ਅਧਿਆਤਮ ਮੁਤਾਬਕ ਧਰਮ ਨਾਲ ਵੈਰਾਗ ਅਤੇ ਯੋਗਾ ਨਾਲ ਗਿਆਨ ਉਤਪੰਨ ਹੁੰਦਾ ਹੈ। ਇੱਥੇ ਧਰਮ ਤੋਂ ਮਤਲਬ ਕੇਵਲ ਪੂਜਾ-ਪਾਠ ਜਾਂ ਵਿਸ਼ਵਾਸ ਤੋਂ ਨਹੀਂ ਹੈ ਬਲਕਿ ਧਰਮ ਦਾ ਅਸਲੀ ਮਤਲਬ ਹੈ ਸਾਰੇ ਪ੍ਰਾਣੀ ਮਾਤਰ ਦੇ ਕਲਿਆਣ ਦੀ ਭਾਵਨਾ ਅਤੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਅਪਨਾਉਣਾ। ਇਸੇ ਤਰ੍ਹਾਂ ਯੋਗਾ ਨਾਲ ਗਿਆਨ ਦੀ ਪ੍ਰਾਪਤੀ ਬਾਰੇ ਕਿਹਾ ਗਿਆ ਹੈ ਕਿ ਯੋਗਾ ਦੇ ਰਾਹ 'ਤੇ ਚੱਲ ਕੇ ਈਸ਼ਵਰ ਤੱਤ ਨੂੰ ਪਛਾਣ ਕੇ ਮਨੁੱਖ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਕੁਝ ਸਰੀਰਕ ਕਸਰਤਾਂ ਯੋਗਾ ਨਹੀਂ ਹਨ। ਅਸਲ ਵਿਚ ਯੋਗਾ ਤਾਂ ਈਸ਼ਵਰ ਨਾਲ ਜੁੜਨਾ ਹੈ। ਇਸ ਲਈ ਮਹਾਰਿਸ਼ੀ ਪਤੰਜਲੀ ਨੇ ਯੋਗਾ ਦੇ ਅੱਠ ਕਦਮ ਨਿਰਧਾਰਤ ਕੀਤੇ ਹਨ ਜਿਨ੍ਹਾਂ ਵਿਚ ਸਰੀਰਕ ਕਸਰਤਾਂ ਨੂੰ ਚੌਥੇ ਸਥਾਨ 'ਤੇ ਰੱਖਿਆ ਹੈ ਅਤੇ ਇਨ੍ਹਾਂ ਨੂੰ ਆਸਣ ਦਾ ਨਾਂ ਦਿੱਤਾ ਗਿਆ ਹੈ। ਯੋਗਾ 'ਚ ਸਭ ਤੋਂ ਵੱਡਾ ਮਹੱਤਵ ਮਨੁੱਖ ਦੇ ਮਨ ਦੀ ਸ਼ੁੱਧੀ ਅਤੇ ਇੰਦਰੀਆਂ 'ਤੇ ਕਾਬੂ ਪਾਉਣਾ ਹੈ। ਇਸ ਲਈ ਪਹਿਲੇ ਸਥਾਨ 'ਤੇ ਯਮ-ਸੱਚ, ਅਹਿੰਸਾ, ਬ੍ਰਹਮਚਾਰਿਆ, ਅਪਰਿਗ੍ਰਹਿ ਅਤੇ ਅਸਤੇ ਹੈ। ਦੂਜੇ ਸਥਾਨ 'ਤੇ ਨਿਯਮ-ਤਪੱਸਿਆ, ਸਵੈਧਿਆਏ, ਮਨ ਦੀ ਮੈਲ ਦੂਰ ਕਰਨੀ, ਸਬਰ ਤੇ ਈਸ਼ਵਰ ਪ੍ਰਾਣੀਧਾਨ ਹੈ। ਇੱਥੇ ਅਪਰਿਗ੍ਰਹਿ ਤੋਂ ਭਾਵ ਹੈ ਜ਼ਰੂਰਤ ਤੋਂ ਵੱਧ ਸੰਗ੍ਰਹਿ ਨਾ ਕਰਨਾ ਅਤੇ ਅਸਤੇ ਦਾ ਅਰਥ ਹੈ ਚੋਰੀ ਨਾ ਕਰਨਾ। ਇਸ ਤੋਂ ਬਾਅਦ ਤੀਜੇ ਸਥਾਨ 'ਤੇ ਪ੍ਰਤੀਹਾਰ ਨੂੰ ਰੱਖਿਆ ਗਿਆ ਹੈ ਜਿਸ ਦੁਆਰਾ ਯੋਗਾ ਦੇ ਮਾਰਗ 'ਤੇ ਚੱਲਣ ਵਾਲਾ ਸਾਧਕ ਇੰਦਰੀਆਂ ਦੇ ਵਿਸ਼ੇ ਭੋਗਾਂ ਨੂੰ ਤਿਆਗ ਕੇ ਖ਼ੁਦ ਨੂੰ ਸਮ ਸਥਿਤੀ ਵਿਚ ਲਿਆਉਂਦਾ ਹੈ। ਸਮ ਸਥਿਤੀ ਵਿਚ ਪੁੱਜਣ ਵਾਲੇ ਮਨੁੱਖ ਵਿਚ ਹਿੰਸਾ, ਹੰਕਾਰ ਵਰਗੇ ਔਗੁਣ ਨਹੀਂ ਹੁੰਦੇ। ਅਜਿਹੇ ਮਨੁੱਖ ਪੂਰੇ ਸੰਸਾਰ ਵਿਚ ਸਮਾਨ ਰੂਪ ਵਿਚ ਬ੍ਰਹਮਾ ਨੂੰ ਦੇਖਣ ਲੱਗਦੇ ਹਨ। ਇਸ ਤਰ੍ਹਾਂ ਵੈਰਾਗੀ ਉਹ ਹੈ ਜੋ ਜਗਤ ਵਿਚ ਪ੍ਰਾਪਤ ਸਾਰੀਆਂ ਸਿੱਧੀਆਂ ਅਤੇ ਕੁਦਰਤ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਚੁੱਕਾ ਹੈ। ਸਿੱਧੀਆਂ ਤੋਂ ਭਾਵ ਹੈ ਕਿ ਉਹ ਆਪਣੇ ਅਹੁਦੇ ਅਤੇ ਵੱਕਾਰ ਦੇ ਪ੍ਰਭਾਵ ਨੂੰ ਤਿਆਗ ਚੁੱਕਾ ਹੋਵੇ। ਅਜਿਹੀ ਸਥਿਤੀ ਵਿਚ ਪੁੱਜ ਕੇ ਮਨੁੱਖ ਦੇ ਹਿਰਦੇ ਵਿਚ ਈਸ਼ਵਰ ਭਗਤੀ ਦਾ ਸੱਚਾ ਭਾਵ ਜਾਗ੍ਰਿਤ ਹੋ ਜਾਂਦਾ ਹੈ ਅਤੇ ਉਹ ਇਸੇ ਜੀਵਨ ਵਿਚ ਮੁਕਤ ਹੋ ਕੇ ਮੁਕਤੀ ਦਾ ਅਹਿਸਾਸ ਕਰਨ ਲੱਗਦਾ ਹੈ ਜੋ ਮਨੁੱਖ ਦਾ ਸਭ ਤੋਂ ਵੱਡਾ ਮਕਸਦ ਹੈ। ਆਵਾਗਮਨ ਦੇ ਚੱਕਰ ਤੋਂ ਮੁਕਤੀ ਹੀ ਜੀਵ ਆਤਮਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। -ਕਰਨਲ ਸ਼ਿਵਦਾਨ ਸਿੰਘ।

Posted By: Jagjit Singh