ਕਿਹਾ ਜਾਂਦਾ ਹੈ ਕਿ ਮਨੁੱਖ ਸੁੱਖ ਵਿਚ ਪ੍ਰਸੰਨ ਹੁੰਦਾ ਹੈ ਜਦਕਿ ਦੁੱਖ ਵਿਚ ਰੋਂਦਾ ਹੈ। ਅਜਿਹੀ ਹਾਲਤ ਵਿਚ ਜਨਮ ਸਮੇਂ ਬੱਚੇ ਦੇ ਰੁਦਨ ਨੂੰ ਕੀ ਕਹੋਗੇ? ਯਕੀਨਨ ਉਸ ਨੂੰ ਸੁੱਖ ਨਹੀਂ ਕਿਹਾ ਜਾਵੇਗਾ ਕਿਉਂਕਿ ਸੁੱਖ ਜਾਂ ਪ੍ਰਸੰਨਤਾ ਵਿਚ ਅੱਖਾਂ ਦਾ ਨਮ ਹੋਣਾ ਤਾਂ ਸੁਭਾਵਿਕ ਹੈ ਪਰ ਇਸ ਤਰ੍ਹਾਂ ਰੋਣਾ ਖ਼ੁਸ਼ੀ ਨਹੀਂ ਹੋ ਸਕਦੀ। ਆਖ਼ਰ ਜਨਮ ਦੇ ਸਮੇਂ ਬੱਚੇ ਦੇ ਰੋਣ ਦਾ ਕਾਰਨ ਕੀ ਹੈ? ਆਧੁਨਿਕ ਵਿਗਿਆਨ ਮੁਤਾਬਕ ਜਨਮ ਦੇ ਸਮੇਂ ਬੱਚੇ ਦਾ ਰੋਣਾ ਇਕ ਸੁਭਾਵਿਕ ਪ੍ਰਕਿਰਿਆ ਹੈ। ਓਥੇ ਹੀ ਬੱਚੇ ਦੇ ਰੋਣ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਮਾਤਾ ਦੇ ਗਰਭ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ ਲੱਗਦਾ ਹੈ ਕਿ ਉਹ ਇਕ ਅਨਜਾਣੀ ਜਗ੍ਹਾ ਆ ਗਿਆ ਹੈ ਅਤੇ ਉਸ ਨੂੰ ਇਹ ਸੰਸਾਰ ਸੁਰੱਖਿਅਤ ਨਹੀਂ ਲੱਗਦਾ। ਇਸ ਲਈ ਉਹ ਰੋਂਦਾ ਹੈ ਅਤੇ ਜਦ ਮਾਂ ਉਸ ਨੂੰ ਸੀਨੇ ਨਾਲ ਲਾ ਲੈਂਦੀ ਹੈ ਤਾਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਹ ਸੁਰੱਖਿਅਤ ਹੈ। ਇਸ ਲਈ ਮਾਂ ਦੀ ਗੋਦ ਬੱਚੇ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮੰਨੀ ਗਈ ਹੈ। ਦਰਅਸਲ, ਸੁੱਖ-ਦੁੱਖ ਜੀਵਨ ਦੇ ਦੋ ਪੱਖ ਹਨ। ਸ਼ਾਇਦ ਹੀ ਕੋਈ ਮਨੁੱਖ ਅਜਿਹਾ ਹੋਵੇ ਜਿਸ ਨੇ ਜੀਵਨ ਵਿਚ ਕਦੇ ਦੁੱਖ ਦਾ ਅਨੁਭਵ ਨਾ ਕੀਤਾ ਹੋਵੇ। ਕੋਈ ਵਿਅਕਤੀ ਅਜਿਹਾ ਵੀ ਨਹੀਂ ਹੋਵੇਗਾ ਜਿਸ ਨੂੰ ਜੀਵਨ ਵਿਚ ਇਕ ਵਾਰ ਵੀ ਸੁੱਖ ਨਾ ਮਿਲਿਆ ਹੋਵੇ। ਅਸਲ ਵਿਚ ਸੁੱਖ-ਦੁੱਖ ਜੀਵਨ ਦੀ ਪੂਰਨਤਾ ਲਈ ਜ਼ਰੂਰੀ ਹਨ। ਦੋਵੇਂ ਮਨੁੱਖ ਨੂੰ ਸ਼ਕਤੀ, ਸਹਿਜਤਾ ਅਤੇ ਸਿੱਖਿਆ ਦਿੰਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਨਾ ਤਾਂ ਦੁੱਖ ਵਿਚ ਘਬਰਾਉਣਾ ਚਾਹੀਦਾ ਹੈ ਅਤੇ ਨਾ ਸੁੱਖ ਵਿਚ ਆਕੜ ਕੇ ਰਹਿਣਾ ਚਾਹੀਦਾ ਹੈ। ਸੁੱਖ-ਦੁੱਖ ਤਾਂ ਜੀਵਨ ਦੀ ਊਰਜਾ ਦੇ ਆਧਾਰ ਹਨ। ਸੁੱਖ ਨਾਲ ਸ਼ਾਂਤੀ, ਪਵਿੱਤਰਤਾ ਅਤੇ ਸ਼ੁਭ ਚੀਜ਼ਾਂ ਦਾ ਸੰਚਾਰ ਹੁੰਦਾ ਹੈ ਤਾਂ ਦੁੱਖ ਨਾਲ ਜੀਵਨ ਦੇ ਜ਼ਰੂਰੀ ਸਬਕ ਮਿਲਦੇ ਹਨ। ਫਿਰ ਵੀ ਇਹ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਕਿ ਮਨੁੱਖ ਜੀਵਨ ਵਿਚ ਕਦੇ ਵੀ ਕੋਈ ਵੀ ਦੁੱਖ ਨਹੀਂ ਚਾਹੁੰਦਾ। ਉਹ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ ਹੈ ਅਤੇ ਉਹ ਵੀ ਆਪਣੀ ਇੱਛਾ ਜਾਂ ਜ਼ਰੂਰਤ ਮੁਤਾਬਕ। ਮਹਾਭਾਰਤ ਵਿਚ ਵੇਦ ਵਿਆਸ ਕਹਿੰਦੇ ਹਨ ਕਿ ਸੁੱਖ ਤੇ ਦੁੱਖ ਮਨੁੱਖ ਦੇ ਕਰਮਾਂ ਦਾ ਹੀ ਨਤੀਜਾ ਹਨ। ਇਸ ਲਈ ਨਤੀਜੇ ਨੂੰ ਸਹਿਜਤਾ ਨਾਲ ਸਵੀਕਾਰ ਕਰਨ ’ਚ ਹੀ ਅਕਲਮੰਦੀ ਹੈ। ਜੋ ਨਤੀਜੇ ਨੂੰ ਸਹਿਜਤਾ ਨਾਲ ਸਵੀਕਾਰ ਕਰ ਲੈਂਦਾ ਹੈ, ਉਹ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਤੇ ਮਨੋ-ਵਿਕਾਰਾਂ ਤੋਂ ਬਚ ਜਾਂਦਾ ਹੈ। ਇਸੇ ’ਚ ਜੀਵਨ ਦੇ ਸੁੱਖ ਦਾ ਸੂਤਰ ਸ਼ੁਮਾਰ ਹੈ।

-ਸ਼ਕੁੰਤਲਾ ਦੇਵੀ

Posted By: Jatinder Singh