ਉਹੀ ਵਿਅਕਤੀ, ਸਮਾਜ ਅਤੇ ਸੰਸਕ੍ਰਿਤੀ ਅੱਗੇ ਵਧਦੇ ਹਨ ਜਿੱਥੇ ਸ਼ਕਤੀ ਦੀ ਉਪਾਸਨਾ ਹੁੰਦੀ ਹੈ। ਸ਼ਾਂਤੀ ਦਾ ਸੁਨੇਹਾ ਵੀ ਉੱਥੇ ਤਕ ਪੁੱਜਦਾ ਹੈ ਜਿੱਥੇ ਸ਼ਕਤੀ ਵੱਧ ਹੁੰਦੀ ਹੈ। ਸ਼ਾਂਤੀ ਲਈ ਸ਼ਕਤੀ ਤੇ ਸਾਤਵਿਕਤਾ ਜ਼ਰੂਰੀ ਹੈ। ਅਗਿਆਨ, ਅੰਧ-ਵਿਸ਼ਵਾਸ ਅਤੇ ਪਾਖੰਡ ਨੂੰ ਖ਼ਤਮ ਕਰਨ ਲਈ ਗਿਆਨ ਅਤੇ ਤਰਕ ਦੀ ਸ਼ਕਤੀ ਚਾਹੀਦੀ ਹੈ। ਦਰਿੱਦਰਤਾ ਅਤੇ ਹੀਣਤਾ ’ਤੇ ਜਿੱਤ ਹਾਸਲ ਕਰਨ ਲਈ ਵੀ ਧਨ-ਸ਼ਕਤੀ ਚਾਹੀਦੀ ਹੈ। ਵਿਸ਼ਵ ਕਈ ਤਰ੍ਹਾਂ ਦੀ ਸ਼ਕਤੀ ਨਾਲ ਸੰਪੰਨ ਹੈ ਪਰ ਇਸ ਸ਼ਕਤੀ ਨਾਲ ਵਿਅਕਤੀ, ਸਮਾਜ ਅਤੇ ਵਿਗਿਆਨ ਵਿਚ ਪਵਿੱਤਰਤਾ ਦੇ ਸਥਾਨ ’ਤੇ ਹੰਕਾਰ ਵਧ ਰਿਹਾ ਹੈ। ਇਸ ਲਈ ਸ਼ਕਤੀ ਦਾ ਸਾਤਵਿਕ ਹੋਣਾ ਅਤਿਅੰਤ ਜ਼ਰੂਰੀ ਹੈ। ਅਸਲ ਵਿਚ ਸ਼ੋਸ਼ਣ, ਜ਼ੁਲਮ ਅਤੇ ਤੰਗ-ਪਰੇਸ਼ਾਨ ਕਰਨ ਤੋਂ ਮੁਕਤੀ ਲਈ ਸਾਰਿਆਂ ਨੂੰ ਹਰ ਤਰ੍ਹਾਂ ਨਾਲ ਤਾਕਤਵਰ ਹੋਣਾ ਜ਼ਰੂਰੀ ਹੈ। ਸਰੀਰਕ ਸ਼ਕਤੀ ਮਾਨਸਿਕ ਸ਼ਕਤੀ ਨੂੰ ਆਧਾਰ ਦਿੰਦੀ ਹੈ। ਮਾਨਸਿਕ ਸ਼ਕਤੀ ਪ੍ਰਾਣ ਸ਼ਕਤੀ ਨੂੰ ਅਤੇ ਪ੍ਰਾਣ ਸ਼ਕਤੀ ਆਤਮਿਕ ਸ਼ਕਤੀ ਨੂੰ ਤਾਕਤ ਪ੍ਰਦਾਨ ਕਰਦੀ ਹੈ। ਜਦ ਤਿੰਨੇ ਸ਼ਕਤੀਆਂ ਸੰਤੁਲਿਤ ਹੁੰਦੀਆਂ ਹਨ ਤਾਂ ਸ਼ਾਂਤੀ ਦਾ ਪ੍ਰਕਾਸ਼ ਧੁਰ ਅੰਦਰ ਤਕ ਫੈਲ ਜਾਂਦਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਨੂੰ ਵੀ ਕਿਸੇ ਰੂਪ ਵਿਚ ਕਮਜ਼ੋਰ ਨਹੀਂ ਹੋਣਾ ਚਾਹੀਦਾ। ਨਿਰਬਲਤਾ ਵੀ ਅਸ਼ਾਂਤੀ ਦਾ ਇਕ ਕਾਰਨ ਹੈ। ਰਿਸ਼ੀ ਪਤੰਜਲੀ, ਅਚਾਰੀਆ ਚਾਣਕਿਆ ਅਤੇ ਵਿਚਾਰਕ ਹੇਗਲ ਨੇ ਸ਼ਕਤੀ ਅਤੇ ਸ਼ਾਂਤੀ ਦੀ ਪੂਰਕਤਾ ਨੂੰ ਸਮਝਿਆ ਸੀ। ‘ਯੋਗ ਦਰਸ਼ਨ’ ਵਿਚ ਕਿਹਾ ਗਿਆ ਹੈ ਕਿ ਇੰਦਰੀਆਂ, ਪ੍ਰਾਣਾਂ ਦੀ ਸ਼ਕਤੀ ਨਾਲ ਹੀ ਜੀਵਨ ਨੂੰ ਤਾਕਤ ਮਿਲਦੀ ਹੈ। ਜੀਵਨ ਦੀ ਸ਼ਕਤੀ ਨਾਲ ਧਿਆਨ ਵਿਚ ਇਕਾਗਰਤਾ ਆਉਂਦੀ ਹੈ। ਇਹ ਇਕਾਗਰਤਾ ਅਸ਼ਾਂਤੀ, ਵੈਰ-ਵਿਰੋਧਾਂ, ਹੀਣਤਾ, ਅਪਵਿੱਤਰਤਾ ਅਤੇ ਸਾਰੇ ਤਰ੍ਹਾਂ ਦੇ ਵਿਕਾਰਾਂ ਨੂੰ ਸਮਾਪਤ ਕਰਨ ਦਾ ਕੰਮ ਕਰਦੀ ਹੈ। ਇਕਾਗਰਤਾ ਸਫਲਤਾ ਅਤੇ ਆਨੰਦ ਦਾ ਆਧਾਰ ਹੈ। ਅਚਾਰੀਆ ਚਾਣਕਿਆ ਅਜਿਹੀ ਸ਼ਕਤੀ ਨਾਲ ਸੰਪੰਨ ਹੋਣ ਲਈ ਕਹਿੰਦੇ ਹਨ ਜਿਸ ਨਾਲ ਹਰ ਤਰ੍ਹਾਂ ਦਾ ਟੀਚਾ ਹਾਸਲ ਕੀਤਾ ਜਾ ਸਕੇ, ਉਨ੍ਹਾਂ ਸ਼ਕਤੀਆਂ ਨੂੰ ਹਰਾਇਆ ਜਾ ਸਕੇ ਜੋ ਸ਼ਾਂਤੀ ਦੀ ਸਥਾਪਨਾ ਵਿਚ ਰੁਕਾਵਟ ਪਾਉਂਦੀਆਂ ਹੋਣ। ਸਪਸ਼ਟ ਹੈ ਕਿ ਜੇਕਰ ਹਰੇਕ ਵਿਅਕਤੀ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸੰਕਲਪਿਤ ਹੋਵੇ ਤਾਂ ਕੋਈ ਕਾਰਨ ਨਹੀਂ ਕਿ ਜੀਵਨ ਅਤੇ ਸਮਾਜ ਵਿਚ ਸ਼ਕਤੀ ਅਤੇ ਸ਼ਾਂਤੀ ਦਾ ਸਮਤੋਲ ਸਥਾਪਤ ਨਾ ਹੋ ਸਕੇ।

-ਸ਼ਕੁੰਤਲਾ ਦੇਵੀ

Posted By: Jatinder Singh