ਅੱਜਕੱਲ੍ਹ ਜ਼ਿਆਦਾਤਰ ਮਨੁੱਖਾਂ ਦੇ ਚਿਹਰੇ ਮੁਰਝਾਏ ਹੋਏ ਮਿਲਦੇ ਹਨ ਤਾਂ ਇਸ ਦਾ ਕਾਰਨ ਇਹੀ ਹੈ ਕਿ ਉਹ ਆਪਣੇ ਜੀਵਨ ਤੋਂ ਸੰਤੁਸ਼ਟ ਨਹੀਂ ਹਨ। ਇਸ ਅਸੰਤੁਸ਼ਟੀ ਦੇ ਪਿੱਛੇ ਸਪਸ਼ਟ ਜਿਹਾ ਕਾਰਨ ਹੈ ਸਾਡੇ ਸਵਾਰਥ ਤੋਂ ਪ੍ਰੇਰਿਤ ਕਰਮ। ਅੱਜ ਪ੍ਰੇਮ, ਸਦਭਾਵ, ਸਦਾਚਾਰ ਆਦਿ ਚੰਗੇ ਗੁਣ ਸਿਰਫ਼ ਕਿਤਾਬੀ ਗੱਲਾਂ ਬਣ ਕੇ ਰਹਿ ਗਏ ਹਨ। ਅਜਿਹੇ ਵਿਚ ਸਮੁੱਚੀ ਮਨੁੱਖ ਜਾਤੀ ਔਖੇ ਹਾਲਾਤ ਨਾਲ ਜੂਝ ਰਹੀ ਹੈ।

ਸਾਰੇ ਇਕ-ਦੂਜੇ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਸ ਬੁਰੇ ਵਿਅਕਤੀਆਂ ਵਿਚਾਲੇ ਇਕ ਚੰਗੇ ਵਿਅਕਤੀ ਨੂੰ ਵੀ ਮਜਬੂਰਨ ਆਪਣੀ ਚੰਗਿਆਈ ਛੱਡਣੀ ਪੈ ਰਹੀ ਹੈ। ਜੇਕਰ ਉਹ ਉਨ੍ਹਾਂ ਵਰਗਾ ਵਿਵਹਾਰ ਨਹੀਂ ਕਰਦਾ ਤਾਂ ਉਸ ਨੂੰ ਅਨੇਕਾਂ ਪਰੇਸ਼ਾਨੀਆਂ ਤੇ ਦੁੱਖ-ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅੱਜ ਹਰ ਜਗ੍ਹਾ ਸਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਦਿਖਾਈ ਤਾਂ ਦਿੰਦੇ ਹਨ ਪਰ ਉਹ ਸਾਰੇ ਖ਼ੁਦ ਸਹਿਜ ਜੀਵਨ ਜਿਊਣਾ ਚਾਹੁੰਦੇ ਹਨ। ਅਜਿਹਾ ਜੀਵਨ ਜਿਸ ਵਿਚ ਬਹੁਤ ਘੱਟ ਕੰਮ ਕਰ ਕੇ ਬਹੁਤ ਵੱਧ ਪ੍ਰਾਪਤ ਕੀਤਾ ਜਾ ਸਕੇ। ਸਿੱਟੇ ਵਜੋਂ ਜ਼ਿਆਦਾਤਰ ਲੋਕ ਆਪਣੇ ਨਿਯਤ ਕਰਮ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕਰਦੇ।

ਦਰਅਸਲ, ਮਨੁੱਖੀ ਜੀਵਨ ਹੀ ਕਰਮ ਪ੍ਰਧਾਨ ਹੈ। ਕਰਮ ਤੋਂ ਰਹਿਤ ਹੋਣ 'ਤੇ ਨਾ ਤਾਂ ਖ਼ੁਦ ਦਾ ਜੀਵਨ ਸੁਧਾਰਿਆ ਜਾ ਸਕਦਾ ਹੈ ਅਤੇ ਨਾ ਹੀ ਸਮਾਜ ਅਤੇ ਦੇਸ਼ ਦਾ। ਅਥਰਵਵੇਦ ਕਹਿੰਦਾ ਹੈ ਕਿ, 'ਕਰਮਕ੍ਰੰਵੰਤੀ ਮਾਨਵਾ :' ਅਰਥਾਤ ਮਨੁੱਖ ਉਹੀ ਹੈ ਜੋ ਆਪਣੇ ਕਰਮ ਤੋਂ ਮੁੱਖ ਨਹੀਂ ਮੋੜਦਾ। ਚੰਗੇ ਕਰਮ ਕਰਨ ਵਾਲਾ ਹੀ ਮਨੁੱਖ ਕਹਾਉਣ ਦੇ ਯੋਗ ਹੈ। ਕਰਮ ਦੀ ਪਾਲਣਾ ਲਈ ਹੀ ਈਸ਼ਵਰ ਨੇ ਮਨੁੱਖ ਦੀ ਸਿਰਜਣਾ ਕੀਤੀ ਹੈ। ਚੰਗੇ ਕਰਮ ਦੇ ਬਿਨਾਂ ਕੋਈ ਮਨੁੱਖ ਆਦਰਸ਼ ਨਹੀਂ ਕਿਹਾ ਜਾ ਸਕਦਾ। ਮਨੁੱਖ ਆਪਣੇ ਕੰਮਾਂ ਕਾਰਨ ਹੀ ਮਹਾ ਮਾਨਵ ਤੇ ਮਹਾ ਦਾਨਵ ਬਣ ਸਕਦਾ ਹੈ।

ਖ਼ੁਦ ਭਗਵਾਨ ਵੀ ਜਦ ਧਰਤੀ 'ਤੇ ਅਵਤਾਰ ਧਾਰਨ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਕਰਮ-ਧਰਮ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਲਈ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਠੀਕ ਤਰੀਕੇ ਨਾਲ ਸੋਚ-ਸਮਝ ਕੇ ਆਪਣੇ ਮਨੁੱਖੀ ਕਰਮਾਂ ਨੂੰ ਨੇਪਰੇ ਚਾੜ੍ਹੀਏ। ਫ਼ਲ ਦੀ ਉਮੀਦ ਰੱਖੇ ਬਿਨਾਂ ਨਿਸ਼ਕਾਮ ਕਰਮ ਕਰਦੇ ਹੋਏ ਜੀਵਨ ਗੁਜ਼ਾਰੋ। ਸਾਨੂੰ ਹਮੇਸ਼ਾ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਸਵੈ-ਹਿੱਤ ਅਤੇ ਸਵਾਰਥ ਤੋਂ ਹਟ ਕੇ ਪਰ-ਹਿੱਤ ਅਤੇ ਪਰਉਪਕਾਰ ਵਾਸਤੇ ਹੋਣ। ਅਸਲ ਵਿਚ ਪਰ-ਹਿੱਤ ਤੋਂ ਵੱਡਾ ਕੋਈ ਧਰਮ ਨਹੀਂ ਹੈ।-ਡਾ. ਪ੍ਰਸ਼ਾਂਤ ਅਗਨੀਹੋਤਰੀ।

Posted By: Sunil Thapa