ਇਨਸਾਨ ਦੀਆਂ 'ਜ਼ਰੂਰਤਾਂ' ਭਾਵੇਂ ਪੂਰੀਆਂ ਹੋ ਜਾਣ ਪਰ ਉਸ ਦੀਆਂ 'ਖ਼ਾਹਿਸ਼ਾਂ' ਪੂਰੀਆਂ ਹੋਣ ਦਾ ਨਾਂ ਨਹੀਂ ਲੈਂਦੀਆਂ। ਇਹ ਇਕ ਅਜਿਹਾ ਸੱਚ ਹੈ ਜਿਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜਿਸ ਨੂੰ ਭਰ ਪੇਟ ਰੋਟੀ ਮਿਲਦੀ ਹੈ ਉਹ ਪਕਵਾਨਾਂ ਦੀ ਉਮੀਦ ਰੱਖਦਾ ਹੈ। ਜਿਸ ਨੂੰ ਤਨ ਢਕਣ ਲਈ ਕੱਪੜੇ ਮਿਲਦੇ ਹਨ ਉਹ ਫੈਸ਼ਨੇਬਲ ਕੱਪੜਿਆਂ ਦੀ ਖ਼ਾਹਿਸ਼ ਰੱਖਦਾ ਹੈ। ਜਿਸ ਦੇ ਸਿਰ 'ਤੇ ਛੱਤ ਹੈ ਉਹ ਕੋਠੀ ਦੀ ਉਮੀਦ ਰੱਖਦਾ ਹੈ। ਅਰਥਾਤ ਇਨਸਾਨ ਦੀ ਇਕ ਖ਼ਾਹਿਸ਼ ਪੂਰੀ ਹੋ ਜਾਂਦੀ ਹੈ ਤਾਂ ਦੋ ਹੋਰ ਉਪਜ ਜਾਂਦੀਆਂ ਹਨ। ਇਸੇ ਲਈ ਮਹਾਤਮਾ ਬੁੱਧ ਨੇ ਕਿਹਾ ਸੀ ਕਿ ਸਾਡੇ ਦੁੱਖਾਂ ਦਾ ਕਾਰਨ ਸਾਡੀਆਂ ਖ਼ਾਹਿਸ਼ਾਂ ਹਨ। ਜਦ ਤਕ ਅਸੀਂ ਖ਼ਾਹਿਸ਼ਾਂ ਦਾ ਅੰਤ ਨਹੀਂ ਕਰਾਂਗੇ, ਅਸੀਂ ਖ਼ੁਸ਼ ਨਹੀਂ ਰਹਿ ਸਕਦੇ। ਅਜੋਕੇ ਸਮੇਂ ਵਿਚ ਜਦ ਮਹਿੰਗਾਈ ਪੂਰੇ ਜੋਬਨ 'ਤੇ ਹੈ ਅਤੇ ਮਨੁੱਖ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਅਜਿਹੇ ਵਿਚ ਵੀ ਉਸ ਦੀਆਂ ਖ਼ਾਹਿਸ਼ਾਂ ਘੱਟ ਨਹੀਂ ਹੋ ਰਹੀਆਂ। ਉਹ ਦੂਜੇ ਇਨਸਾਨ ਦੀ ਤਰੱਕੀ ਵੇਖ ਕੇ ਜਿੱਥੇ ਸੜਦਾ ਰਹਿੰਦਾ ਹੈ ਉੱਥੇ ਹੀ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੀ ਇਸੇ ਫਿਤਰਤ ਕਾਰਨ ਉਹ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਹੱਥ-ਪੈਰ ਮਾਰਦਾ ਰਹਿੰਦਾ ਹੈ। ਇਸ ਜਨੂੰਨ ਵਿਚ ਜੋ ਉਸ ਦੇ ਕੋਲ ਹੈ ਉਹ ਉਸ ਨੂੰ ਵੀ ਦਾਅ 'ਤੇ ਲਾ ਦਿੰਦਾ ਹੈ। ਅਕਸਰ ਅਸੀਂ ਇਹ ਗੱਲ ਸੁਣਦੇ ਹਾਂ ਕਿ ਕਿਸੇ ਨੂੰ ਵੀ 'ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ' ਕੁਝ ਨਹੀਂ ਮਿਲਦਾ' ਪਰ ਅਸਲ ਵਿਚ ਬਿਨਾਂ ਮਿਹਨਤ ਕੀਤਿਆਂ ਕਦੇ ਵੀ ਕੁਝ ਨਹੀਂ ਮਿਲਦਾ। ਮਸਲਨ ਇਮਤਿਹਾਨਾਂ 'ਚ ਵਿਦਿਆਰਥੀ ਸਾਰਾ ਸਾਲ ਕੀਤੀ ਪੜ੍ਹਾਈ ਦੇ ਆਧਾਰ 'ਤੇ ਹੀ ਸਫਲ ਹੋ ਸਕਦਾ ਹੈ। ਜੇ ਉਸ ਨੇ ਸਾਰਾ ਸਾਲ ਮਿਹਨਤ ਨਾਲ ਪੜ੍ਹਾਈ ਨਹੀਂ ਕੀਤੀ ਤਾਂ ਪਾਸ ਹੋਣਾ ਨਾਮੁਮਕਿਨ ਹੈ। ਜੇ ਅਸੀਂ ਆਪਣੀ ਜੂਨ ਸੁਧਾਰਨੀ ਚਾਹੁੰਦੇ ਹਾਂ ਤਾਂ ਸਾਨੂੰ ਸਖ਼ਤ ਮਿਹਨਤ ਕਰਨੀ ਹੀ ਪਵੇਗੀ। ਜਦ ਸਾਡੇ ਦਿਲ ਦੇ ਕਿਸੇ ਕੋਨੇ ਤੋਂ ਸਾਨੂੰ ਇਹ ਆਵਾਜ਼ ਲਗਾਤਾਰ ਆਉਂਦੀ ਰਹੇ ਕਿ ਅਸੀਂ ਗ਼ਲਤ ਕਰ ਰਹੇ ਹਾਂ ਅਤੇ ਇਸ ਦਾ ਅੰਜਾਮ ਭਿਆਨਕ ਵੀ ਹੋ ਸਕਦਾ ਹੈ ਤਾਂ ਸਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ। 'ਮ੍ਰਿਗ ਤ੍ਰਿਸ਼ਨਾ' ਕਾਰਨ ਮਨੁੱਖ ਨੂੰ ਅਕਸਰ ਕੁਝ ਸਮਝ ਨਹੀਂ ਆਉਂਦਾ ਅਤੇ ਜਦ ਤਕ ਸਮਝ ਆਉਂਦਾ ਹੈ ਉਦੋਂ ਤਕ ਬਹੁਤ ਦੇਰੀ ਹੋ ਚੁੱਕੀ ਹੁੰਦੀ ਹੈ। ਆਪਣੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਨਾ ਕਿ ਲੋਕਾਂ ਦੀ ਉੱਨਤੀ ਨੂੰ ਵੇਖ ਕੇ ਸੜਨ ਜਾਂ ਉਨ੍ਹਾਂ ਵਰਗੀ ਜੀਵਨ-ਸ਼ੈਲੀ ਲਈ ਆਪਣਾ ਸਭ ਕੁਝ ਲੁਟਾਉਣ ਦੀ।

-ਨੀਰਜ ਯਾਦਵ, ਫਿਰੋਜ਼ਪੁਰ। ਸੰਪਰਕ : 87280-00221

Posted By: Sukhdev Singh