ਦੁਨੀਆ ਵਿਚ ਅਜਿਹਾ ਕੋਈ ਨਹੀਂ ਜੋ ਇੱਜ਼ਤ-ਮਾਣ ਦੀ ਇੱਛਾ ਜਾਂ ਉਮੀਦ ਨਾ ਰੱਖਦਾ ਹੋਵੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਸਦਾ ਸਾਰਿਆਂ ਦੁਆਰਾ ਸਨਮਾਨ ਮਿਲੇ ਪਰ ਸਨਮਾਨ ਦੇਣਾ ਬਹੁਤ ਘੱਟ ਲੋਕ ਚਾਹੁੰਦੇ ਹਨ, ਜ਼ਿਆਦਾਤਰ ਤਾਂ ਸਿਰਫ਼ ਸਨਮਾਨ ਦੀ ਉਮੀਦ ਰੱਖਦੇ ਹਨ। ਅਜਿਹਾ ਕਿਉਂ? ਕਿਉਂਕਿ ਹਰੇਕ ਮਨੁੱਖ ਸੁਭਾਵਿਕ ਤੌਰ ’ਤੇ ਲੈਣਾ ਪਸੰਦ ਕਰਦਾ ਹੈ ਪਰ ਜਦ ਕੁਝ ਦੇਣ ਦਾ ਸਮਾਂ ਆਉਂਦਾ ਹੈ ਉਦੋਂ ਉਸ ਨੂੰ ਪੀੜਾ ਹੁੰਦੀ ਹੈ। ਸਾਡੇ ਵਿਚੋਂ ਜ਼ਿਆਦਾਤਰ ਲੋਕਾਂ ਨੂੰ ਬਚਪਨ ਤੋਂ ਹੀ ਦੂਜਿਆਂ ਨੂੰ ਇੱਜ਼ਤ-ਮਾਣ ਦੇਣ ਦਾ ਪਾਠ ਪੜ੍ਹਾਇਆ ਗਿਆ ਹੈ ਪਰ ਕੀ ਅੱਜ ਤਕ ਕਿਸੇ ਨੇ ਸਾਨੂੰ ਇਹ ਸਿਖਾਇਆ ਕਿ ਅਸੀਂ ਖ਼ੁਦ ਨੂੰ ਕਿਵੇਂ ਸਨਮਾਨ ਦੇਈਏ? ਸ਼ਾਇਦ ਨਹੀਂ! ਇਸ ਵਜ੍ਹਾ ਨਾਲ ਅੱਜ ਸਾਡੇ ਸਬੰਧਾਂ ਵਿਚ ਤਾਲਮੇਲ ਨਹੀਂ ਹੈ ਅਤੇ ਅਸੀਂ ਅੰਦਰੂਨੀ ਤੇ ਬਾਹਰਲੇ ਸੰਘਰਸ਼ਾਂ ਨਾਲ ਸਦਾ ਜੂਝਦੇ ਰਹਿੰਦੇ ਹਾਂ। ਸਵੈਮਾਣ ਦੀ ਕਮੀ ਕਾਰਨ ਸਾਡੇ ਜੀਵਨ ਵਿਚ ਬੇਸੁਰਾਪਣ ਅਤੇ ਨਾਂਹ-ਪੱਖੀ ਸੋਚ ਆ ਗਈ ਹੈ। ਇਸ ਲਈ ਜੇਕਰ ਅਸੀਂ ਸਥਿਰ ਅਤੇ ਹਾਂ-ਪੱਖੀ ਜੀਵਨ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਵੈਮਾਣ ਲਾਜ਼ਮੀ ਹੈ। ਫਿਰ ਸਾਡੇ ਅੰਦਰੋਂ ਜੈਸੇ ਨੂੰ ਤੈਸਾ, ਦੂਜਿਆਂ ਪ੍ਰਤੀ ਗ਼ਲਤਫਹਿਮੀਆਂ ਅਤੇ ਅਸਥਿਰਤਾ ਵਰਗੀਆਂ ਅਨੇਕ ਖਾਮੀਆਂ ਨਿਕਲ ਜਾਣਗੀਆਂ। ਫਿਰ ਅਸੀਂ ਜੀਵਨ ਦਾ ਆਨੰਦ ਲੈ ਸਕਾਂਗੇ। ਆਪਣੇ ਸਵੈਮਾਣ ਨੂੰ ਮਜ਼ਬੂਤ ਕਰਨ ਦਾ ਸਰਲ ਉਪਾਅ ਹੈ ਦੂਜਿਆਂ ਨੂੰ ਇੱਜ਼ਤ-ਮਾਣ ਦੇਣਾ, ਚਾਹੇ ਸਾਹਮਣੇ ਵਾਲਾ ਕਿਹੋ ਜਿਹਾ ਵੀ ਹੋਵੇ। ਤੁਸੀਂ ਸਾਰਿਆਂ ਨੂੰ ਇੱਜ਼ਤ ਦਿੰਦੇ ਜਾਓ ਤਾਂ ਤੁਹਾਡੇ ਸਵੈਮਾਣ ਵਿਚ ਖ਼ੁਦ ਹੀ ਵਾਧਾ ਹੁੰਦਾ ਰਹੇਗਾ। ਇਕ ਪ੍ਰਸਿੱਧ ਕਹਾਵਤ ਹੈ ਕਿ ਜੇ ਤੁਸੀਂ ਸਨਮਾਨ ਚਾਹੁੰਦੇ ਹੋ ਤਾਂ ਸਨਮਾਨ ਦਿਉ। ਇੱਜ਼ਤ ਦੇਣ ਨਾਲ ਅਸੀਂ ਸੁਭਾਵਿਕ ਹੀ ਉਸ ਨੂੰ ਹਾਸਲ ਕਰਨ ਦੇ ਪਾਤਰ ਬਣ ਜਾਂਦੇ ਹਾਂ। ਇਸ ਦੇ ਨਾਲ ਹੀ ਅਸੀਂ ਆਪਣੇ ਅੰਦਰ ਵੀ ਖ਼ੁਦ ਲਈ ਮਾਣ-ਸਨਮਾਨ ਪੈਦਾ ਕਰਨਾ ਸਿੱਖ ਜਾਂਦੇ ਹਾਂ। ਜਦ ਅਸੀਂ ਦੂਜਿਆਂ ਦੀ ਇੱਜ਼ਤ ਕਰਦੇ ਹਾਂ ਉਦੋਂ ਪਹਿਲਾਂ ਅਸੀਂ ਕੁਝ ਘੜੀਆਂ ਲਈ ਉਨ੍ਹਾਂ ਦੀ ਮੂਰਤ ਮਨ ਵਿਚ ਉਭਾਰਦੇ ਹਾਂ। ਉਨ੍ਹਾਂ ਚੰਦ ਘੜੀਆਂ ਵਿਚ ਹੀ ਅਸੀਂ ਉਨ੍ਹਾਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਪਹਿਲਾਂ ਆਪਣੇ ਮਨ ਵਿਚ ਉਸ ਨੂੰ ਪ੍ਰਤੱਖ ਕਰਦੇ ਹਾਂ। ਅਜਿਹਾ ਕਰਦੇ ਸਮੇਂ ਸਾਨੂੰ ਸੰਯੋਗ ਨਾਲ ਖ਼ੁਦ ਦੇ ਪ੍ਰਤੀ ਵੀ ਮਾਣ-ਸਨਮਾਨ ਦੇਣ ਦਾ ਸੰਸਕਾਰ ਧਾਰਨ ਕਰਨਾ ਹੀ ਹੋਵੇਗਾ। ਇਹ ਇੱਜ਼ਤ-ਮਾਣ ਦੀ ਪ੍ਰਾਪਤੀ ਦਾ ਵੀ ਰਾਹ ਹੋਵੇਗਾ।

-ਰਾਜਯੋਗੀ ਬ੍ਰਹਮਾਕੁਮਾਰ ਨਿਕੁੰਜ।

Posted By: Jagjit Singh