ਇਹ ਸੰਸਾਰ ਇਕ ਰੰਗਮੰਚ ਹੈ ਅਤੇ ਪਰਮਾਤਮਾ ਉਸ ਦਾ ਨਿਰਦੇਸ਼ਕ। ਅਸੀਂ ਸਾਰੇ ਮਨੁੱਖ ਸਿਰਫ਼ ਰੰਗਮੰਚ ਦੇ ਪਾਤਰ ਹੀ ਹਾਂ। ਅਸੀਂ ਕਿਹੜੀ ਭੂਮਿਕਾ ਨਿਭਾਉਣੀ ਹੈ, ਸਾਡੀ ਭੂਮਿਕਾ ਕਿੰਨੀ ਲੰਬੀ ਚੱਲਣ ਵਾਲੀ ਹੈ, ਇਹ ਸਭ ਨਿਰਧਾਰਨ ਕਰਨਾ ਵਿਧਾਤਾ ਦੇ ਹੱਥ ਹੈ। ਪਰਮਾਤਮਾ ਹੀ ਪਾਤਰਾਂ ਦੀ ਸਮਰੱਥਾ, ਯੋਗਤਾ, ਕੁਸ਼ਲਤਾ ਆਦਿ ਦਾ ਪ੍ਰੀਖਣ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਭੂਮਿਕਾਵਾਂ ਦੀ ਵੰਡ ਕਰਦਾ ਹੈ। ਇਸ ਵਿਚ ਜੋ ਆਪਣੀਆਂ ਸਮਰੱਥਾਵਾਂ ਨਾਲ ਰੱਬ ਨੂੰ ਪ੍ਰਭਾਵਿਤ ਕਰਨ ਵਿਚ ਸਮਰੱਥ ਰਹਿੰਦਾ ਹੈ, ਉਸ ਦੀ ਭੂਮਿਕਾ ਦਾ ਵਿਸਥਾਰ ਵੀ ਉਸੇ ਦੇ ਅਨੁਪਾਤ ਵਿਚ ਹੁੰਦਾ ਰਹਿੰਦਾ ਹੈ ਅਤੇ ਜੋ ਈਸ਼ਵਰ ਦੀਆਂ ਉਮੀਦਾਂ 'ਤੇ ਖ਼ਰੇ ਨਹੀਂ ਉਤਰਦੇ, ਉਨ੍ਹਾਂ ਦੀਆਂ ਭੂਮਿਕਾਵਾਂ ਉਸੇ ਅਨੁਪਾਤ ਵਿਚ ਸੀਮਤ ਹੁੰਦੀਆਂ ਜਾਂਦੀਆਂ ਹਨ।

ਜੀਵਨ ਵਿਚ ਆਉਣ ਵਾਲੇ ਦੁੱਖਾਂ ਨੂੰ ਵੀ ਇਸੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਭਾਰ ਵੀ ਈਸ਼ਵਰ ਉਨ੍ਹਾਂ 'ਤੇ ਹੀ ਪਾਉਂਦਾ ਹੈ ਜੋ ਉਨ੍ਹਾਂ ਨੂੰ ਸਹਿਣ ਕਰਨ ਦੇ ਸਮਰੱਥ ਹੁੰਦੇ ਹਨ। ਈਸ਼ਵਰ ਦੀ ਸੱਤਾ ਹੀ ਸਭ ਤੋਂ ਵੱਡੀ ਹੈ। ਰੱਬ ਨੇ ਸਾਨੂੰ ਜੋ ਅਨਮੋਲ ਜੀਵਨ ਦਿੱਤਾ ਹੈ, ਉਸ ਦਾ ਸਾਨੂੰ ਹਰ ਸੰਭਵ ਤਰੀਕੇ ਨਾਲ ਸਦਉਪਯੋਗ ਕਰ ਕੇ ਉਸ ਦੀਆਂ ਉਮੀਦਾਂ 'ਤੇ ਖ਼ਰਾ ਉਤਰਨ ਲਈ ਸਦਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਲਈ ਸਭ ਕੁਝ ਚੰਗਾ ਹੀ ਸਿਰਜਿਆ ਹੈ। ਇਹ ਤਾਂ ਜੀਵ ਦਾ ਮੰਦਾ ਚਿੰਤਨ ਅਤੇ ਅਗਿਆਨਤਾ ਹੈ ਕਿ ਉਹ ਸਭ ਤੋਂ ਉੱਤਮ ਵਿਚ ਵੀ ਕੁਝ ਨਾ ਕੁਝ ਨਾਂਹ-ਪੱਖੀ ਲੱਭ ਕੇ ਉਸ ਨੂੰ ਇਕਦਮ ਮਾੜਾ ਹੀ ਮੰਨਦਾ ਰਹਿੰਦਾ ਹੈ।

ਇਹੀ ਕਾਰਨ ਹੈ ਕਿ ਮਨੁੱਖ ਆਮ ਤੌਰ 'ਤੇ ਢੁੱਕਵਾਂ ਮੌਕਾ ਮਿਲਣ ਤੋਂ ਬਾਅਦ ਵੀ ਆਪਣੀ ਅਯੋਗਤਾ, ਅਸਮਰੱਥਾ ਅਤੇ ਅਗਿਆਨਤਾ ਕਾਰਨ ਉਲਟ ਪਾਸੇ ਜਾ ਕੇ ਇਸ ਮੌਕੇ ਨੂੰ ਗੁਆ ਕੇ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ। ਕਿਸਮਤ ਤੋਂ ਵੱਧ ਅਤੇ ਸਮੇਂ ਤੋਂ ਪਹਿਲਾਂ ਬਹੁਤ ਕੁਝ ਹੜੱਪ ਲੈਣ ਦੀ ਤਮੰਨਾ ਹੀ ਸਾਨੂੰ ਚੰਗੇ ਕੰਮਾਂ ਤੋਂ ਭਟਕਾ ਕੇ ਫ਼ਜ਼ੂਲ ਰਾਹਾਂ 'ਤੇ ਤੋਰ ਦਿੰਦੀ ਹੈ ਜਿੱਥੋਂ ਲੱਖ ਚਾਹੁਣ 'ਤੇ ਵੀ ਜੀਵ ਸਹੀ ਰਾਹ 'ਤੇ ਆਉਣ ਲਈ ਸੰਘਰਸ਼ਸ਼ੀਲ ਹੀ ਰਹਿੰਦਾ ਹੈ। ਇਹ ਇਸੇ ਕਾਰਨ ਹੁੰਦਾ ਹੈ ਕਿ ਅਸੀਂ ਉਸ ਭੂਮਿਕਾ ਨੂੰ ਨਹੀਂ ਪਛਾਣ ਪਾਉਂਦੇ ਜਿਸ ਨੂੰ ਅਦਾ ਕਰਨ ਲਈ ਈਸ਼ਵਰ ਨੇ ਸਾਨੂੰ ਇਸ ਧਰਤੀ 'ਤੇ ਭੇਜਿਆ ਹੈ। ਇਸ ਲਈ ਵੇਲਾ ਰਹਿੰਦਿਆਂ ਉਸ ਭੂਮਿਕਾ ਨੂੰ ਪਛਾਣ ਲਓ ਜੋ ਈਸ਼ਵਰ ਨੇ ਤੁਹਾਨੂੰ ਸੌਂਪੀ ਹੈ। -ਪ੍ਰੋ. ਦਿਨੇਸ਼ ਚਮੋਲਾ 'ਸ਼ੈਲੇਸ਼'।

Posted By: Sunil Thapa