ਮਨੁੱਖ ਦੇ ਜੀਵਨ ਵਿਚ ਦ੍ਰਿਸ਼ਟੀਕੋਣ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸੰਸਾਰ ਵੱਖ-ਵੱਖ ਵਿਚਾਰਾਂ ਵਾਲੇ ਮਨੁੱਖਾਂ ਦੀ ਹੋਂਦ ਵਿਚ ਘਿਰਿਆ ਹੋਇਆ ਹੈ। ਹਰੇਕ ਮਨੁੱਖ ਦੇ ਵਿਚਾਰਾਂ ਵਿਚ ਭਿੰਨਤਾ ਹੁੰਦੀ ਹੈ। ਵਿਚਾਰ ਹੀ ਹਨ ਜੋ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਨ ਦਾ ਕੰਮ ਕਰਦੇ ਹਨ। ਜੇ ਵਿਚਾਰਾਂ 'ਚ ਸ੍ਰੇਸ਼ਟਤਾ ਅਤੇ ਪਵਿੱਤਰਤਾ ਦੇ ਭਾਵ ਹਨ ਤਾਂ ਉਨ੍ਹਾਂ ਦਾ ਬਿੰਬ ਮਨੁੱਖ ਦੇ ਦ੍ਰਿਸ਼ਟੀਕੋਣ 'ਤੇ ਸਪੱਸ਼ਟ ਰੂਪ ਵਿਚ ਪ੍ਰਤੀਤ ਹੁੰਦਾ ਹੈ ਪਰ ਜੇ ਵਿਚਾਰਾਂ ਵਿਚ ਵਿਚਾਰਧਾਰਕ ਕਮਜ਼ੋਰੀ ਦੇ ਭਾਵਾਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਅਜਿਹੇ ਵਿਚਾਰ ਵਾਲੇ ਮਨੁੱਖ ਦੇ ਨਜ਼ਰੀਏ ਵਿਚ ਤੰਗਦਿਲੀ ਦਾ ਭਾਵ ਜਨਮ ਲੈਂਦਾ ਹੈ। ਹੇਠਲੇ ਦਰਜੇ ਦੇ ਵਿਚਾਰਾਂ ਨਾਲ ਪਾਏਦਾਰ ਨਜ਼ਰੀਆ ਵਿਕਸਤ ਨਹੀਂ ਹੋ ਪਾਉਂਦਾ।

ਵਿਚਾਰ ਹੀ ਵਿਵਹਾਰ ਦੇ ਨਿਰਧਾਰਕ ਤੱਤ ਦੀ ਭੂਮਿਕਾ ਵਿਚ ਆਪਣਾ ਯੋਗਦਾਨ ਪਾਉਂਦੇ ਹਨ। ਇਸ ਲਈ ਮਨੁੱਖ ਦੇ ਵਿਵਹਾਰ ਵਿਚ ਵਿਚਾਰ ਤੱਤ ਸ਼ਾਮਲ ਹੁੰਦਾ ਹੈ। ਮਨੁੱਖ ਆਪਣੇ ਵਿਵਹਾਰ ਵਿਚ ਉਨ੍ਹਾਂ ਲੱਛਣਾਂ ਦਾ ਹੀ ਪ੍ਰਦਰਸ਼ਨ ਕਰਦਾ ਹੈ ਜੋ ਦਿਮਾਗ ਵਿਚ ਵਿਚਾਰ ਰੂਪ ਵਿਚ ਹੁੰਦੇ ਹਨ। ਅਸੀਂ ਆਮ ਤੌਰ 'ਤੇ ਕਿਸੇ ਵਿਸ਼ੇਸ਼ ਵਸਤੂ ਜਾਂ ਕਿਸੇ ਵਸਤੂ ਦੇ ਸਬੰਧ ਵਿਚ ਜਦ ਇਕ ਨਜ਼ਰੀਆ ਬਣਾਉਂਦੇ ਹਾਂ ਤਾਂ ਅਸੀਂ ਦਿਮਾਗ ਵਿਚ ਚੱਲ ਰਹੇ ਵਿਚਾਰਾਂ ਦਾ ਹੀ ਸਹਾਰਾ ਲੈਂਦੇ ਹਾਂ। ਕਦੇ-ਕਦੇ ਪਲਾਂ ਵਿਚ ਹੀ ਕਿਸੇ ਵਿਅਕਤੀ ਦੇ ਚੰਗੇ ਜਾਂ ਮੰਦੇ ਹੋਣ ਦਾ ਨਜ਼ਰੀਆ ਬਣਾ ਲਿਆ ਜਾਂਦਾ ਹੈ। ਠੀਕ ਇਸੇ ਤਰ੍ਹਾਂ ਦਾ ਨਜ਼ਰੀਆ ਕਿਸੇ ਵਸਤੂ ਦੇ ਸਬੰਧ ਵਿਚ ਵੀ ਮਿੱਥ ਲਿਆ ਜਾਂਦਾ ਹੈ। ਅਸਲ ਵਿਚ ਸਾਡੇ ਮਨ ਵਿਚ ਜੋ ਭਾਵ ਹੁੰਦੇ ਹਨ, ਉਨ੍ਹਾਂ ਦੇ ਆਧਾਰ 'ਤੇ ਅਸੀਂ ਇਹ ਤੈਅ ਕਰਨ ਦਾ ਕੰਮ ਕਰਦੇ ਹਾਂ ਪਰ ਜਦ ਬਣਾਇਆ ਗਿਆ ਨਜ਼ਰੀਆ ਗ਼ਲਤ ਸਿੱਧ ਹੋ ਜਾਂਦਾ ਹੈ ਤਾਂ ਅਜਿਹੀ ਹਾਲਤ ਵਿਚ ਮਨ ਵਿਚ ਦੁੱਖ ਦੇ ਭਾਵ ਪੈਦਾ ਹੁੰਦੇ ਹਨ। ਦ੍ਰਿਸ਼ਟੀ ਨਜ਼ਰੀਏ ਦਾ ਨਿਰਮਾਣ ਕਰਦੀ ਹੈ।

ਸੁੱਖ ਅਤੇ ਦੁੱਖ, ਇਹ ਦੋਵੇਂ ਹਾਲਾਤ ਇਸੇ ਗੱਲ 'ਤੇ ਨਿਰਭਰ ਕਰਦੇ ਹਨ ਕਿ ਅਸੀਂ ਕਿਸੇ ਵਿਅਕਤੀ ਜਾਂ ਵਸਤੂ ਦਾ ਮੁਲਾਂਕਣ ਕਿਸ ਤਰ੍ਹਾਂ ਕਰ ਰਹੇ ਹਾਂ। ਮੁਲਾਂਕਣ ਦਾ ਆਧਾਰ ਹੀ ਦ੍ਰਿਸ਼ਟੀਕੋਣ ਦੇ ਨਿਰਮਾਣ ਤਕ ਦਾ ਸਫ਼ਰ ਤੈਅ ਕਰਦਾ ਹੈ ਅਤੇ ਦ੍ਰਿਸ਼ਟੀਕੋਣ ਦਾ ਨਿਰਧਾਰਨ ਹੀ ਉਹ ਕਲਾ ਹੈ ਜਿਸ ਦੇ ਆਧਾਰ 'ਤੇ ਸੁੱਖ ਅਤੇ ਦੁੱਖ ਵਰਗੀ ਸਥਿਤੀ ਨਿਰਧਾਰਤ ਹੁੰਦੀ ਹੈ। ਜ਼ਰੂਰਤ ਹੈ ਕਿ ਮਨੁੱਖ ਆਪਣੇ ਵਿਵੇਕ ਦੇ ਆਧਾਰ 'ਤੇ ਹਾਂ-ਪੱਖੀ ਤਰੀਕੇ ਨਾਲ ਹਾਲਾਤ ਦਾ ਮੁਲਾਂਕਣ ਕਰੇ, ਅਹਿਸਾਸ ਕਰੇ। ਇਸ ਮਗਰੋਂ ਹੀ ਕਿਸੇ ਦ੍ਰਿਸ਼ਟੀਕੋਣ ਦਾ ਨਿਰਮਾਣ ਕੀਤਾ ਜਾਵੇ। ਪਲਾਂ-ਛਿਣਾਂ ਵਿਚ ਕੁਝ ਵੀ ਤੈਅ ਕਰਨੋਂ ਬਚਣਾ ਚਾਹੀਦਾ ਹੈ।

-ਸੌਰਭ ਜੈਨ

Posted By: Jagjit Singh