ਸੰਜੀਵ ਗੁਪਤਾ, ਜਗਰਾਓਂ : 'ਤੇਰੇ ਦਰ ਤੋਂ ਕੋਈ ਖਾਲ੍ਹੀ ਨਾ ਮੁੜਿਆ, ਧੰਨ ਬਾਬਾ ਨੰਦ ਸਿੰਘ ਜੀ।' ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ 'ਤੇ ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਦੇਸ਼ ਦੁਨੀਆ ਦੀ ਸੰਗਤ ਨੇ ਹਾਜ਼ਰੀ ਭਰੀ। ਨਾਨਕਸਰ ਸੰਪਰਦਾਇ ਦੇ ਸੰਤਾਂ ਦੀ ਸਰਪ੍ਰਸਤੀ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੇ ਰਸਤੇ 'ਚ ਪੈਂਦੇ ਨਗਰਾਂ ਨੂੰ ਸੁੰਦਰ ਸਜਾਇਆ ਗਿਆ ਸੀ, ਸੰਗਤ ਨੇ ਵੀ ਸਵਾਗਤ ਵਿਚ ਪਲਕਾਂ ਵਿਛਾਈਆਂ ਹੋਈਆਂ ਸਨ। ਐਤਵਾਰ ਸਵੇਰੇ ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ, ਸੰਤ ਬਾਬਾ ਗੁਰਜੀਤ ਸਿੰਘ ਅਤੇ ਸੰਤ ਬਾਬਾ ਸੁਖਦੇਵ ਸਿੰਘ ਭੂਚੋ ਵਾਲਿਆਂ ਦੀ ਸਰਪ੍ਰਸਤੀ ਹੇਠ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਰਵਾਨਾ ਹੋਇਆ।

ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਸੁੰਦਰ ਸੁਨਹਿਰੀ ਪਾਲਕੀ ਦੀ ਸਜਾਵਟ ਹਰ ਕਿਸੇ ਨੂੰ ਆਕਰਸ਼ਿਤ ਕਰ ਰਹੀ ਸੀ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਨਗਰ ਕੀਰਤਨ ਵਿਚ ਸੰਗਤ ਸੈਂਕੜਿਆਂ ਦੀ ਗਿਣਤੀ 'ਚ ਗੱਡੀਆਂ ਦੇ ਕਾਫਲੇ ਰਾਹੀਂ ਨਾਲ ਚੱਲੀ। ਇਹ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਤੋਂ ਪਿੰਡ ਕਲੇਰਾਂ ਵਿਚ ਦੀ ਹੁੰਦਾ ਹੋਇਆ ਬਾਬਾ ਜੀ ਦੀ ਜਨਮ ਅਸਥਾਨ ਨਗਰੀ ਪਿੰਡ ਸ਼ੇਰਪੁਰ ਕਲਾਂ ਦੀ ਪਰਿਕਰਮਾ ਕਰਦਾ ਹੋਇਆ ਬਾਬਾ ਜੀ ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਪਹੁੰਚਿਆ, ਜਿੱਥੇ ਸਰਪ੍ਰਸਤ ਸੰਤ ਬਾਬਾ ਚਰਨ ਸਿੰਘ ਅਤੇ ਮੁੱਖ ਪ੍ਰਬੰਧਕ ਸਰਬਜੀਤ ਸਿੰਘ ਦੀ ਅਗਵਾਈ ਵਿਚ ਸੰਗਤ ਦੇ ਵੱਡੇ ਇਕੱਠ ਨੇ ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ। ਇਸ ਮੌਕੇ ਸੰਤ ਬਾਬਾ ਗੇਜਾ ਸਿੰਘ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਸਰਦਾਰਾ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਬਾਬਾ ਬਲਵਿੰਦਰ ਸਿੰਘ ਕੁਰਾਲੀ, ਬਾਬਾ ਅਮਰਜੀਤ ਸਿੰਘ ਪੁੜੈਣ, ਕੋਆਰਡੀਨੇਟਰ ਭਾਈ ਧਰਮਿੰਦਰ ਸਿੰਘ, ਮਹੰਤ ਹਰਬੰਸ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਲਖਵਿੰਦਰ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।

'ਭਾਗਾਂ ਵਾਲੀ ਹੈ ਸ਼ੇਰਪੁਰ ਨਗਰੀ, ਜਿੱਥੇ ਬਾਬਾ ਜੀ ਨੇ ਪੈਰ ਰੱਖੇ'

ਸੰਤ ਬਾਬਾ ਚਰਨ ਸਿੰਘ ਨੇ ਸੱਚਖੰਡ ਵਾਸੀ ਬਾਬਾ ਨੰਦ ਸਿੰਘ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਨਾਨਕਸਰ ਸੰਪਰਦਾਇ ਦੇ ਸੰਤਾਂ, ਮਹਾਪੁਰਸ਼ਾਂ ਦੀ ਘਾਲਣਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੀ ਜੈ-ਜੈ ਕਾਰ ਬੁਲਾਈ। ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਭਾਗਾਂ ਵਾਲੇ ਹਨ ਸ਼ੇਰਪੁਰ ਨਗਰੀ ਦੀ ਸੰਗਤ ਜਿੱਥੇ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨੇ ਪੈਰ ਰੱਖੇ, ਸ਼ੇਰਪੁਰ ਨਗਰੀ ਤੋਂ ਧਾਰਮਿਕਤਾ ਦੀ ਚੱਲੀ ਇਹ ਲਹਿਰ ਅੱਜ ਵਿਸ਼ਵ ਅੰਦਰ ਧਰਮ ਦੀ ਜੈ-ਜੈ ਕਾਰ ਦੇ ਝੰਡੇ ਬੁਲੰਦ ਕਰ ਰਹੀ ਹੈ।