ਜਿੰਨੇ ਲੋਕ, ਓਨੀਆਂ ਹੀ ਸਮੱਸਿਆਵਾਂ ਹਨ ਪਰ ਤੁਹਾਡਾ ਨਜ਼ਰੀਆ ਉਹ ਚੀਜ਼ ਹੈ ਜੋ ਇਨ੍ਹਾਂ ਵਿਚ ਬਦਲਾਅ ਕਰਦਾ ਹੈ। ਬਾਰਿਸ਼ ਦੌਰਾਨ ਸਾਰੇ ਪੰਛੀ ਆਸਰੇ ਦੀ ਤਲਾਸ਼ ਵਿਚ ਇੱਧਰ-ਉੱਧਰ ਲੁਕਦੇ ਫਿਰਦੇ ਹਨ ਪਰ ਬਾਜ਼ ਬੱਦਲਾਂ ਦੇ ਉੱਤੋਂ ਉੱਡ ਕੇ ਬਾਰਿਸ਼ ਨੂੰ ਹੀ ਚਕਮਾ ਦੇ ਦਿੰਦਾ ਹੈ। ਯਾਦ ਰੱਖੋ, ਜੀਵਨ 'ਚ ਸਮੱਸਿਆਵਾਂ ਸਾਨੂੰ ਬਰਬਾਦ ਕਰਨ ਨਹੀਂ ਆਉਂਦੀਆਂ ਬਲਕਿ ਸਾਡੀਆਂ ਲੁਕੀਆਂ ਹੋਈਆਂ ਸਮਰੱਥਾਵਾਂ ਅਤੇ ਸ਼ਕਤੀਆਂ ਨੂੰ ਬਾਹਰ ਕੱਢਣ ਵਿਚ ਸਾਡੀ ਮਦਦ ਕਰਦੀਆਂ ਹਨ। ਇਤਿਹਾਸ ਵਿਚ ਅਤੇ ਸਾਡੇ ਆਲੇ-ਦੁਆਲੇ ਅਜਿਹੀਆਂ ਮਿਸਾਲਾਂ ਦੀ ਭਰਮਾਰ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਠਿਨਾਈਆਂ ਨੇ ਮਨੁੱਖ ਨੂੰ ਕਦੇ ਕਮਜ਼ੋਰ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਇੱਜ਼ਤ-ਮਾਣ ਦਾ ਰਾਹ ਪਕੇਰਾ ਕੀਤਾ ਹੈ। ਦੱਕਨ ਦੇ ਖੇਤਰ ਵਿਚ ਮਰਾਠਿਆਂ ਦੇ ਉੱਭਰਨ ਪਿੱਛੇ ਅਜਿਹੇ ਹੀ ਹਾਲਾਤ ਸਨ। ਪਠਾਰਾਂ ਅਤੇ ਪਰਬਤਾਂ ਦੇ ਸਿਖਰਾਂ ਨਾਲ ਘਿਰੇ ਇਸ ਖੇਤਰ ਵਿਚ ਨਾਮਾਤਰ ਹੀ ਖੇਤੀ ਹੁੰਦੀ ਸੀ। ਉੱਪਰੋਂ ਲਗਾਨ ਅਤੇ ਹੋਰ ਫਜ਼ੂਲ ਮੰਗਾਂ ਲੈ ਕੇ ਬਦਮਾਸ਼ਾਂ ਦੇ ਜ਼ੁਲਮੋ-ਸਿਤਮ ਵੀ ਘੱਟ ਨਹੀਂ ਸਨ ਪਰ ਉਨ੍ਹਾਂ ਮਾੜੇ ਹਾਲਾਤ ਨੇ ਉੱਥੋਂ ਦੇ ਲੋਕਾਂ ਦੀਆਂ ਹੱਡੀਆਂ ਵਿਚ ਉਨ੍ਹਾਂ ਪਹਾੜਾਂ ਵਰਗੀ ਸਖ਼ਤੀ ਭਰ ਦਿੱਤੀ ਸੀ। ਨਤੀਜੇ ਸਾਨੂੰ ਸਭ ਨੂੰ ਪਤਾ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਤਾਕਤਵਰ ਮੁਗ਼ਲਾਂ ਦੀ ਹਿੱਕ 'ਤੇ ਆਪਣੇ ਲਈ ਸਵਰਾਜ ਕਾਇਮ ਕਰ ਲਿਆ। ਹਾਲੀਆ ਸਾਲਾਂ ਵਿਚ ਭਾਰਤ ਦੀ ਬਹਾਦਰ ਬੇਟੀ ਅਰੁਣਿਮਾ ਸਿਨਹਾ ਦੀ ਕਹਾਣੀ ਵੀ ਕਠਿਨਾਈਆਂ 'ਤੇ ਜਿੱਤ ਹਾਸਲ ਕਰਨ ਦੀ ਅਦੁੱਤੀ ਮਿਸਾਲ ਹੈ। ਟਰੇਨ ਵਿਚ ਹੋ ਰਹੀ ਇਕ ਲੁੱਟ ਦਾ ਵਿਰੋਧ ਕਰਨ 'ਤੇ ਅਪਰਾਧੀਆਂ ਨੇ ਉਸ ਨੂੰ ਟਰੇਨ ਤੋਂ ਹੇਠਾਂ ਸੁੱਟ ਦਿੱਤਾ ਸੀ। ਟਰੇਨ ਦੇ ਹੇਠਾਂ ਆਉਣ ਕਾਰਨ ਉਸ ਦਾ ਇਕ ਪੈਰ ਕੱਟਿਆ ਗਿਆ ਅਤੇ ਉਹ ਸਾਰੀ ਰਾਤ ਪਟੜੀਆਂ 'ਤੇ ਤੜਫਦੀ ਰਹੀ ਪਰ ਉਹ ਬਚ ਗਈ। ਉਸ ਦੀ ਅੱਜ ਪ੍ਰਾਪਤੀ ਇਹ ਹੈ ਕਿ ਉਹ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਦਿਵਿਆਂਗ ਮਹਿਲਾ ਹੈ। ਉਹ ਸਾਰੀ ਦੁਨੀਆ ਦੇ ਸੱਤ ਸਭ ਤੋਂ ਉੱਚੇ ਪਰਬਤਾਂ 'ਤੇ ਵੀ ਤਿਰੰਗਾ ਲਹਿਰਾ ਚੁੱਕੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਮੱਸਿਆਵਾਂ ਤੋਂ ਭੱਜ ਕੇ ਨਹੀਂ ਸਗੋਂ ਉਨ੍ਹਾਂ ਦਾ ਸਾਹਮਣਾ ਕਰ ਕੇ ਹੀ ਜੀਵਨ ਵਿਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਇਕ ਸ਼ਾਂਤ ਸਮੁੰਦਰ ਦਾ ਮਲਾਹ ਕਦੇ ਵੀ ਕੁਸ਼ਲ ਨਹੀਂ ਹੋ ਸਕਦਾ। ਜ਼ਾਹਰ ਹੈ ਕਿ ਕਠਿਨਾਈਆਂ ਹੀ ਸਾਨੂੰ ਚੁਣੌਤੀਆਂ ਨਾਲ ਲੜਨ ਦੇ ਕਾਬਲ ਬਣਾਉਂਦੀਆਂ।

-ਚੰਦਨ ਕਰਨ

Posted By: Jagjit Singh