ਸਾਡੀ ਗ਼ਰੀਬੀ ਦਾ ਕਾਰਨ ਸਾਡਾ ਨਿਕੰਮਾਪਣ ਹੈ। ਪੁਰਸ਼ਾਰਥੀ ਵਿਅਕਤੀ ਕਦੇ ਕਮੀ ਦੇ ਭਾਵ ਨਾਲ ਨਹੀਂ ਜੂਝਦਾ। ਉਹ ਸਦਾ ਮਿਹਨਤ ਕਰ ਕੇ ਕੁਝ ਨਾ ਕੁਝ ਹਾਸਲ ਕਰਦਾ ਰਹਿੰਦਾ ਹੈ। ਚੇਤੇ ਰਹੇ ਕਿ ਪਰਮਾਤਮਾ ਨੇ ਇਹ ਮਨੁੱਖੀ ਜਾਮਾ ਦੇ ਕੇ ਸਾਡੇ ’ਤੇ ਕਿੰਨੀ ਕਿਰਪਾ ਕੀਤੀ ਹੈ। ਅਸੀਂ ਇਸ ਸਰੀਰ ਨੂੰ ਸਾਧਨ ਬਣਾ ਕੇ ਹੈਰਾਨਕੁੰਨ ਕੰਮ ਕਰ ਸਕਦੇ ਹਾਂ। ਇਕ ਵਾਰ ਕੋਈ ਭਿਖਾਰੀ ਭੁੱਖ-ਪਿਆਸ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਦੋਂ ਉੱਥੋਂ ਇਕ ਨੇਤਰਹੀਣ ਮਹਾਤਮਾ ਗੁਜ਼ਰੇ। ਭਿਖਾਰੀ ਨੇ ਉਨ੍ਹਾਂ ਨੂੰ ਆਪਣੇ ਮਨ ਦੀ ਹਾਲਤ ਬਿਆਨ ਕੀਤੀ ਅਤੇ ਕਿਹਾ, ‘‘ਮੈਂ ਆਪਣੀ ਗ਼ਰੀਬੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨੀ ਚਾਹੁੰਦਾ ਹਾਂ।’’ ਉਸ ਦੀ ਗੱਲ ਸੁਣ ਕੇ ਮਹਾਤਮਾ ਹੱਸਦੇ ਹੋਏ ਬੋਲੇ, ‘ਠੀਕ ਹੈ। ਖ਼ੁਦਕੁਸ਼ੀ ਕਰੋ ਪਰ ਪਹਿਲਾਂ ਆਪਣੀ ਇਕ ਅੱਖ ਮੈਨੂੰ ਦੇ ਦਿਉ। ਮੈਂ ਤੁਹਾਨੂੰ ਇਕ ਹਜ਼ਾਰ ਅਸ਼ਰਫੀਆਂ ਦਿਆਂਗਾ।’ ਭਿਖਾਰੀ ਹੈਰਾਨ-ਪਰੇਸ਼ਾਨ ਹੋ ਗਿਆ। ਉਸ ਨੇ ਕਿਹਾ, ‘‘ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ। ਮੈਂ ਅੱਖ ਕਿਵੇਂ ਦੇ ਸਕਦਾ ਹਾਂ।’’ ਮਹਾਤਮਾ ਬੋਲੇ, ‘‘ਅੱਖ ਨਾ ਸਹੀ, ਇਕ ਹੱਥ ਹੀ ਦੇ ਦਿਉ, ਮੈਂ ਤੁਹਾਨੂੰ ਦਸ ਹਜ਼ਾਰ ਅਸ਼ਰਫੀਆਂ ਦਿਆਂਗਾ।’’ ਭਿਖਾਰੀ ਸ਼ਸ਼ੋਪੰਜ ਵਿਚ ਪੈ ਗਿਆ। ਮਹਾਤਮਾ ਬੋਲੇ, ‘‘ਸੰਸਾਰ ਵਿਚ ਸਭ ਤੋਂ ਵੱਡਾ ਧਨ ਨਿਰੋਗੀ ਕਾਇਆ ਹੈ। ਤੁਹਾਡੇ ਹੱਥ-ਪੈਰ ਠੀਕ ਹਨ, ਸਰੀਰ ਤੰਦਰੁਸਤ ਹੈ, ਤੁਹਾਡੇ ਤੋਂ ਵੱਡਾ ਧਨਵਾਨ ਹੋਰ ਕੌਣ ਹੋ ਸਕਦਾ ਹੈ। ਤੁਹਾਡੇ ਨਾਲੋਂ ਗ਼ਰੀਬ ਤਾਂ ਮੈਂ ਹਾਂ ਕਿ ਮੇਰੀਆਂ ਅੱਖਾਂ ਹੀ ਨਹੀਂ ਹਨ। ਫਿਰ ਵੀ ਮੈਂ ਕਦੇ ਵੀ ਖ਼ੁਦਕੁਸ਼ੀ ਬਾਰੇ ਨਹੀਂ ਸੋਚਦਾ। ਭਿਖਾਰੀ ਨੇ ਮਹਾਤਮਾ ਤੋਂ ਮਾਫ਼ੀ ਮੰਗੀ ਅਤੇ ਸੰਕਲਪ ਲਿਆ ਕਿ ਹੁਣ ਉਹ ਬਹਾਦਰੀ ਨਾਲ ਜ਼ਿੰਦਗੀ ਗੁਜ਼ਾਰੇਗਾ। ਉਸ ਨੇ ਖ਼ੁਦਕੁਸ਼ੀ ਦਾ ਵਿਚਾਰ ਤਿਆਗ ਦਿੱਤਾ। ਇਸ ਤੋਂ ਸਪੱਸ਼ਟ ਹੈ ਕਿ ਸਾਡਾ ਸਰੀਰ ਸਭ ਤੋਂ ਵੱਡਾ ਧਨ ਹੈ। ਇਸ ਦੀ ਵਰਤੋਂ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਜੇ ਅਸੀਂ ਸਰੀਰਕ ਤੌਰ ’ਤੇ ਕਮਜ਼ੋਰ ਵੀ ਹਾਂ ਤਾਂ ਬੁੱਧੀ ਨਾਲ ਕੰਮ ਕੀਤਾ ਜਾ ਸਕਦਾ ਹੈ। ਹਰ ਵਿਅਕਤੀ ਨੂੰ ਆਪਣੀ ਸਮਰੱਥਾ ਪਛਾਣ ਕੇ ਕੰਮ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਸਾਡੀ ਨਿਰੋਗਤਾ ਸਾਡੀ ਸਮਰੱਥਾ ਹੈ। ਇਸ ਦੇ ਬਲਬੂਤੇ ਹੀ ਸਖ਼ਤ ਮਿਹਨਤ ਕਰ ਕੇ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਸਾਨੂੰ ਸਦਾ ਖ਼ੁਦ ’ਤੇ ਭਰੋਸਾ ਕਰਦਿਆਂ ਹਾਂ-ਪੱਖੀ ਸੋਚ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ। ਨਿਰੰਤਰ ਅਭਿਆਸ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

-ਲਲਿਤ ਸ਼ੌਰੀਆ।

Posted By: Jagjit Singh