ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਸਾਰ ਦੇ ਇਤਿਹਾਸ ਦੇ ਮਹਾਨ ਨਾਇਕ ਤੇ ਲਾਸਾਨੀ ਸ਼ਹੀਦ ਹਨ। 'ਸ਼ਹੀਦ' ਲਫ਼ਜ਼ ਫ਼ਾਰਸੀ ਜ਼ੁਬਾਨ ਦੇ ਲਫ਼ਜ਼ 'ਸ਼ਾਹਿਦ' ਤੋਂ ਬਣਿਆ ਹੈ, ਜਿਸ ਦਾ ਭਾਵ ਹੈ 'ਗਵਾਹੀ ਦੇਣਾ'। 'ਸ਼ਹੀਦ' ਲਫ਼ਜ਼ ਦੇ ਸਾਡੀ ਬੋਲੀ ਵਿਚ ਅਰਥ ਹਨ- ਐਸਾ ਮਹਾਨ ਵਿਅਕਤੀ ਜੋ ਸੱਚ, ਨੇਕੀ, ਇਨਸਾਫ਼ ਤੇ ਧਰਮ ਦੀ ਰਾਖੀ ਲਈ ਆਪਣਾ ਸਭ ਕੁਝ, ਇਥੋਂ ਤਕ ਕਿ ਆਪਣਾ ਆਪ ਵੀ ਹੱਸਦਿਆਂ-ਹੱਸਦਿਆਂ ਕੁਰਬਾਨ ਕਰ ਦੇਵੇ। ਗੁਰੂ ਤੇਗ ਬਹਾਦਰ ਸਾਹਿਬ 'ਸ਼ਹੀਦ' ਸਬਦ ਦੇ ਸਹੀ ਅਰਥਾਂ ਵਿਚ ਸ਼ਹੀਦ ਹੋਏ ਹਨ। ਦੁਨੀਆ ਦੇ ਇਤਿਹਾਸ 'ਚ ਸ਼ਾਇਦ ਹੀ ਐਸੀ ਕੋਈ ਮਿਸਾਲ ਮਿਲਦੀ ਹੋਵੇ ਕਿ ਸ਼ਹੀਦੀ ਦੇਣ ਵਾਲਾ ਖ਼ੁਦ, ਆਪਣੀ ਮਰਜ਼ੀ ਨਾਲ, ਆਪ ਚੱਲ ਕੇ ਸ਼ਹਾਦਤ ਦੇਣ ਗਿਆ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਾਰਮਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੀ। ਗੁਰੂ ਸਾਹਿਬ ਦੀ ਸਮੁੱਚੀ ਬਾਣੀ ਵਿਚ ਉਨ੍ਹਾਂ ਦੀ ਇਸੇ ਬੇਮਿਸਾਲ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਵਿਚਾਰ ਸਾਨੂੰ ਜੀਵਨ ਜਾਚ ਦਾ ਬੇਸ਼ਕੀਮਤੀ ਸੰਦੇਸ਼ ਦਿੰਦੇ ਹਨ।

ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸਤਿਕਾਰ ਸਹਿਤ ਪੜ੍ਹਦਿਆਂ, ਸੁਣਦਿਆਂ ਤੇ ਵਿਚਾਰਦਿਆਂ ਸਹਿਜੇ ਹੀ ਮਹਿਸੂਸ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਬਾਣੀ ਸੰਸਾਰਕ ਰਸਾਂ-ਕਸਾਂ ਦੇ ਭਰਮ ਜਾਲ 'ਚ ਫਾਥੇ ਮਨੁੱਖ ਨੂੰ ਮੁਕਤ ਕਰ ਕੇ ਉਸ ਅੰਦਰ ਪ੍ਰਭੂ ਮਿਲਾਪ ਲਈ ਵੈਰਾਗ ਦੀ ਅਨੰਤ ਧਾਰਾ ਪ੍ਰਵਾਹਿਤ ਕਰਨ ਵਾਲੀ ਹੈ। ਇਸ ਲਈ ਆਪ ਜੀ ਨੂੰ 'ਵੈਰਾਗ ਦੀ ਮੂਰਤ' ਵੀ ਆਖਿਆ ਜਾਂਦਾ ਹੈ। ਸੰਸਾਰ ਦੀ ਨਾਸ਼ਮਾਨਤਾ, ਮਨੁੱਖੀ ਜੀਵਨ ਦੇ ਅਸਲ ਮਕਸਦ ਪ੍ਰਤੀ ਲਾਪਰਵਾਹੀ, ਗਫ਼ਲਤ ਅਤੇ ਪੰਜ ਵਿਕਾਰਾਂ ਦੀ ਗ਼ੁਲਾਮੀ 'ਚੋਂ ਉਸ ਨੂੰ ਮੁਕਤ ਕਰਨ ਦੀ ਜੁਗਤੀ ਦ੍ਰਿੜ ਕਰਾਉਣਾ ਨੌਵੇਂ ਪਾਤਸ਼ਾਹ ਦੀ ਬਾਣੀ ਦੇ ਵਿਸ਼ੇਸ਼ ਸਰੋਕਾਰ ਹਨ।

ਆਪ ਜੀ ਨੇ ਗਾਫ਼ਿਲ ਪ੍ਰਾਣੀ ਨੂੰ ਮੋਹ-ਨਿਦੰਗ ਤੋਂ ਜਗਾਉਣ ਲਈ ਅਨੇਕ ਥਾਈਂ ਸੰਬੋਧਨੀ ਸ਼ਬਦ 'ਸਾਧੋ' ਵਰਤਿਆ ਹੈ, ਜਿਵੇਂ 'ਸਾਧੋ ਰਚਨਾ ਰਾਮ ਬਨਾਈ', 'ਸਾਧੋ ਗੋਵਿੰਦ ਕੇ ਗੁਨ ਗਾਵਓ', 'ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ', 'ਸਾਧੋ, ਇਹ ਤਨੁ ਮਿਥਿਆ ਜਾਨਉ' ਅਤੇ 'ਸਾਧੋ ਮਨ ਕਾ ਮਾਨੁ ਤਿਆਗਉ'£ 'ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ' ਆਦਿ। 'ਮਾਣ' ਜਾਂ 'ਅਹੰ', ਜਿਸ ਨੂੰ ਅਹੰਕਾਰ ਵੀ ਆਖਦੇ ਹਨ, ਮਨੁੱਖ ਦੇ ਪ੍ਰਭੂ ਨਾਲ ਮਿਲਾਪ ਦੇ ਰਾਹ ਵਿਚਲੀ ਸਭ ਤੋਂ ਵੱਡੀ ਰੁਕਾਵਟ ਤੇ ਅੜਿੱਕਾ ਹੈ। ਗੁਰਬਾਣੀ ਇਸ ਪ੍ਰਥਾਏ ਆਖਦੀ ਹੈ, 'ਜਬ ਹਮ ਹੋਤੇ ਤਬ ਤੂ ਮੈ ਨਾਹੀਂ'।

ਗੁਰੂ ਤੇਗ ਬਹਾਦਰ ਸਾਹਿਬ ਇਕ ਮਹਾਨ ਸਮਾਜ ਸੁਧਾਰਕ ਵੀ ਸਨ। ਉਨ੍ਹਾਂ ਸਮਾਜ ਞਚ ਪ੍ਰਚਲਿਤ ਰੂੜੀਆਂ, ਕੁਰੀਤੀਆਂ, ਕਰਮ ਕਾਂਡਾਂ ਅਤੇ ਭਰਮਾਂ ਖ਼ਿਲਾਫ਼ ਲੋਕ ਚੇਤਨਾ ਲਿਆਉਣ ਦਾ ਮਹਾਨ ਉਪਰਾਲਾ ਕੀਤਾ। 'ਸਾਧੋ ਮਨੁ ਕਾ ਮਾਨ ਤਿਆਗਊ' ਗਉੜੀ ਰਾਗ ਦੇ ਇਸ ਸ਼ਬਦ ਰਾਹੀਂ ਆਪ ਜੀ ਅਨੇਕਾਂ ਸਮਾਜਕ ਬੁਰਾਈਆਂ ਵਿਰੁਧ ਖੜ੍ਹਨ ਦਾ ਸੁਨੇਹਾ ਦਿੰਦੇ ਹਨ। ਗੁਰੂ ਸਾਹਿਬ ਇਸ ਗੱਲ ਉੱਤੇ ਵੀ ਜ਼ੋਰ ਦਿੰਦੇ ਹਨ ਕਿ ਪਰਮੇਸ਼ਰ ਦੇ ਪਿਆਰਿਆਂ ਨੂੰ ਨਿਮਰਤਾ ਧਾਰਨ ਕਰ ਕੇ ਮਨ ਨੂੰ ਸਮਤਲ ਕਰਨਾ ਚਾਹੀਦਾ ਹੈ। ਜਦੋਂ ਮਨ ਨਿਮਰਤਾ ਦਾ ਧਾਰਨੀ ਹੋ ਜਾਵੇਗਾ ਤਾਂ ਫਿਰ ਕਾਮ, ਕ੍ਰੋਧ ਅਤੇ ਦੁਰਜਨਾਂ ਅਰਥਾਤ ਮਨਮੁੱਖਾਂ ਦੀ ਕੁਸੰਗਤ ਤੋਂ ਸਹਿਜੇ ਹੀ ਬਚਿਆ ਜਾ ਸਕੇਗਾ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਕਿ ਭੁੱਲ ਕੇ ਵੀ ਇਨ੍ਹਾਂ ਵਿਕਾਰਾਂ ਦੇ ਨੇੜੇ ਨਹੀਂ ਲੱਗਣਾ ਚਾਹੀਦਾ, ਕਿਉਂਕਿ 'ਜੈਸੀ ਸੰਗਤ ਵੈਸੀ ਰੰਗਤ'। ਇਸ ਲਈ ਗੁਰੂ ਤੇਗ ਬਹਾਦਰ ਜੀ 'ਸਾਧੋ' ਦੇ ਸੰਬੋਧਨੀ ਸ਼ਬਦ ਰਾਹੀਂ ਸਮਸਤ ਪ੍ਰਾਣੀਆਂ ਨੂੰ ਚੰਗੇ ਲੋਕਾਂ ਦੀ ਸੰਗਤ ਕਰਨ ਤੇ ਨਿਰਮਾਣਤਾ ਦੇ ਧਾਰਨੀ ਹੋਣ ਦੀ ਪ੍ਰੇਰਨਾ ਕਰਦੇ ਹਨ। ਗੁਰੂ ਸਾਹਿਬ ਉਚੇਰੀ ਆਤਮਕ ਅਵਸਥਾ ਦੀ ਸੋਝੀ ਕਰਵਾਉਂਦਿਆਂ ਫੁਰਮਾਨ ਕਰਦੇ ਹਨ :

'ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ

ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ

ਭਾਵ, ਜੀਵਨ ਵਿਚ ਵਿਚਰਦਿਆਂ ਦੁੱਖ ਵੀ ਮਿਲਣਗੇ ਅਤੇ ਸੁੱਖ ਦੀ ਬਖ਼ਸ਼ਿਸ਼ ਵੀ ਹੋਵੇਗੀ। ਅਸਲ ਮਨੁੱਖ ਉਹ ਹੈ ਜਿਹੜਾ ਇਨ੍ਹਾਂ ਦੋਹਾਂ ਅਵਸਥਾਵਾਂ ਵਿਚ ਵਿਚਲਿਤ ਨਹੀਂ ਹੁੰਦਾ, ਉਸ ਦੇ ਕਦਮ ਲੜਖੜਾਂਦੇ ਨਹੀਂ, ਉਸ ਦਾ ਮਨ ਡੋਲਦਾ ਨਹੀਂ, ਸਗੋਂ ਉਹ ਦੋਹਾਂ ਅਵਸਥਾਵਾਂ ਨੂੰ ਪਰਮੇਸ਼ਰ ਦੀ ਰਜ਼ਾ ਸਮਝਦੇ ਹੋਏ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬਚਨ ਆਪਣੇ ਮੁਖਾਰਬਿੰਦ ਤੋਂ ਮਹਿਜ਼ ਉਚਾਰੇ ਹੀ ਨਹੀਂ ਸਗੋਂ ਆਪ ਵੀ ਇਨ੍ਹਾਂ ਉੱਤੇ ਅਮਲ ਕਰ ਕੇ ਮਿਸਾਲ ਕਾਇਮ ਕੀਤੀ। ਗੁਰੂ ਸਾਹਿਬ ਦੀ ਜਿਹੜੀ ਆਤਮਕ ਅਵਸਥਾ ਗੁਰਗੱਦੀ ਉੱਤੇ ਸੁਭਾਇਮਾਨ, ਸੀਸ ਉਤੇ ਸੇਵਕਾਂ ਵੱਲੋਂ ਚੌਰ ਝੁਲਾਉਣ, ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਸੀ, ਠੀਕ ਉਹੀ ਅਵਸਥਾ ਉਨ੍ਹਾਂ ਦੀ ਦਿੱਲੀ ਦੇ ਚਾਂਦਨੀ ਚੌਂਕ ਵਿਚ ਕੈਦਖ਼ਾਨੇ ਵਿਚ ਨਜ਼ਰਬੰਦ ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵਰਗੇ ਸੇਵਕਾਂ ਦੀਆਂ ਆਪਣੀਆਂ ਅੱਖਾਂ ਸਾਹਮਣੇ ਹੋਈਆਂ ਸ਼ਹਾਦਤਾਂ ਅਤੇ ਓੜਕ ਆਪਣੀ ਅਜ਼ੀਮ ਸ਼ਹਾਦਤ ਸਮੇਂ ਇੰਨ ਬਿੰਨ ਕਾਇਮ ਸੀ।

ਸੰਸਾਰ ਵਿਚ ਅਜਿਹੀ ਆਤਮ ਬਲ ਦੀ ਮਿਸਾਲ ਲੱਭਣੀ ਮੁਸ਼ਕਲ ਹੈ। ਹਰੇਕ ਪ੍ਰਾਣੀ, ਜੋ ਇਨ੍ਹਾਂ ਗੁਰ ਬਚਨਾਂ ਉੱਤੇ ਅਮਲ ਕਰੇ ਤਾਂ ਜੀਵਨ ਵਿਚ ਉਸ ਦੀ ਸੁਰਤ ਟਿਕਾਓ ਦੀ ਅਵਸਥਾ ਵਿਚ ਰਹਿ ਸਕਦੀ ਹੈ।

- ਤੀਰਥ ਸਿੰਘ ਢਿੱਲੋਂ

98154-61710

Posted By: Harjinder Sodhi