ਕੀ ਜੀਵਨ ਵਿਚ ਕੋਈ ਦੁੱਖ ਨਾ ਆਵੇ ਉਦੋਂ ਜਾਂ ਜਦ ਖ਼ੂਬ ਦੁੱਖ-ਤਕਲੀਫ਼ਾਂ ਆਉਣ 'ਤੇ ਵੀ ਆਤਮ-ਬਲ ਨਾ ਟੁੱਟੇ ਤਾਂ ਇਸ ਨੂੰ ਈਸ਼ਵਰ ਦੀ ਕਿਰਪਾ ਮੰਨਿਆ ਜਾਵੇ? ਸੰਭਵ ਹੈ ਕਿ ਸਾਡੇ ਵਿਚੋਂ ਜ਼ਿਆਦਾਤਰ ਅਜਿਹੇ ਲੋਕ ਹੋਣ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਵੱਡੇ ਕਸ਼ਟਾਂ ਦਾ ਸਾਹਮਣਾ ਹੀ ਨਾ ਕੀਤਾ ਹੋਵੇ।

ਉਨ੍ਹਾਂ ਲਈ ਇਹ ਸਮਝਣਾ ਔਖਾ ਹੋਵੇਗਾ ਕਿ ਦੁੱਖ ਕਿੰਨੇ ਭਿਆਨਕ ਰੂਪ ਲੈ ਕੇ ਆਉਂਦੇ ਹਨ ਪਰ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਬੇਵਕਤੀ ਮੌਤ, ਜ਼ਮੀਨ-ਜਾਇਦਾਦ ਵਿਚ ਨੁਕਸਾਨ, ਨਿਰਦੋਸ਼ ਹੋ ਕੇ ਵੀ ਸਜ਼ਾ ਮਿਲਣ, ਸਮਾਜ 'ਚ ਅਪਮਾਨ, ਅਚਾਨਕ ਅਣਕਿਆਸੀ ਦੁਰਘਟਨਾ ਅਤੇ ਗੰਭੀਰ ਰੋਗਾਂ ਵਰਗੇ ਦੁੱਖਾਂ ਨਾਲ ਸਾਹਮਣਾ ਹੋਇਆ ਹੋਵੇ, ਉਹ ਇਸ ਨੂੰ ਭਲੀਭਾਂਤ ਸਮਝ ਸਕਣਗੇ। ਜਦ ਸਾਡੇ ਸੁੱਖ ਬੇਸ਼ੁਮਾਰ ਹੁੰਦੇ ਹਨ ਉਦੋਂ ਅਸੀਂ ਇਸ ਨੂੰ ਆਪਣੀ ਪ੍ਰਾਪਤੀ ਮੰਨ ਕੇ ਫੁੱਲੇ ਨਹੀਂ ਸਮਾਉਂਦੇ ਹਾਂ ਅਤੇ ਜਦ ਦੁੱਖ ਵਧਣ ਲੱਗਦੇ ਹਨ ਉਦੋਂ ਅਸੀਂ ਬੇਵੱਸ ਹੋ ਕੇ ਹਾਏ-ਤੌਬਾ ਮਚਾਉਣ ਲੱਗਦੇ ਹਾਂ ਅਤੇ ਈਸ਼ਵਰ ਤੋਂ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਦੀ ਪ੍ਰਾਰਥਨਾ ਕਰਦੇ ਹਾਂ। ਅਜਿਹੀਆਂ ਪ੍ਰਾਰਥਨਾਵਾਂ ਅਤੇ ਕਾਮਨਾਵਾਂ ਤੋਂ ਕਿਸ ਨੂੰ ਕਿੰਨਾ ਲਾਭ ਮਿਲਦਾ ਹੈ, ਇਹ ਚਿੰਤਨ ਦਾ ਵਿਸ਼ਾ ਹੈ। ਅਸਲ ਵਿਚ ਸੁੱਖ ਜਾਂ ਦੁੱਖ ਦੋਵੇਂ ਹੀ ਹਾਲਤਾਂ ਵਿਚ ਈਸ਼ਵਰ ਸੰਭਵ ਤੌਰ 'ਤੇ ਸਾਡੇ ਨਾਲ ਹੁੰਦਾ ਹੈ।

ਸੁੱਖ ਵਿਚ ਖ਼ੁਸ਼ੀ ਮੁਸਕਾਨ ਬਣ ਕੇ ਅਤੇ ਦੁੱਖ ਵਿਚ ਆਤਮ-ਬਲ ਵਿਸ਼ਵਾਸ ਬਣ ਕੇ। ਸੁੱਖ ਵਿਚ ਉਹ ਨਾਲ ਰਹਿਣ 'ਤੇ ਸਾਨੂੰ ਦੂਜਿਆਂ ਦੇ ਸੁੱਖ ਦਾ ਮਾਧਿਅਮ ਬਣਨ ਨੂੰ ਪ੍ਰੇਰਿਤ ਕਰਦਾ ਹੈ ਅਤੇ ਦੁੱਖ ਵਿਚ ਜੀਵਨ ਅਤੇ ਕੁਦਰਤ ਦੇ ਰਹੱਸਾਂ ਤੋਂ ਸਾਨੂੰ ਜਾਣੂ ਕਰਵਾਉਂਦਾ ਹੈ। ਕਦੇ-ਕਦੇ ਅਜਿਹਾ ਵੀ ਪ੍ਰਤੀਤ ਹੁੰਦਾ ਹੈ ਕਿ ਈਸ਼ਵਰ ਨੇ ਸਾਡਾ ਸਾਥ ਛੱਡ ਦਿੱਤਾ ਹੈ ਪਰ ਇਹ ਮਹਿਜ਼ ਇਕ ਭਰਮ ਹੈ। ਰੱਬ ਕਦੇ ਵੀ ਸਾਥ ਨਹੀਂ ਛੱਡਦਾ। ਉਹ ਜੇ ਸਾਥ ਛੱਡ ਦੇਵੇ ਤਾਂ ਸਾਡੀ ਹੋਂਦ ਹੀ ਨਹੀਂ ਰਹੇਗੀ, ਨਾ ਚੇਤਨ ਅਤੇ ਨਾ ਹੀ ਅਚੇਤਨ ਰੂਪ ਵਿਚ। ਅਸੀਂ ਸੁੱਖਾਂ ਵਿਚ ਮਸਤ ਰਹਿੰਦੇ ਹਾਂ ਅਤੇ ਦੁੱਖਾਂ ਵਿਚ ਕੁਰਲਾਉਣ ਲੱਗਦੇ ਹਾਂ। ਹਰ ਅਵਸਥਾ ਵਿਚ ਈਸ਼ਵਰ ਸਾਡੇ ਨਾਲ ਹੀ ਹੈ।

ਇਸ ਦਾ ਅਹਿਸਾਸ ਹੋਣ 'ਤੇ ਦੁੱਖ ਦੇ ਅਨੁਭਵ ਆਪਣੇ-ਆਪ ਸਮਾਪਤ ਹੋ ਜਾਂਦੇ ਹਨ। ਜਦ ਸਾਡਾ ਈਸ਼ਵਰ ਵਿਚ ਅਟੁੱਟ ਵਿਸ਼ਵਾਸ ਸਥਿਰ ਬਣਿਆ ਰਹਿੰਦਾ ਹੈ ਤਾਂ ਦੁੱਖ-ਸੁੱਖ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਮਨੁੱਖ ਖ਼ੁਸ਼ ਹੋ ਕੇ ਆਪਣੇ ਮਕਸਦ ਨੂੰ ਪੂਰਾ ਕਰਨ ਵਿਚ ਪੂਰੇ ਹੌਸਲੇ ਨਾਲ ਲੱਗਾ ਰਹਿੰਦਾ ਹੈ।

-ਅਰਵਿੰਦ ਪਰਾਸ਼ਰ।

Posted By: Sunil Thapa