ਭਾਰਤੀ ਚਿੰਤਨ ਅਤੇ ਜੀਵਨ ਦਰਸ਼ਨ ਧਰਮ ਆਧਾਰਤ ਰਿਹਾ ਹੈ। ਧਰਮ ਕੋਈ ਵਿਸ਼ੇਸ਼ ਪੂਜਾ-ਪ੍ਰਣਾਲੀ ਨਾ ਹੋ ਕੇ ਜੀਵਨ ਵਿਵਹਾਰ ਦਾ ਨਤੀਜਾ ਹੈ। ਧਰਮ ਤੋਂ ਹੀ ਕੋਈ ਵਸਤੂ ਗੁਣ ਧਾਰਨ ਕਰਦੀ ਹੈ। ਜਿਵੇਂ ਵਿਦਿਆਰਥੀ ਦਾ ਧਰਮ ਹੈ-ਅਧਿਐਨ। ਜੇਕਰ ਕੋਈ ਵਿਦਿਆਰਥੀ ਅਧਿਐਨ ਛੱਡ ਕੇ ਵਪਾਰ ਕਰਨ ਲੱਗੇ ਤਾਂ ਉਸ ਨੂੰ ਕੌਣ ਵਿਦਿਆਰਥੀ ਕਹੇਗਾ? ਧਰਮ ਹੀ ਜੀਵਨ ਨੂੰ ਸਹੀ ਮਾਰਗ 'ਤੇ ਸੰਚਾਲਿਤ ਕਰਦਾ ਹੈ। ਇਸੇ ਲਈ ਤਾਂ ਵੇਦ-ਵਿਆਸ ਕਹਿੰਦੇ ਹਨ ਕਿ ਜੋ ਵਿਅਕਤੀ ਧਰਮ ਦਾ ਹਨਨ ਕਰਦਾ ਹੈ, ਧਰਮ ਉਸ ਦਾ ਹਨਨ ਕਰਦਾ ਹੈ ਅਤੇ ਜੋ ਧਰਮ ਦੀ ਰੱਖਿਆ ਕਰਦਾ ਹੈ, ਧਰਮ ਉਸ ਦੀ ਰੱਖਿਆ ਕਰਦਾ ਹੈ। ਇਸ ਤਰ੍ਹਾਂ ਧਰਮ ਸਾਡੇ ਜੀਵਨ ਦੇ ਲੋਕਿਕ (ਦੁਨਿਆਵੀ) ਅਤੇ ਅਲੋਕਿਕ (ਰੂਹਾਨੀ) ਦੋਵਾਂ ਹੀ ਪੱਖਾਂ ਦੀ ਰੱਖਿਆ ਕਰਦਾ ਹੈ। ਜਦ ਮਨੁੱਖ ਧਰਮ ਦੀ ਦ੍ਰਿਸ਼ਟੀ ਛੱਡ ਕੇ ਲੋਭ ਦੀ ਦ੍ਰਿਸ਼ਟੀ ਨਾਲ ਜੀਵਨ ਦੇ ਟੀਚਿਆਂ ਨੂੰ ਦੇਖਣ ਲੱਗਦਾ ਹੈ ਉਦੋਂ ਸਮੱਸਿਆਵਾਂ ਜਨਮ ਲੈਂਦੀਆਂ ਹਨ। ਜਿਵੇਂ-ਜਿਵੇਂ ਮਨੁੱਖ ਦੀ ਆਤਮਾ ਦੀ ਖ਼ੁਸ਼ਹਾਲੀ ਅਰਥਾਤ ਧਰਮ ਨੂੰ ਛੱਡ ਕੇ ਭੌਤਿਕ ਖ਼ੁਸ਼ਹਾਲੀ ਅਰਥਾਤ ਸੰਸਾਰਕ ਚਮਕ-ਦਮਕ ਲਈ ਜਿਊਣ ਲੱਗਦਾ ਹੈ, ਤਿਵੇਂ-ਤਿਵੇਂ ਤਬਾਹੀ ਦੇ ਲੱਛਣ ਡੂੰਘੇ ਹੋਣ ਲੱਗਦੇ ਹਨ। ਇਸ ਤਬਾਹੀ ਨੂੰ ਰੋਕਣ ਲਈ ਵੱਖ-ਵੱਖ ਕਾਨੂੰਨਾਂ ਅਤੇ ਸਜ਼ਾਵਾਂ ਦੀ ਜ਼ਰੂਰਤ ਪੈਂਦੀ ਹੈ। ਮਹਾਭਾਰਤ ਦੇ ਸ਼ਾਂਤੀ ਪਰਵ ਵਿਚ ਜ਼ਿਕਰ ਹੈ ਕਿ ਪਹਿਲਾਂ ਨਾ ਕੋਈ ਸੂਬਾ ਸੀ, ਨਾ ਰਾਜਾ, ਨਾ ਸਜ਼ਾ ਅਤੇ ਨਾ ਸਜ਼ਾ ਦੇਣ ਵਾਲਾ। ਸਾਰੀ ਪਰਜਾ ਧਰਮ ਰਾਹੀਂ ਹੀ ਇਕ-ਦੂਜੇ ਦੀ ਰੱਖਿਆ ਕਰਦੀ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਸਭ 'ਤੇ ਮੋਹ ਛਾ ਗਿਆ। ਜਦ ਸਾਰੇ ਮਨੁੱਖ ਮੋਹ ਦੇ ਵੱਸ ਪੈ ਗਏ ਉਦੋਂ ਚੰਗੇ ਤੇ ਮਾੜੇ ਕੰਮਾਂ ਦੇ ਗਿਆਨ ਤੋਂ ਮਨਫ਼ੀ ਹੋਣ ਕਾਰਨ ਉਨ੍ਹਾਂ ਦੇ ਧਰਮ ਦਾ ਨਾਸ ਹੋ ਗਿਆ। ਫਿਰ ਜੋ ਵਸਤੂ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਈ ਸੀ, ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਨ ਲੱਗੇ। ਇੱਥੋਂ ਹੀ ਉਸ ਉਪਭੋਗਤਾਵਾਦੀ ਸੰਸਕ੍ਰਿਤੀ ਦਾ ਮੁੱਢ ਬੱਝਾ। ਇਸ ਤਰ੍ਹਾਂ ਲੋਕ ਆਪਣੇ ਧਰਮ ਦੇ ਮਾਰਗ ਤੋਂ ਭਟਕਦੇ ਚਲੇ ਗਏ। ਸਮਾਜ ਨੂੰ ਮੁੜ ਧਰਮ ਦੇ ਰਾਹ 'ਤੇ ਲਿਆਉਣ ਲਈ ਸਜ਼ਾ ਵਿਵਸਥਾ ਦੀ ਜ਼ਰੂਰਤ ਪਈ ਪਰ ਇਹ ਕੋਈ ਬਹੁਤ ਨਿਰਦੋਸ਼ ਵਿਵਸਥਾ ਨਹੀਂ ਹੈ। ਸਜ਼ਾ ਮਨੁੱਖ ਨੂੰ ਸਿਰਫ਼ ਬਾਹਰੋਂ ਜ਼ਾਬਤੇ ਵਿਚ ਰੱਖ ਸਕਦੀ ਹੈ ਜਦਕਿ ਧਰਮ ਦੀ ਪਾਲਣਾ ਕਰਨ 'ਤੇ ਮਨੁੱਖ ਅੰਦਰੋਂ ਹੀ ਜ਼ਾਬਤੇ ਵਿਚ ਰਹਿੰਦਾ ਹੈ। ਜੇਕਰ ਵਿਅਕਤੀ ਖ਼ੁਦ ਹੀ ਆਪਣੇ ਜੀਵਨ ਧਰਮ ਦੀ ਪਾਲਣਾ ਕਰੇ ਤਾਂ ਇਕ ਚੰਗੀ ਵਿਵਸਥਾ ਵਾਲੇ ਸਮਾਜ ਦੀ ਸਥਾਪਨਾ ਸੰਭਵ ਹੈ।

-ਡਾ. ਪ੍ਰਸ਼ਾਂਤ ਅਗਨੀਹੋਤਰੀ।

Posted By: Susheel Khanna