ਅਜਿਹੇ ਬਹੁਤ ਸਾਰੇ ਮਹਾਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਆਪਣੇ ਜੀਵਨ ਕਾਲ 'ਚ ਓਨੀ ਮਾਨਤਾ ਤੇ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਕਿ ਇਸ ਦੁਨੀਆ ਤੋਂ ਤੁਰ ਜਾਣ ਬਾਅਦ ਮਿਲੀ। ਇਸ ਦੇ ਕਈ ਕਾਰਨਾਂ 'ਚੋਂ ਇਕ ਸਾਡਾ ਹੰਕਾਰੀ ਸੁਭਾਅ ਵੀ ਹੈ, ਜਿਸ ਕਾਰਨ ਇਨਸਾਨ ਕਿਸੇ ਹੋਰ ਪ੍ਰਭੂਸੱਤਾ ਤੇ ਉੱਚਤਾ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕਰਦਾ। ਪਰਮਾਤਮਾ ਨੇ ਵੀ ਕੁਝ ਚੀਜ਼ਾਂ ਇਨਸਾਨ ਨੂੰ ਬਿਨਾਂ ਭੇਦਭਾਵ ਤੋਂ ਬਰਾਬਰ ਦਿੱਤੀਆਂ ਹਨ, ਜਿਸ ਕਾਰਨ ਉਨ੍ਹਾਂ 'ਚ ਬਰਾਬਰੀ ਦੀ ਭਾਵਨਾ ਆਉਣਾ ਸੁਭਾਵਿਕ ਹੈ। ਇਹ ਭਾਵਨਾ ਵਿਅਕਤੀ 'ਚ ਸਵੈਮਾਣ ਜਗਾਉਂਦੀ ਹੈ ਤੇ ਅੱਗੇ ਚੱਲ ਕੇ ਕਦੇ-ਕਦੇ ਹੰਕਾਰ ਵੀ। ਇਸ ਲਈ ਉਹ ਆਪਣੇ ਤੋਂ ਬਿਹਤਰ ਵਿਅਕਤੀ ਵਿਚ ਵੀ ਕਮੀਆਂ ਲੱਭਣ ਲੱਗਦਾ ਹੈ। ਇਨਸਾਨ 'ਚ ਕੁਝ ਨਾ ਕੁਝ ਕਮੀ ਹੋਣਾ ਜ਼ਾਹਿਰ ਜਿਹੀ ਗੱਲ ਹੈ ਪਰ ਜਦੋਂ ਧਿਆਨ ਕਿਸੇ ਦੀਆਂ ਕਮੀਆਂ 'ਤੇ ਕੇਂਦਰਿਤ ਹੋਣ ਲੱਗਦਾ ਹੈ ਤਾਂ ਇਨਸਾਨੀ ਫਿਤਰਤ ਕਾਰਨ ਭਾਵਨਾ ਵੀ ਬਦਲਣ ਲੱਗਦੀ ਹੈ ਤੇ ਅਸੀਂ 50 ਕਮੀਆਂ ਵਾਲੇ ਵਿਅਕਤੀ ਨੂੰ ਵੀ ਦੋ ਕਮੀਆਂ ਵਾਲੇ ਵਿਅਕਤੀ ਦੇ ਬਰਾਬਰ ਰੱਖਣ ਲੱਗਦੇ ਹਾਂ। ਅਜਿਹੇ ਵਿਅਕਤੀ ਭੁੱਲ ਜਾਂਦੇ ਹਨ ਕਿ ਹਰ ਕਮੀ ਬਰਾਬਰ ਨਹੀਂ ਹੁੰਦੀ ਤੇ ਦੋ-ਚਾਰ ਕਮੀਆਂ ਤੇ ਪੰਜਾਹ ਕਮੀਆਂ 'ਚ ਬਹੁਤ ਫ਼ਰਕ ਹੁੰਦਾ ਹੈ। ਉਲਟੀ ਸੋਚ ਜ਼ਿਆਦਾ ਸਮੇਂ ਤਕ ਨਹੀਂ ਟਿਕਦੀ ਤੇ ਚੰਗਿਆਈਆਂ ਦੀ ਪਕੜ ਬੁਰਾਈਆਂ ਦੇ ਮੁਕਾਬਲੇ ਡੂੰਘੀ ਹੁੰਦੀ ਹੈ ਤਾਂ ਜੀਵਨ ਉਪਰੰਤ ਵਿਅਕਤੀ ਦੀਆਂ ਕਮੀਆਂ ਨੂੰ ਲੋਕ ਹੌਲੀ-ਹੌਲੀ ਭੁੱਲ ਜਾਂਦੇ ਹਨ ਤੇ ਉਸ ਵਿਅਕਤੀ ਦੇ ਵੀ ਪ੍ਰਸ਼ੰਸਕ ਜਾਂ ਭਗਤ ਬਣ ਜਾਂਦੇ ਹਨ, ਜਿਸ ਨੂੰ ਜੀਵਨਕਾਲ ਦੌਰਾਨ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ। ਇਹ ਇਕ ਸੁਭਾਵਿਕ ਪ੍ਰਕਿਰਿਆ ਹੈ, ਜਿਸ ਨੂੰ ਬੁਰਾਈਆਂ 'ਤੇ ਚੰਗਿਆਈ ਦੀ ਜਿੱਤ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਜੋ ਵਿਅਕਤੀ ਕਿਸੇ ਵੀ ਖੇਤਰ 'ਚ ਬਿਹਤਰੀ ਵੱਲ ਵਧਦਾ ਹੁੰਦਾ ਹੈ, ਉਸ ਨੂੰ ਰੱਬ ਦੀ ਮਿਹਰ ਦੇ ਬਿਨਾਂ ਸੰਭਵ ਨਹੀਂ ਮੰਨਣਾ ਚਾਹੀਦਾ। ਉਸ 'ਤੇ ਰੱਬ ਦੀ ਵੱਧ ਕਿਰਪਾ ਹੈ। ਉਸ ਨੂੰ ਰੱਬ ਦੇ ਜ਼ਿਆਦਾ ਕਰੀਬ ਮੰਨਣਾ ਚਾਹੀਦਾ ਹੈ। ਰੱਬ ਦੀ ਕਿਰਪਾ ਦੇ ਪਾਤਰ ਅਜਿਹੇ ਮਹਾਪੁਰਸ਼ਾਂ ਨੂੰ ਸਾਨੂੰ ਉਨ੍ਹਾਂ ਦੇ ਜੀਵਨਕਾਲ ਵਿਚ ਹੀ ਪਛਾਣਨਾ ਚਾਹੀਦਾ ਹੈ ਤਾਂ ਕਿ ਬਾਅਦ ਵਿਚ ਕੋਈ ਪਛਤਾਵਾ ਨਾ ਰਹੇ। ਇਹ ਨਜ਼ਰੀਆ ਅਪਣਾ ਕੇ ਆਪਣੇ ਕੰਮਕਾਜ, ਜਨਤਕ ਜੀਵਨ, ਪਰਿਵਾਰ ਤੇ ਰੂਹਾਨੀਅਤ 'ਚ ਆਪਣੇ ਨਾਲੋਂ ਬਿਹਤਰ ਲੋਕਾਂ ਪ੍ਰਤੀ ਹਾਂ-ਪੱਖੀ ਸੋਚ ਵਿਕਸਤ ਕਰਨੀ ਚਾਹੀਦੀ ਹੈ।

-ਡਾ. ਮਹੇਸ਼ ਭਾਰਦਵਾਜ।

Posted By: Rajnish Kaur