ਕੋਰੋਨਾ ਨੂੰ ਲੈ ਕੇ ਭੀੜ ਘੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਸ ਨੂੰ ਧਾਰਮਿਕ ਅਸਥਾਨਾਂ 'ਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇਹ ਸਵਾਲ ਫਿਰ ਪ੍ਰਸੰਗਿਕ ਹੋ ਗਿਆ ਹੈ ਕਿ ਕੀ ਈਸ਼ਵਰ ਨਾਲ ਤਾਲਮੇਲ ਕਾਇਮ ਕਰਨ ਲਈ ਧਾਰਮਿਕ ਅਸਥਾਨਾਂ 'ਤੇ ਜਾਣਾ ਜ਼ਰੂਰੀ ਹੈ। ਧਾਰਮਿਕ ਅਸਥਾਨਾਂ 'ਤੇ ਜੁੜਨ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਬਿਨਾਂ ਇੱਥੇ ਆਏ ਪਰਮਾਤਮਾ ਨਾਲ ਮੇਲ-ਮਿਲਾਪ ਸੰਭਵ ਨਹੀਂ ਹੁੰਦਾ। ਇਸੇ ਲਈ ਇਹ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਕੁਝ ਕੁ ਧਾਰਮਿਕ ਅਸਥਾਨਾਂ ਨੂੰ ਛੱਡ ਵੀ ਦੇਈਏ ਤਾਂ ਹੋਰ ਧਾਰਮਿਕ ਅਸਥਾਨਾਂ ਦੀ ਸਥਾਪਨਾ ਕਿਸੇ ਦੇਵੀ-ਦੇਵਤੇ ਦੁਆਰਾ ਨਾ ਕਰ ਕੇ ਤੁਹਾਡੇ ਅਤੇ ਮੇਰੇ ਵਰਗੇ ਹੀ ਕਿਸੇ ਨਾ ਕਿਸੇ ਇਨਸਾਨ ਦੁਆਰਾ ਕੀਤੀ ਗਈ ਹੈ। ਆਮ ਤੌਰ 'ਤੇ ਇਸ ਦੇ ਲਈ ਜ਼ਮੀਨ ਅਤੇ ਭਵਨ ਦੀ ਵਿਵਸਥਾ ਤੋਂ ਬਾਅਦ ਉੱਥੇ ਆਪਣੇ ਇਸ਼ਟ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਹੈ। ਇਸ ਲਈ ਸਵਾਲ ਹੈ ਕਿ ਜੇ ਸ਼ਰਧਾਲੂ ਜਿਨ੍ਹਾਂ ਧਾਰਮਿਕ ਅਸਥਾਨਾਂ 'ਤੇ ਆਪਣੇ ਇਸ਼ਟ ਦੇਵੀ-ਦੇਵਤਿਆਂ ਦੀ ਅਰਾਧਨਾ ਅਤੇ ਕਿਰਪਾ ਹਾਸਲ ਕਰਨ ਦੇ ਮਕਸਦ ਨਾਲ ਜਾਂਦੇ ਹਨ, ਉਹ ਮਨੁੱਖ ਵੱਲੋਂ ਹੀ ਬਣਾਏ ਗਏ ਹਨ ਤਾਂ ਫਿਰ ਇਹ ਸਾਡੇ ਘਰਾਂ ਦੇ ਪੂਜਾ ਸਥਾਨਾਂ ਤੋਂ ਅਲੱਗ ਕਿੱਦਾਂ ਹਨ। ਇਸ ਤਰਕ ਨਾਲ ਤਾਂ ਇਨ੍ਹਾਂ ਵਿਚ ਕੋਈ ਖ਼ਾਸ ਫ਼ਰਕ ਨਹੀਂ ਲੱਗਦਾ ਪਰ ਫਿਰ ਇਹ ਤਰਕ ਦਿੱਤਾ ਜਾਂਦਾ ਹੈ ਕਿ ਧਾਰਮਿਕ ਅਸਥਾਨਾਂ ਵਿਚ ਸਭ ਕੁਝ ਵਿਧੀ-ਵਿਧਾਨ ਨਾਲ ਕੀਤਾ ਜਾਂਦਾ ਹੈ ਜਿਸ ਦੀ ਸੰਭਾਵਨਾ ਘਰਾਂ ਵਿਚ ਹੋ ਵੀ ਸਕਦੀ ਹੈ ਅਤੇ ਨਹੀਂ ਵੀ। ਧਾਰਮਿਕ ਅਸਥਾਨਾਂ ਦੀ ਸਥਾਪਨਾ ਲਈ ਸਥਾਨ ਦੀ ਚੋਣ ਕਈ ਧਾਰਮਿਕ -ਰੂਹਾਨੀ ਕਾਰਕਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ ਅਤੇ ਉੱਥੇ ਵਿਧੀ-ਵਿਧਾਨ ਨਾਲ ਨਿੱਤ ਪੂਜਾ-ਅਰਚਨਾ ਹੁੰਦੀ ਰਹਿਣ ਕਾਰਨ ਉਨ੍ਹਾਂ ਅਸਥਾਨਾਂ 'ਤੇ ਵਿਸ਼ੇਸ਼ ਦੈਵੀ ਊਰਜਾ ਕੇਂਦਰਿਤ ਹੋ ਜਾਂਦੀ ਹੈ ਜਿਸ ਦਾ ਲਾਭ ਉੱਥੇ ਜਾਣ 'ਤੇ ਹੀ ਮਿਲ ਸਕਦਾ ਹੈ। ਕੁਝ ਲੋਕ ਇਸ ਨੂੰ ਧਾਰਮਿਕ ਸੈਰ-ਸਪਾਟੇ ਦੀ ਨਜ਼ਰ ਨਾਲ ਦੇਖਦੇ ਹਨ। ਜੋ ਵੀ ਹੋਵੇ, ਅਜਿਹੇ ਸਵਾਲਾਂ ਨੂੰ ਮਹਾਪੁਰਖਾਂ ਦੇ ਪ੍ਰਵਚਨ ਸੁਣਨ ਲਈ ਜਾਣ ਵਾਲੇ ਭਗਤਾਂ ਦੀ ਵੱਧਦੀ ਗਿਣਤੀ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਪ੍ਰਵਚਨਾਂ ਵਿਚ ਦਰਸ਼ਨ ਦੇ ਇਲਾਵਾ ਬਹੁਤ ਕੁਝ ਅਜਿਹਾ ਵੀ ਸਿੱਖਣ ਨੂੰ ਮਿਲਦਾ ਹੈ ਜੋ ਵਿਵਹਾਰਕ ਤੌਰ 'ਤੇ ਬੜਾ ਲਾਹੇਵੰਦ ਹੁੰਦਾ ਹੈ।

-ਡਾ. ਮੁਕੇਸ਼ ਭਾਰਦਵਾਜ।

Posted By: Rajnish Kaur