ਮਨੁੱਖ ਆਪਣੇ ਹਰੇਕ ਕੰਮ ਦੀ ਪ੍ਰਸ਼ੰਸਾ ਸੁਣਨ ਲਈ ਉਤਾਵਲਾ ਰਹਿੰਦਾ ਹੈ ਪਰ ਜ਼ਰੂਰੀ ਨਹੀਂ ਕਿ ਹਮੇਸ਼ਾ ਅਜਿਹਾ ਹੋਵੇ। ਕਦੇ ਕਮੀਆਂ ਵੀ ਤਾਂ ਨਿਕਲ ਸਕਦੀਆਂ ਹਨ। ਇਸ ਲਈ ਵਿਅਕਤੀ ਨੂੰ ਨੁਕਤਾਚੀਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਨੁਕਤਾਚੀਨੀ ਨੂੰ ਸਮਝਣ ਵਿਚ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਸ਼ੁਭ ਚਿੰਤਕਾਂ ਦੀਆਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਸਦਾ ਸਾਡਾ ਹਿੱਤ ਹੀ ਚਾਹੁੰਦੇ ਹਨ। ਉਹ ਆਪਣੀ ਰਾਇ ਦੇ ਕੇ ਸਾਡੀ ਮਦਦ ਹੀ ਕਰਨੀ ਚਾਹੁੰਦੇ ਹਨ, ਸਾਨੂੰ ਨੀਵਾਂ ਦਿਖਾਉਣਾ ਉਨ੍ਹਾਂ ਦਾ ਮਕਸਦ ਨਹੀਂ ਹੁੰਦਾ। ਇਸ ਲਈ ਸ਼ੁਭ ਚਿੰਤਕਾਂ ਦੀ ਰਾਇ ਨੂੰ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਉਸ 'ਤੇ ਅਮਲ ਕਰਨਾ ਚਾਹੀਦਾ ਹੈ। ਜੇ ਕੋਈ ਵਿਅਕਤੀ ਨੁਕਤਾਚੀਨੀਆਂ ਨੂੰ ਸਹਿਣ ਕਰਨਾ ਸਿੱਖ ਲੈਂਦਾ ਹੈ ਤਾਂ ਉਹ ਆਪਣੇ-ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੰਤੁਲਿਤ ਬਣਾ ਲੈਂਦਾ ਹੈ। ਨੁਕਤਾਚੀਨੀਆਂ ਦਾ ਸਹੀ ਜਵਾਬ ਦੇਣ ਦੀ ਕਲਾ ਵੀ ਉਹ ਸਿੱਖ ਲੈਂਦਾ ਹੈ। ਸਾਡਾ ਹੰਕਾਰ ਹੀ ਸਾਡੀ ਸੋਚਣ-ਸਮਝਣ ਦੀ ਸਮਰੱਥਾ ਨੂੰ ਸੀਮਤ ਕਰ ਕੇ ਰੱਖਦਾ ਹੈ ਜੋ ਕਿ ਸਾਡੀ ਨਿੱਜੀ ਤਰੱਕੀ ਅਤੇ ਸਿਹਤ ਸਬੰਧਾਂ ਲਈ ਚੰਗਾ ਨਹੀਂ ਹੈ। ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਗੱਲ 'ਤੇ ਸ਼ਲਾਘਾ ਕਰਨ ਵਾਲੇ ਲੋਕ ਸਾਨੂੰ ਲਾਭ ਦੇਣ ਦੀ ਥਾਂ ਹਾਨੀ ਜ਼ਿਆਦਾ ਪਹੁੰਚਾ ਸਕਦੇ ਹਨ। ਅਜਿਹੇ ਲੋਕ ਆਉਣ ਵਾਲੇ ਖ਼ਤਰਿਆਂ ਤੋਂ ਸਾਨੂੰ ਆਗਾਹ ਨਹੀਂ ਕਰਦੇ ਅਤੇ ਸਾਡੀ ਚੇਤਨਾ ਨੂੰ ਵੀ ਜਾਗ੍ਰਿਤ ਨਹੀਂ ਕਰਦੇ। ਇਸ ਲਈ ਨੁਕਤਾਚੀਨੀਆਂ ਨੂੰ ਸਵੀਕਾਰ ਕਰ ਕੇ ਅਸੀਂ ਹਕੀਕਤ ਦੇ ਜ਼ਿਆਦਾ ਰੂਬਰੂ ਹੁੰਦੇ ਹਾਂ, ਵੱਧ ਜਾਗਰੂਕ ਹੁੰਦੇ ਹਾਂ ਅਤੇ ਜੀਵਨ ਵਿਚ ਦੂਜਿਆਂ ਨਾਲ ਸਹੀ ਵਿਵਹਾਰ ਕਰਨਾ ਸਿੱਖਦੇ ਹਾਂ। ਅਸੀਂ ਆਪਣੇ ਜੀਵਨ ਵਿਚ ਜਿੰਨਾ ਅੱਗੇ ਵੱਧਦੇ ਜਾਂਦੇ ਹਾਂ, ਓਨੀਆਂ ਹੀ ਨੁਕਤਾਚੀਨੀਆਂ ਵੀ ਵੱਧਦੀਆਂ ਜਾਂਦੀਆਂ ਹਨ। ਕੁਝ ਵੱਡਾ ਮੁਕਾਮ ਹਾਸਲ ਕਰਨ ਵਾਸਤੇ ਇਹ ਜ਼ਰੂਰੀ ਹੈ ਕਿ ਆਪਣਾ ਆਤਮ-ਵਿਸ਼ਵਾਸ ਬਣਾਈ ਰੱਖਦੇ ਹੋਏ ਅਸੀਂ ਨੁਕਤਾਚੀਨੀਆਂ ਨੂੰ ਸਿਹਤਮੰਦ ਭਾਵ ਨਾਲ ਸਵੀਕਾਰ ਕਰੀਏ ਕਿਉਂਕਿ ਸਮੇਂ ਦੇ ਨਾਲ ਸਾਨੂੰ ਇਸ ਗੱਲ ਦਾ ਅਭਿਆਸ ਵੀ ਹੋ ਜਾਂਦਾ ਹੈ ਕਿ ਕਿਹੜੀਆਂ ਨੁਕਤਾਚੀਨੀਆਂ ਸਹੀ ਹਨ ਅਤੇ ਕਿਹੜੀਆਂ ਗ਼ਲਤ। ਕਿਹੜੀਆਂ ਨੂੰ ਸਵੀਕਾਰਨਾ ਚਾਹੀਦਾ ਹੈ ਅਤੇ ਕਿਹੜੀਆਂ ਨੂੰ ਅਸਵੀਕਾਰ ਕਰਦੇ ਹੋਏ ਛੱਡ ਦੇਣਾ ਚਾਹੀਦਾ ਹੈ। ਸਾਡੇ ਕੰਮਾਂ ਵਿਚ ਸੁਭਾਵਿਕ ਤੌਰ 'ਤੇ ਗ਼ਲਤੀਆਂ ਹੋ ਜਾਂਦੀਆਂ ਹਨ। ਜੇ ਕੋਈ ਵਿਅਕਤੀ ਉਨ੍ਹਾਂ ਗ਼ਲਤੀਆਂ ਨੂੰ ਉਜਾਗਰ ਕਰਦਾ ਹੈ ਤਾਂ ਉਸ 'ਤੇ ਨਾਰਾਜ਼ ਹੋਣ ਦੀ ਥਾਂ ਉਨ੍ਹਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਦੇ ਹੋਏ ਆਪਣੀਆਂ ਨੁਕਤਾਚੀਨੀਆਂ ਨੂੰ ਸੁਣਨਾ, ਉਨ੍ਹਾਂ 'ਤੇ ਗ਼ੌਰ ਕਰਨਾ, ਕਮੀਆਂ ਨੂੰ ਸੁਧਾਰਨਾ ਸਾਨੂੰ ਅੱਗੇ ਵੱਧਣ ਦੇ ਸਮਰੱਥ ਬਣਾਉਂਦਾ ਹੈ।

-ਮੁਕੇਸ਼ ਰਿਸ਼ੀ।

Posted By: Rajnish Kaur