ਮਾਨਸ ਦੇਹੀ ਈਸ਼ਵਰ ਦੇ ਨੇੜੇ ਰਹਿਣ ਦੇ ਯੋਗ ਹੈ। ਇਸ ਲਈ ਦੇਵਤੇ ਵੀ ਮਨੁੱਖੀ ਜਨਮ ਪ੍ਰਾਪਤ ਕਰਨ ਲਈ ਉਤਾਵਲੇ ਰਹਿੰਦੇ ਹਨ। ਉਨ੍ਹਾਂ ਨੂੰ ਮਨੁੱਖ ਵਾਂਗ ਕਰਮ ਦੀ ਮਹਾਨ ਸ਼ਕਤੀ ਪ੍ਰਾਪਤ ਨਹੀਂ। ਉਹ ਨਾ ਤਪ ਕਰ ਸਕਦੇ ਹਨ, ਨਾ ਮੋਖ-ਮੁਕਤੀ ਦੇ ਉਪਾਅ। ਉਹ ਆਪਣੇ ਕਮਾਏ ਹੋਏ ਪੁੰਨਾਂ ਦਾ ਫਲ ਭੋਗਣ ਲਈ ਦੇਵਲੋਕ ’ਚ ਵਿਚਰਦੇ ਹਨ। ਮਨੁੱਖ ਹੀ ਇਕਮਾਤਰ ਪ੍ਰਾਣੀ ਹੈ ਜੋ ਆਪਣੇ ਕਰਮਾਂ ਨਾਲ ਭਗਵਾਨ ਦੀ ਪਰਮ ਪਦਵੀ ਪ੍ਰਾਪਤ ਕਰ ਸਕਦਾ ਹੈ ਅਤੇ ਮੋਖ ਵੀ। ਇਹ ਜੀਵਧਾਰੀ ਮਨੁੱਖ ਅਪਣੀ ਗਤੀ ਨੂੰ ਪਰਮ ਗਤੀ ਅਤੇ ਆਪਣੀ ਆਤਮਾ ਨੂੰ ਪਰਮਾਤਮਾ ਵਿਚ ਲੀਨ ਕਰ ਸਕਦਾ ਹੈ।

ਇਸ ਵਿਚ ਕੋਈ ਸੰਦੇਹ ਨਹੀਂ ਕਿ ਜਪ, ਤਪ, ਧਿਆਨ, ਯੋਗ ਅਤੇ ਬੁੱਧੀ ਜ਼ਰੀਏ ਮਨੁੱਖ ਮਾਤਾ ਪਰਮੇਸ਼ਵਰੀ ਦੀ ਗੋਦ ਵਿਚ ਬੈਠਣ ਦਾ ਅਧਿਕਾਰ ਪ੍ਰਾਪਤ ਕਰ ਸਕਦਾ ਹੈ ਪਰ ਉਹ ਅਜਿਹੇ ਭਰਮ-ਜਾਲ ’ਚ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹੈ ਕਿ ਜਿਸ ਵਿੱਚੋਂ ਨਿਕਲਣ ਦਾ ਉਸ ਨੂੰ ਮੌਕਾ ਹੀ ਨਹੀਂ ਮਿਲਦਾ। ਮਨੁੱਖ ਪਲ-ਪਲ ਆਪਣੇ ਤਨ ਦੇ ਸੁੱਖਾਂ ਵਿਚ ਡੁੱਬਾ ਰਹਿਣਾ ਚਾਹੁੰਦਾ ਹੈ।

ਉਸ ਨੂੰ ਆਤਮਾ ਦੇ ਨਾਲ ਰਹਿਣਾ ਚੰਗਾ ਨਹੀਂ ਲਗਦਾ, ਬਲਕਿ ਉਸ ਨੂੰ ਆਤਮਾ ਤੋਂ ਦੂਰ ਵਿਚ ਸੁੱਖਾਂ ਦੀ ਪ੍ਰਾਪਤੀ ਜਾਪਦੀ ਹੈ। ਇਸ ਚੱਕਰਵਿਊ ਵਿਚ ਫਸ ਕੇ ਮਨੁੱਖ ਆਪਣੇ ਜੀਵਨ ਦਾ ਸੋਨੇ ਵਰਗਾ ਕੀਮਤੀ ਸਮਾਂ ਬਰਬਾਦ ਕਰ ਲੈਂਦਾ ਹੈ। ਉਹ ਸਿਰਫ਼ ਖਾਣ-ਪੀਣ, ਹੱਸਣ-ਗਾਉਣ, ਘਰ-ਪਰਿਵਾਰ ਅਤੇ ਦੌਲਤ-ਸ਼ੁਹਰਤ ਦੇ ਚੱਕਰਾਂ ’ਚ ਘਿਰਿਆ ਰਹਿੰਦਾ ਹੈ। ਉਹ ਝੂਠੇ ਸੁੱਖ ਨੂੰ ਸੱਚ ਅਤੇ ਸੱਚੇ ਅਨੰਦ ਨੂੰ ਝੂਠ ਸਮਝਣ ਦੀ ਭੁੱਲ ਕਰਦਾ ਹੈ।

ਅਜਿਹਾ ਨਾ ਹੁੰਦਾ ਤਾਂ ਮਨੁੱਖੀ ਤਨ ਵਿਅਰਥ ਨਾ ਜਾਂਦਾ। ਇਸ ਤਨ ਦੀ ਮਹਿਮਾ ਰਿਸ਼ੀਆਂ-ਮੁਨੀਆਂ ਨੇ ਹਰ ਯੁੱਗ ਵਿਚ ਸਾਨੂੰ ਦੱਸੀ ਹੈ। ਮਾਨਵ ਸਰੀਰ ਨਾਲ ਦੇਸ਼ ਦੀ ਰਾਖੀ, ਸਮਾਜ ਸੇਵਾ, ਜੀਵ ਕਲਿਆਣ ਦੇ ਅਨੇਕਾਂ ਉਪਾਅ ਕੀਤੇ ਜਾ ਸਕਦੇ ਹਨ। ਪ੍ਰੇਮ, ਪਰਉਪਕਾਰ, ਦਾਨ, ਤਿਆਗ, ਧਰਮ, ਪ੍ਰਾਕਰਮ, ਸ਼ੀਲ, ਖਿਮਾ, ਗਿਆਨ, ਕਰਮ ਆਦਿ ਨੂੰ ਜੀਵਨ ਵਿਚ ਗਿਆਨ ਦੀ ਗੰਗਾ ਬਣਾ ਕੇ ਪ੍ਰਵਾਹਿਤ ਕੀਤਾ ਜਾ ਸਕਦਾ ਹੈ।

ਮਨੁੱਖੀ ਸਰੀਰ ਦਾ ਇਹ ਮਹਾਨ ਖ਼ਜ਼ਾਨਾ ਵਾਰ-ਵਾਰ ਨਹੀਂ ਮਿਲਦਾ। ਇਸ ਨੂੰ ਸੰਭਾਲਣ ਅਤੇ ਇਸ ਦੀ ਸੁਚੱਜੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਮਨੁੱਖ ਉੱਪਰ ਹੈ। ਇਸ ਜੀਵਨ ਨੂੰ ਇਸ ਬੁਲੰਦੀ ਤਕ ਪਹੁੰਚਾਇਆ ਜਾ ਸਕਦਾ ਹੈ, ਜਿੱਥੇ ਰਾਮ-ਕ੍ਰਿਸ਼ਨ ਨੇ ਪਹੁੰਚਾਇਆ। ਮਨੁੱਖ ਈਸ਼ਵਰ ਦਾ ਹੀ ਸਰੂਪ ਹੈ। ਜਿਸ ਦਿਨ ਇਸ ਗੱਲ ਨੂੰ ਮਨੁੱਖ ਸਮਝ ਲਵੇਗਾ, ਉਸ ਦਿਨ ਉਸ ਦੇ ਜੀਵਨ ਦੀ ਅਸਲੀ ਯਾਤਰਾ ਸ਼ੁਰੂ ਹੋ ਜਾਵੇਗੀ।

- ਡਾ. ਰਾਘਵੇਂਦਰ ਸ਼ੁਕਲ।

Posted By: Jagjit Singh