ਪਰਮਾਤਮਾ ਅਤੇ ਬੰਦੇ ਵਿਚਾਲੇ ਰਿਸ਼ਤਾ ਬੜਾ ਹੀ ਗਹਿਰਾ ਹੈ। ਪਰਮਾਤਮਾ ਦੇ ਅਨੇਕ ਨਾਂ ਹਨ ਪਰ ਅਸਲ ਵਿਚ ਉਹ ਇਕ ਹੀ ਹੈ। ਜੇ ਉਸ ਨਾਲ ਪ੍ਰੀਤ ਪੈ ਜਾਵੇ ਤਾਂ ਹਰ ਸੁੱਖ ਮਿਲ ਜਾਂਦਾ ਹੈ। ਜਦੋ ਰੱਬ ਮਿਹਰਬਾਨ ਹੋ ਜਾਵੇ ਤਾਂ ਫਿਰ ਬਾਜ਼ੀ ਦੇ ਨਾਲ-ਨਾਲ ਜ਼ਿੰਦਗੀ ਵੀ ਬਦਲ ਦਿੰਦਾ ਹੈ। ਸਾਰੀ ਦੁਨੀਆ ਮਤਲਬੀ ਹੈ। ਇਕ ਰੱਬ ਹੀ ਹੈ ਜੋ ਬਿਨਾਂ ਕਿਸੇ ਮਤਲਬ ਤੋਂ ਸਾਡੇ ਨਾਲ ਖੜ੍ਹਦਾ ਹੈ। ਰੱਬ ਦੇ ਰੰਗ ਨਿਆਰੇ ਹਨ। ਸੱਚੇ ਦਿਲੋਂ ਜੇ ਉਸ ਨਾਲ ਪਿਆਰ ਪਾ ਲਈਏ ਤਾਂ ਉਹ ਸਾਨੂੰ ਡੋਲਣ ਨਹੀਂ ਦਿੰਦਾ। ਪਰਮਾਤਮਾ ਦਾ ਪਿਆਰ ਅਨੰਤ ਹੈ। ਜਦੋ ਰੱਬੀ ਕ੍ਰਿਸ਼ਮਾ ਹੁੰਦਾ ਹੈ ਤਾਂ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਹਨ। ਲੋਕ ਤਾਂ ਕਿਸੇ ਲਈ ਥੋੜ੍ਹਾ ਜਿਹਾ ਕਰਨ 'ਤੇ ਵੀ ਅਹਿਸਾਨ ਕੀਤੇ ਹੋਣ ਦਾ ਅਹਿਸਾਸ ਕਰਵਾ ਦਿੰਦੇ ਹਨ ਪਰ ਪਰਮਾਤਮਾ ਦੇ ਦਰ ਤੋਂ ਕਦੇ ਕੋਈ ਤਾਅਨਾ ਨਹੀਂ ਮਿਲਦਾ। ਰੱਬ ਨੂੰ ਕੀਤੀ ਪ੍ਰਾਰਥਨਾ ਦਾ ਜਵਾਬ ਉਹ ਤਿੰਨ ਤਰੀਕਿਆਂ ਨਾਲ ਦਿੰਦਾ ਹੈ। ਪਹਿਲਾ ਤਰੀਕਾ ਇਹ ਕਿ ਸਾਡੀ ਮੁਰਾਦ ਪੂਰੀ ਹੋ ਜਾਂਦੀ ਹੈ। ਦੂਸਰਾ ਤਰੀਕਾ ਇਹ ਕਿ ਮੁਰਾਦ ਉਸੇ ਸਮੇਂ ਪੂਰੀ ਨਹੀਂ ਹੁੰਦੀ। ਤੀਸਰਾ ਢੰਗ ਇਹ ਕਿ ਰੱਬ ਨੇ ਤੁਹਾਡੇ ਲਈ ਹੋਰ ਵਧੀਆ ਸੋਚਿਆ ਹੁੰਦਾ ਹੈ। ਰੱਬ ਤੇ ਇਨਸਾਨ ਵਿਚਕਾਰ ਦੁਨੀਆਦਾਰੀ ਤੋਂ ਹਟ ਕੇ ਰੂਹਾਨੀਅਤ ਦਾ ਰਿਸ਼ਤਾ ਹੁੰਦਾ ਹੈ। ਕੌਣ ਕਹਿੰਦਾ ਹੈ ਕਿ ਰੱਬ ਨਜ਼ਰ ਨਹੀਂ ਆਉਂਦਾ? ਮੁਸੀਬਤ, ਦੁੱਖ, ਦੁਰਘਟਨਾ, ਬਿਮਾਰੀ ਸਮੇਂ ਰੱਬ ਹੀ ਤਾਂ ਯਾਦ ਆਉਂਦਾ ਹੈ। ਪਰਮਾਤਮਾ ਇਨਸਾਨ ਨੂੰ ਕੁਝ ਤਜਰਬਾ ਸਿਖਾਉਣ ਲਈ ਹੀ ਮੁਸ਼ਕਲ ਰਾਹਾਂ 'ਚ ਪਾਉਂਦਾ ਹੈ। ਮਨੁੱਖ ਨੂੰ ਸਕੇ-ਸਬੰਧੀਆਂ, ਰਿਸ਼ਤੇਦਾਰਾਂ, ਦੋਸਤਾਂ ਦੀ ਅਸਲ ਪਰਖ ਕਰਵਾਉਂਦਾ ਹੈ। ਪਰਮਾਤਮਾ ਤੋਂ ਵੱਡਾ ਕੋਈ ਹਮਸਫ਼ਰ ਨਹੀਂ ਹੈ। ਜਦੋਂ ਸਾਰੇ ਸਾਥ ਛੱਡ ਦੇਣ ਤਾਂ ਹਿੰਮਤੀ ਤੇ ਦਲੇਰ ਬਣਨਾ ਚਾਹੀਦਾ ਹੈ ਅਤੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਪਰਮਾਤਮਾ ਸਾਨੂੰ ਡੋਲਣ ਨਹੀਂ ਦਿੰਦਾ। ਸਾਨੂੰ ਸਿਰਫ਼ ਮਿਹਨਤ ਅਤੇ ਦੁਆ ਕਰਨੀ ਚਾਹੀਦੀ ਹੈ। ਫ਼ਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਜੇ ਕੋਈ ਰੱਬ ਅੱਗੇ ਸਿਜਦਾ ਕਰ ਲਵੇ ਤਾਂ ਫਿਰ ਉਸ ਨੂੰ ਦੁਨੀਆ ਦੇ ਕਿਸੇ ਰਾਜੇ-ਮਹਾਰਾਜੇ ਅੱਗੇ ਝੁਕਣ ਦੀ ਲੋੜ ਨਹੀਂ ਪੈਂਦੀ। ਜਿਸ ਨੇ ਜੀਵਨ ਦੀ ਦਾਤ ਬਖ਼ਸ਼ੀ ਹੈ ਉਸ ਨੂੰ ਸਾਡਾ ਸਾਡੇ ਤੋਂ ਵੀ ਜ਼ਿਆਦਾ ਫ਼ਿਕਰ ਹੈ। ਰੱਬ ਦਾ ਹਰ ਭਾਣਾ ਮਿੱਠਾ ਮੰਨਣਾ ਚਾਹੀਦਾ ਹੈ। ਪਰਮਾਤਮਾ ਅੱਗੇ ਹਮੇਸ਼ਾ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੇ ਤੋਂ ਕਦੇ ਕਿਸੇ ਦਾ ਬੁਰਾ ਨਾ ਹੋਵੇ, ਕਿਸੇ ਦਾ ਦਿਲ ਨਾ ਦੁਖਾਈਏ ਤੇ ਸਰਬੱਤ ਦਾ ਭਲਾ ਹੋਵੇ।

ਮਨਪ੍ਰੀਤ ਕੌਰ ਭੰਵਰਾ

88725-93553।

Posted By: Sarabjeet Kaur