ 'ਤੇ ਚੱਲਣ ਵਾਲੇ ਕੋਲ ਹਕੂਕ ਹੀ ਹਕੂਕ ਹਨ ਪਰ ਮਾੜੇ ਮਾਰਗ 'ਤੇ ਚੱਲਣ ਵਾਲੇ ਕੋਲ ਕੋਈ ਅਧਿਕਾਰ ਨਹੀਂ ਹੈ। ਇਸ ਲਈ ਅਧਿਕਾਰਾਂ ਦੀ ਚਾਹਤ ਰੱਖਣ ਵਾਲਿਆਂ ਨੂੰ ਫ਼ਰਜ਼ ਵੀ ਨਿਭਾਉਣੇ ਚਾਹੀਦੇ ਹਨ। ਇੰਜ ਕਰਨ 'ਤੇ ਹੀ ਸਮਾਜ ਵਿਚ ਸੰਤੁਲਨ ਬਣੇਗਾ ਅਤੇ ਹਰ ਕੋਈ ਸੁਚੱਜੇ ਤਰੀਕੇ ਨਾਲ ਜੀਵਨ ਗੁਜ਼ਾਰ ਸਕੇਗਾ।-ਡਾ. ਰਾਘਵੇਂਦਰ ਸ਼ੁਕਲ

Posted By: Jagjit Singh