ਇਕੱਲਾਪਣ ਤੇ ਇਕਾਂਤ ਦੋ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਇਕ ਸਾਧਾਰਨ ਵਿਅਕਤੀ ਇੱਕੋ ਜਿਹੇ ਹੀ ਮੰਨਦਾ ਹੈ। ਪਰ ਇਨ੍ਹਾਂ ਦੋਵਾਂ ਸ਼ਬਦਾਂ ਦੇ ਭਾਵ ਵਿਚ ਬਹੁਤ ਅੰਤਰ ਹੈ। ਇਕਾਂਤ ਤੋਂ ਭਾਵ ਹੈ ਕਿ ਅਜਿਹਾ ਮਨੁੱਖ ਜਿਸ ਦੀਆਂ ਗਿਆਨ ਇੰਦਰੀਆਂ ਅੰਤਰ-ਮੁਖੀ ਹਨ ਅਤੇ ਮਨ ਸਥਿਰ ਹੈ। ਓਥੇ ਹੀ ਇਕਲਾਪੇ ਵਿਚ ਵਿਅਕਤੀ ਦੀਆਂ ਇੰਦਰੀਆਂ ਬਾਹਰ-ਮੁਖੀ ਹੋ ਕੇ ਸੰਸਾਰ ਵਿਚ ਇੰਦਰੀ ਸੁੱਖ ਲੱਭਦੀਆਂ ਰਹਿੰਦੀਆਂ ਹਨ ਅਤੇ ਇਹ ਇੰਦਰੀ ਸੁੱਖ ਨਾ ਮਿਲਣ 'ਤੇ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਭਗਵਾਨ ਨੇ ਮਾਨਸ ਵਿਚ ਦਾਨਵ ਦੀ ਪਛਾਣ ਦੱਸਦੇ ਹੋਏ ਕਿਹਾ ਹੈ ਕਿ ਦਾਨਵ ਇਕੱਲਾ ਨਹੀਂ ਰਹਿ ਸਕਦਾ ਅਰਥਾਤ ਉਸ ਨੂੰ ਹਰ ਸਥਾਨ 'ਤੇ ਇੰਦਰੀ ਸੁੱਖ ਚਾਹੀਦਾ ਹੈ। ਇਸ ਲਈ ਇਕੱਲੇਪਣ ਵਿਚ ਉਸ ਦਾ ਮਨ ਨਹੀਂ ਲੱਗਦਾ। ਇੰਦਰੀਆਂ ਦੇ ਆਤਮ-ਕੇਂਦਰਿਤ ਹੋਣ ਕਾਰਨ ਮਨੁੱਖ ਦਾ ਮਨ ਬ੍ਰਹਮਾ ਦੇ ਅੰਸ਼ ਆਤਮਾ ਨੂੰ ਪਛਾਣਨ ਲੱਗਦਾ ਹੈ। ਅਜਿਹੇ ਵਿਅਕਤੀ ਨੂੰ ਅਧਿਆਤਮ ਵਿਚ ਤੱਤ ਗਿਆਨੀ ਕਿਹਾ ਜਾਂਦਾ ਹੈ। ਅਜਿਹਾ ਤੱਤ ਗਿਆਨੀ ਸਾਰੀਆਂ ਇੰਦਰੀਆਂ, ਤਿੰਨਾਂ ਗੁਣਾਂ-ਸਤੋ, ਰਜੋ, ਤਮੋ ਅਤੇ ਅੱਠਾਂ ਸਿੱਧੀਆਂ ਨੂੰ ਤਿਆਗ ਕੇ ਨਿੱਤ ਪਰਮਾਤਮਾ ਦੇ ਦਰਸ਼ਨ ਕਰਦਾ ਹੈ। ਇਸੇ ਨੂੰ ਗੀਤਾ ਦੇ ਅਧਿਆਇ ਤੇਰਾਂ ਵਿਚ ਗਿਆਨ ਕਿਹਾ ਗਿਆ ਹੈ ਅਤੇ ਅਜਿਹੇ ਵੈਰਾਗੀ ਨੂੰ ਹੀ ਅਸਲ ਵਿਚ ਗਿਆਨੀ ਕਿਹਾ ਗਿਆ ਹੈ। ਵੈਰਾਗ ਦੇ ਮਾਰਗ 'ਤੇ ਚੱਲਣ ਲਈ ਮਨੁੱਖ ਵਿਚ ਹਿੰਸਾ, ਈਰਖਾ, ਨਫ਼ਰਤ, ਲੋਭ-ਮੋਹ, ਆਚਾਰੀਆ ਸੇਵਾ ਦੀ ਘਾਟ, ਅਸਥਿਰਤਾ, ਮਨ ਦਾ ਸ਼ੁੱਧ ਨਾ ਹੋਣਾ, ਹੰਕਾਰ ਅਤੇ ਜਨਮ-ਮੌਤ ਦਾ ਡਰ ਆਦਿ ਔਗੁਣ ਨਹੀਂ ਹੋਣੇ ਚਾਹੀਦੇ। ਇਨ੍ਹਾਂ ਨੂੰ ਤਿਆਗਣ 'ਤੇ ਹੀ ਮਨੁੱਖ ਦੀਆਂ ਇੰਦਰੀਆਂ ਖ਼ੁਦ ਹੀ ਆਤਮ ਕੇਂਦਰਿਤ ਹੋ ਕੇ ਮਨ ਨੂੰ ਸਥਿਰ ਬਣਾ ਕੇ ਉਸ ਨੂੰ ਈਸ਼ਵਰ ਦੀ ਖੋਜ ਵਿਚ ਲਗਾਉਣ ਲੱਗਦੀਆਂ ਹਨ। ਇਸ ਤਰ੍ਹਾਂ ਇਕਾਂਤ ਵਿਚ ਆਪਣੀ ਆਤਮਾ ਦੇ ਰੂਪ ਵਿਚ ਈਸ਼ਵਰ ਦਾ ਦਰਸ਼ਨ ਕਰਦਾ ਹੋਇਆ ਮਨੁੱਖ ਆਪਾ ਪਛਾਣਨ ਲੱਗਦਾ ਹੈ। ਉਪਰੋਕਤ ਔਗੁਣਾਂ ਨੂੰ ਤਿਆਗਣ ਲਈ ਮਹਾਰਿਸ਼ੀ ਪਤੰਜਲੀ ਨੇ ਅਸ਼ਟਾਂਗ ਯੋਗ ਦੇ ਪਹਿਲੇ ਦੋ ਯੋਗਾਂ ਵਿਚ ਯਮ ਅਤੇ ਨਿਯਮ ਦਾ ਨਿਰਮਾਣ ਸਿਰਫ਼ ਮਨੁੱਖ ਦੇ ਮਨ 'ਤੇ ਖ਼ੁਦ-ਬ-ਖ਼ੁਦ ਕਾਬੂ ਪਾਉਣ ਲਈ ਹੀ ਕੀਤਾ ਹੈ। ਉਨ੍ਹਾਂ ਵਿਚ ਦੱਸੇ ਅਨੁਸਾਰ ਆਚਰਨ ਕਰਨ 'ਤੇ ਮਨੁੱਖ ਦੀਆਂ ਇੰਦਰੀਆਂ ਆਤਮ-ਕੇਂਦਰਿਤ ਹੁੰਦੀਆਂ ਹਨ। ਅਜਿਹਾ ਵਿਅਕਤੀ ਆਪਾ ਪਛਾਣਨ ਲਈ ਤਿਆਰ ਹੋ ਜਾਂਦਾ ਹੈ। ਅਸ਼ਟਾਂਗ ਯੋਗ ਵਿਚ ਅੰਤ ਵਿਚ ਉਸ ਦੀ ਸਮਾਧੀ ਲੱਗ ਜਾਂਦੀ ਹੈ। ਇਹ ਸਮਾਧੀ ਆਪਣੇ ਨਾਲ ਜਾਣ-ਪਛਾਣ ਦਾ ਹੀ ਰੂਪ ਹੈ। ਇਸ ਲਈ ਮਨੁੱਖ ਨੂੰ ਇਕਾਂਤ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਸ ਨੂੰ ਈਸ਼ਵਰ ਦਾ ਦਰਸ਼ਨ ਹੋ ਸਕੇ ਅਤੇ ਉਹ ਆਪਣਾ ਜੀਵਨ ਸਾਰਥਕ ਬਣਾ ਸਕੇ।

-ਕਰਨਲ ਸ਼ਿਵਦਾਨ ਸਿੰਘ।

Posted By: Sukhdev Singh