ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਮੌਕਾ ਆਇਆ ਹੈ ਜਦ ਮਨੁੱਖ ਆਪਣੀ ਹਕੀਕਤ ਨੂੰ ਸਮਝ ਸਕੇ। ਧਰਮ ਦਰਸ਼ਨ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਧਰਮ ਜਗਤ ਵਿਚ ਸਦਾ ਤੋਂ ਹੀ ਮਨੁੱਖ ਨੂੰ ਮਿੱਟੀ ਦਾ ਪਤਲਾ ਮੰਨਿਆ ਜਾਂਦਾ ਰਿਹਾ ਹੈ। ਉਸ ਦਾ ਖ਼ੁਦ ਦਾ ਕੁਝ ਨਹੀਂ ਹੈ। ਜਿਨ੍ਹਾਂ ਪੰਜ ਤੱਤਾਂ ਤੋਂ ਮਿਲ ਕੇ ਉਹ ਬਣਿਆ ਹੈ, ਉਹ ਵੀ ਕੁਦਰਤ ਤੋਂ ਉਧਾਰ ਲਏ ਗਏ ਹਨ ਜੋ ਆਖ਼ਰਕਾਰ ਵਾਪਸ ਕੀਤੇ ਜਾਣੇ ਹਨ। ਉਹ ਜਨਮ ਦੇ ਸਮੇਂ ਕੁਝ ਵੀ ਲੈ ਕੇ ਨਹੀਂ ਆਇਆ ਸੀ। ਉਹ ਜੀਵਨ ਸਮਾਪਤ ਹੋਣ ਤੋਂ ਬਾਅਦ ਨਾਲ ਲੈ ਕੇ ਵੀ ਕੁਝ ਨਹੀਂ ਜਾਵੇਗਾ। ਇਸ ਦੇ ਬਾਅਦ ਵੀ ਮਨੁੱਖ ਤਾਉਮਰ ਕਮਾਉਣ ਅਤੇ ਜਮ੍ਹਾ ਕਰਨ ਵਿਚ ਰੁੱਝਿਆ ਰਹਿੰਦਾ ਹੈ। ਉਹ ਖ਼ੁਦ ਨੂੰ ਕਿਸਮਤ ਦਾ ਵਿਧਾਤਾ ਮੰਨਣ ਲੱਗਾ ਸੀ ਪਰ ਅੱਜ ਇਕ ਛੋਟੇ ਜਿਹੇ ਵਾਇਰਸ ਨੇ ਉਸ ਦਾ ਸਾਰਾ ਹੰਕਾਰ ਚਕਨਾਚੂਰ ਕਰ ਦਿੱਤਾ ਹੈ। ਅੱਜ ਤੋਂ ਪਹਿਲਾਂ ਮਨੁੱਖ ਨੂੰ ਸਭ ਤੋਂ ਵੱਧ ਡਰ ਪਰਮਾਣੂ ਹਥਿਆਰਾਂ ਕਾਰਨ ਤੀਜੀ ਵਿਸ਼ਵ ਜੰਗ ਤੋਂ ਲੱਗਦਾ ਸੀ। ਉਸ ਨੂੰ ਲੱਗਦਾ ਸੀ ਕਿ ਜੇ ਪਰਮਾਣੂ ਜੰਗ ਹੋਈ ਤਾਂ ਸੰਸਾਰ ਨਹੀਂ ਬਚ ਸਕੇਗਾ। ਉਹ ਭੈਅ ਅਰਬਾਂ ਰੁਪਇਆਂ ਨਾਲ ਬਣੇ ਹਥਿਆਰਾਂ ਤੋਂ ਉਪਜ ਰਿਹਾ ਸੀ। ਅੱਜ ਦਾ ਭੈਅ ਅਜਿਹੇ ਵਾਇਰਸ ਤੋਂ ਹੈ ਜੋ ਖ਼ੁਦ ਸਿਰਜਿਆ ਹੋਇਆ ਹੈ ਅਤੇ ਜਿਸ ਨਾਲ ਨਜਿੱਠਣ ਦੀ ਕੋਈ ਠੋਸ ਯੋਜਨਾ ਮਨੁੱਖ ਦੇ ਕੋਲ ਨਹੀਂ ਹੈ। ਇਹ ਸਮਾਂ ਹੈ ਹਰ ਤਰ੍ਹਾਂ ਦੇ ਹੰਕਾਰ ਤੋਂ ਮੁਕਤੀ ਹਾਸਲ ਕਰਨ ਅਤੇ ਜੀਵਨ ਦਾ ਸੱਚ ਦੇਖਣ ਦਾ। ਅੱਜ ਘਰ ਦੀ ਚਾਰਦੀਵਾਰੀ ਵਿਚ ਬੰਦੀ ਮਨੁੱਖ ਲਈ ਉਹ ਸਭ ਕੁਝ ਫਜ਼ੂਲ ਹੋ ਗਿਆ ਹੈ ਜਿਸ ਨੂੰ ਹਾਸਲ ਕਰਨ ਲਈ ਉਹ ਦਿਨ-ਰਾਤ ਇਕ ਕਰਦਾ ਰਿਹਾ ਹੈ। ਉਸ ਕੋਲ ਕਿੰਨਾ ਵੀ ਧਨ ਹੋਵੇ, ਧਨ ਦੀ ਵਰਤੋਂ ਸੀਮਤ ਹੋ ਗਈ ਹੈ। ਅੱਜ ਜੀਵਨ ਵੱਧ ਮਹੱਤਵਪੂਰਨ ਲੱਗਣ ਲੱਗਾ ਹੈ। ਪਹਿਲਾਂ ਛੋਟੇ-ਮੋਟੇ ਰੋਗਾਂ ਵਿਚ ਵੀ ਮਨੁੱਖ ਦੀ ਰੋਜ਼ ਦੀ ਜੀਵਨ-ਸ਼ੈਲੀ ਅੜਿੱਕਾ ਨਹੀਂ ਬਣਦੀ ਸੀ। ਅੱਜ ਸਾਧਾਰਨ ਜ਼ੁਕਾਮ ਵੀ ਆਤਮ-ਵਿਸ਼ਵਾਸ ਨੂੰ ਹਿਲਾ ਰਿਹਾ ਹੈ। ਭੈਅ ਦਾ ਵੱਡਾ ਮਾਹੌਲ ਬਣਿਆ ਹੋਇਆ ਹੈ। ਨਿਡਰ ਸਿਰਫ਼ ਉਹੀ ਹੈ ਜੋ ਰੱਬ ਨਾਲ ਜੁੜਿਆ ਹੋਇਆ ਹੈ। ਸੰਸਾਰ ਵਿਚ ਜੋ ਵੀ ਵਾਪਰ ਰਿਹਾ ਹੈ, ਉਸ ਵਿਚ ਪਰਮਾਤਮਾ ਦੀ ਇੱਛਾ ਸ਼ਾਮਲ ਹੈ। ਪਰਮਾਤਮਾ ਦੀ ਇੱਛਾ ਅਤੇ ਆਗਿਆ ਵਿਚ ਰਹਿ ਕੇ ਉਸ ਤੋਂ ਦਇਆ ਅਤੇ ਕਿਰਪਾ ਦੀ ਪ੍ਰਾਰਥਨਾ ਕਰਨਾ ਹੀ ਮਨੁੱਖ ਦੇ ਹੱਥ-ਵੱਸ ਹੈ। ਦੀਨ-ਹੀਣ ਹੀ ਮਨੁੱਖ ਦੀ ਹਕੀਕਤ ਹੈ ਜਿਸ ਨੂੰ ਸਦਾ ਲਈ ਸਵੀਕਾਰ ਕਰ ਲੈਣਾ ਚਾਹੀਦਾ ਹੈ।

-ਡਾ. ਸਤਿੰਦਰਪਾਲ ਸਿੰਘ

Posted By: Jagjit Singh