ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਨੂੰ ਦੇਸ਼ਭਰ 'ਚ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਸੁੱਖ-ਸ਼ਾਂਤੀ ਲਈ ਉਨ੍ਹਾਂ ਦੇ ਗੁਟ 'ਤੇ ਰੱਖੜੀ ਬੰਨ੍ਹਦੀਆਂ ਹਨ ਤੇ ਇਹ ਕਾਮਨਾ ਕਰਦੀਆਂ ਹਨ ਕਿ ਹਰ ਖ਼ਤਰੇ ਤੇ ਮੁਸ਼ਕਲ 'ਚ ਇਹ ਰੱਖੜੀ ਉਨ੍ਹਾਂ ਦੀ ਸਹਾਇਤਾ ਕਰੇ।

ਭੈਣ ਆਪਣੇ ਭਰਾ ਨੂੰ ਜਦੋਂ ਰੱਖੜੀ ਬੰਨ੍ਹਦੀ ਹੈ ਤਾਂ ਉਹ ਉਸ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ।ਪਰ ਭਰਾ ਦੀ ਰੱਖਿਆ ਕੌਣ ਕਰੇਗਾ? ਕੌਣ ਹੈ ਜੋ ਜੀਵਨ ਵਿਚ ਤੇ ਉਸ ਤੋਂ ਬਾਅਦ ਵੀ ਸਾਡੀ ਰੱਖਿਆ ਕਰਨ ਦੇ ਸਮਰੱਥ ਹੈ? ਕੇਵਲ ਇਕ ਸੱਚਾ ਗੁਰੂ ਜੀਵਨ ਦੇ ਉਤਰਾਅ ਚੜ੍ਹਾਅ ਤੇ ਸੰਕਟ ਵਿਚ ਸਾਡੀ ਸਹਾਇਤਾ ਕਰਦਾ ਹੈ। ਉਹ ਸਾਨੂੰ ਦੀਖਿਆ ਦੇ ਕੇ ਇਕ ਅਦ੍ਰਿਸ਼ ਰੱਖੜੀ ਨਾਲ ਬੰਨ੍ਹ੍ਹ ਦਿੰਦਾ ਹੈ, ਜਿਸ ਨਾਲ ਸਾਡੀ ਪਲ- ਪਲ ਰੱਖਿਆ ਹੁੰਦੀ ਹੈ। ਪੂਰਨ ਗੁਰੂ ਤੋਂ ਦੀਖਿਆ ਪ੍ਰਾਪਤ ਕਰਨਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਜਨਮ-ਮਰਨ ਦੇ ਚੱਕਰ ਤੋਂ ਬਚ ਕੇ ਜਿਉਂਦੇ ਜੀ ਮੁਕਤੀ ਦੀ ਪ੍ਰਾਪਤੀ ਕਰੀਏ।

ਸਾਡੇ ਸਤਿਗੁਰੂ ਆਪਣੀ ਅਪਾਰ ਦਇਆ ਮਿਹਰ ਸਦਕਾ ਸਾਨੂੰ ਦੀਖਿਆ ਦਾ ਵਰਦਾਨ ਦਿੰਦੇ ਹਨ। ਉਹ ਆਪਣੀ ਤੇਜੱਸਵੀ ਸ਼ਕਤੀ ਨਾਲ ਸਾਨੂੰ ਉਭਾਰਦੇ ਹਨ ਤਾਂ ਕਿ ਸਾਡਾ ਧਿਆਨ ਸਿਮਟ ਕੇ ਸ਼ਿਵਨੇਤਰ 'ਤੇ ਇਕਾਗਰ ਹੋ ਜਾਵੇ। ਬਾਈਬਲ ਵਿਚ ਆਇਆ ਹੈ ਕਿ ਜੇ ਤੁਹਾਡੀਆਂ ਦੋ ਅੱਖਾਂ ਦੀ ਇਕ ਅੱਖ ਬਣ ਜਾਵੇ ਤਾਂ ਤੁਹਾਡਾ ਸਾਰਾ ਆਪਾ ਪ੍ਰਕਾਸ਼ਮਾਨ ਹੋ ਜਾਵੇਗਾ।

ਅੰਦਰੂਨੀ ਜੋਤੀ ਅਤੇ ਸ਼ਬਦ 'ਤੇ ਧਿਆਨ ਇਕਾਗਰ ਕਰਨ ਨਾਲ ਸਾਡੀ ਆਤਮਾ ਸਰੀਰਕ ਚੇਤਨਤਾ ਤੋਂ ਉੱਪਰ ਉੱਠ ਕੇ ਰੂਹਾਨੀ ਮੰਡਲਾਂ ਵਿਚ ਪ੍ਰਵੇਸ਼ ਕਰਦੀ ਹੈ। ਉੱਥੇ ਸਤਿਗੁਰੁ ਦੇ ਜੋਤੀ ਸਰੂਪ 'ਚ ਉਸ ਦਾ ਮਿਲਾਪ ਹੋ ਜਾਂਦਾ ਹੈ। ਸਤਿਗੁਰੂ ਅਪਾਰ ਬਖਸ਼ਿਸ਼ ਸਦਕਾ ਰੂਹ ਨੂੰ ਉੱਚ ਅਧਿਆਤਮਿਕ ਮੰਡਲਾਂ ਵਿਚ ਲੈ ਜਾਂਦੇ ਹਨ ਸਥੂਲ, ਸੂਖਮ, ਕਾਰਨ ਮੰਡਲਾਂ ਤੋਂ ਪਰ੍ਹੇ ਆਤਮਾ ਦੇ ਸ੍ਰੋਤ, ਪਰਮਾਤਮਾ ਤਕ। ਇਹ ਰੂਹਾਨੀ ਮੰਡਲ ਸ਼ਾਂਤੀ ਅਤੇ ਆਨੰਦ ਨਾਲ ਭਰਪੂਰ ਹਨ।। ਦੇਹ ਰੂਪੀ ਪਿੰਜਰੇ ਤੋਂ ਬਾਹਰ ਆ ਕੇ ਸਾਡੀ ਆਤਮਾ ਦੀ ਖ਼ੁਸ਼ੀ ਦਾ ਅੰਤ ਨਹੀਂ ਰਹਿੰਦਾ ਤੇ ਅਸੀਂ ਇਕ ਪੰਛੀ ਦੀ ਤਰ੍ਹਾਂ ਉਚੇਰੇ ਰੂਹਾਨੀ ਮੰਡਲਾਂ ਵਿਚ ਪਰਵਾਜ਼ ਭਰਨ ਲੱਗਦੇ ਹਾਂ।

ਦਿਵਯ ਚੇਤਨਤਾ ਨਾਲ ਭਰਪੂਰ ਇਨ੍ਹਾਂ ਮੰਡਲਾਂ 'ਚ ਪਹੁੰਚ ਕੇ ਜਿਹੜੀ ਮਦਹੋਸ਼ੀ ਤੇ ਨਸ਼ਾ ਆਤਮਾ ਨੂੰ ਮਿਲਦਾ ਹੈ,ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਤਮਾ ਤੇ ਪਰਮਾਤਮਾ ਮਿਲ ਕੇ ਇਕ ਹੋ ਜਾਂਦੇ ਹਨ। ਇਹੀ ਸਾਡੇ ਜੀਵਨ ਦਾ ਪਰਮ ਉਦੇਸ਼ ਹੈ। ਇਸ ਪ੍ਰਕਾਰ ਦੀ ਰੱਖੜੀ ਦੇ ਬੰਧਨ ਦਾ ਅਨੁਭਵ ਸਾਨੂੰ ਕਿਸੇ ਸਾਕ-ਸੰਬੰਧੀ ਤੋਂ ਨਹੀਂ ਮਿਲ ਸਕਦਾ।

-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।

Posted By: Sunil Thapa