ਮਸ਼ਹੂਰ ਵਿਦਵਾਨ ਐਮਰਸਨ ਕਹਿੰਦਾ ਹੈ ਕਿ“ਕਿਸੇ ਮਨੁੱਖ ਦੀ ਸ਼ਖ਼ਸੀਅਤ ਉਸ ਦੇ ਦਿਨ ਭਰ ਦੇ ਵਿਚਾਰਾਂ ਤੋਂ ਜਾਣੀ ਜਾ ਸਕਦਾ ਹੈ ਕਿਉਂਕਿ ਦੁਨੀਆ ਦੇ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਉਸ ਦੇ ਵਿਚਾਰਾਂ ਤੋਂ ਵੱਖਰੀ ਹੋ ਹੀ ਨਹੀਂ ਸਕਦੀ। ਰੋਮਨ ਸਾਮਰਾਜ 'ਤੇ ਸ਼ਾਸਨ ਕਰਨ ਵਾਲਾ ਮਹਾਨ ਦਾਰਸ਼ਨਿਕ ਮਰਕਜ਼ ਓੁਰੋਲਿਅਸ ਕਹਿੰਦਾ ਹੈ ਕਿ“ਸਾਡਾ ਜੀਵਨ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦਾ ਸਾਡੇ ਵਿਚਾਰ ਉਸ ਨੂੰ ਬਣਾਉਂਦੇ ਹਨ। ਉਕਤ ਵਿਚਾਰਾਂ ਦੀ ਪੁਸ਼ਟੀ ਪੰਜਾਬੀ ਦਾ ਇਹ ਅਖਾਣ ਕਰਦਾ ਹੈ-'ਚੋਰ ਨੂੰ ਸਾਰੀ ਦੁਨੀਆ ਚੋਰ ਤੇ ਸਾਧ ਨੂੰ ਸਾਰੀ ਦੁਨੀਆ ਸਾਧ ਹੀ ਨਜ਼ਰ ਆਉਂਦੀ ਹੈ।' ਮੁੱਕਦੀ ਗੱਲ ਇਹ ਹੈ ਕਿ ਜੇਕਰ ਸਾਡੀ ਸੋਚ ਦੀ ਦਿਸ਼ਾ ਹਾਂ-ਪੱਖੀ ਹੈ ਤਾਂ ਦੇਰ-ਸਵੇਰ ਨਤੀਜੇ ਵੀ ਹਾਂ-ਪੱਖੀ ਹੀ ਮਿਲਦੇ ਰਹਿਣਗੇ। ਨਾਂਹਵਾਚਕ ਜਾਂ ਪਿਛਾਂਹ-ਖਿੱਚੂ ਵਿਚਾਰਾਂ ਨਾਲ ਜੇ ਕੋਈ ਪ੍ਰਾਪਤੀ ਦੀ ਆਸ ਕਰਦਾ ਹੈ ਤਾਂ ਉਹ ਕੋਈ ਸਿਰੇ ਦਾ ਉਜੱਡ ਹੀ ਹੋ ਸਕਦਾ ਹੈ। ਦੁਖਦਾਈ ਵਿਚਾਰਾਂ ਕਾਰਨ ਦੁੱਖ ਹੀ ਮਿਲੇਗਾ। ਜਦ ਅਸੀਂ ਡਰਾਉਣੇ ਵਿਚਾਰ ਰੱਖਦੇ ਹਾਂ ਤਾਂ ਹਮੇਸ਼ਾ ਭੈਭੀਤ ਹੀ ਰਹਾਂਗੇ। ਜੇਕਰ ਆਤਮ ਗਿਲਾਨੀ ਵਿਚ ਰਹਾਂਗੇ ਤਾਂ ਕੋਈ ਵੀ ਸਾਡੇ ਨੇੜੇ ਨਹੀਂ ਆਵੇਗਾ। ਲੋਕ ਹਮੇਸ਼ਾ ਸਾਥੋਂ ਬਚਣ ਦੀ ਕੋਸ਼ਿਸ਼ ਕਰਨਗੇ। ਇਸ ਵਾਸਤੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਸਮੇਂ-ਸਮੇਂ ਆਤਮ ਮੰਥਨ ਕਰੋ, ਆਪਣੇ ਵਿਚਾਰਾਂ ਬਾਰੇ ਸੋਚੋ ਅਤੇ ਜੇਕਰ ਸੋਚ ਦੀ ਦਿਸ਼ਾ ਬਦਲਣ ਦੀ ਲੋੜ ਹੈ ਤਾਂ ਇਸ ਪਾਸੇ ਧਿਆਨ ਦਿੱਤਾ ਜਾਵੇ। ਹਮੇਸ਼ਾ ਖ਼ਿਆਲ ਰੱਖੋ ਕਿ ਕਿਸੇ ਮਨੁੱਖ ਦੀ ਬਾਹਰੀ ਸਰੀਰਕ ਦਿੱਖ ਉਸ ਦੀ ਸੋਚ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ। ਇਸ ਦਾ ਅਰਥ ਇਹ ਹੈ ਕਿ ਜੋ ਗੱਲਾਂ ਅਸੀਂ ਆਮ ਲੋਕਾਈ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਚਿਹਰੇ ਅਤੇ ਸਰੀਰ ਦੇ ਹਾਵ ਭਾਵ ਦੂਸਰਿਆਂ ਨੂੰ ਸਹਿਜੇ ਹੀ ਬਿਆਨ ਕਰ ਜਾਂਦੇ ਹਾਂ। ਹਾਂ-ਪੱਖੀ ਸੋਚ ਵਾਲੇ ਵਿਅਕਤੀ ਜਿੱਥੇ ਜੀਵਨ ਵਿਚ ਸਫਲ ਤੇ ਖ਼ੁਸ਼ ਰਹਿੰਦੇ ਹਨ ਉੱਥੇ ਹੀ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਜੀਵਨ ਵਿਚ ਵੀ ਕਾਫ਼ੀ ਹਾਂ-ਵਾਚੀ ਅਸਰ ਪੈਂਦਾ ਹੈ। । ਉਹ ਲੋਕ ਚੰਦਨ ਦੀ ਤਰ੍ਹਾਂ ਹੁੰਦੇ ਹਨ ਜੋ ਹਰ ਪਾਸੇ ਖ਼ੁਸ਼ਬੂ ਬਿਖੇਰਦੇ ਹਨ, ਗੁਲਾਬ ਹੁੰਦੇ ਹਨ ਜੋ ਮਹਿਕਾਂ ਵੰਡਦੇ ਹਨ। ਉਨ੍ਹਾਂ ਦੀ ਲੋੜ ਹਰ ਥਾਂ ਮਹਿਸੂਸ ਕੀਤੀ ਜਾਂਦੀ ਹੈ। ਸ਼ਾਇਦ ਇਸੇ ਕਾਰਨ ਉਨ੍ਹਾਂ ਦਾ ਘੇਰਾ ਬਹੁਤ ਵੱਡਾ ਹੁੰਦਾ ਹੈ ਤੇ ਸ਼ਖ਼ਸੀਅਤ ਵਿਲੱਖਣ ਵੀ ਹੁੰਦੀ ਹੈ ਅਤੇ ਵਿਸ਼ਾਲ ਵੀ। ਸੋ, ਸਮੇਂ-ਸਮੇਂ ਵਿਚਾਰਾਂ ਦਾ ਮੰਥਨ ਤੇ ਲੋੜ ਮੁਤਾਬਕ ਉਨ੍ਹਾਂ ਦੀ ਸ਼ੁੱਧੀ ਜਾਂ ਸੋਧ ਕਰ ਲੈਣ ਨਾਲ ਜੀਵਨ ਵਿਚਲੇ ਟੇਢੇ-ਮੇਢੇ ਰਾਹਾਂ 'ਤੇ ਚੱਲਣਾ ਆਸਾਨ ਹੋ ਜਾਂਦਾ ਅਤੇ ਕਈ ਵਾਰ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਸਹਿਜੇ ਹੀ ਮਿਲ ਜਾਂਦਾ ਹੈ। ।

-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ। (+447806945964)

Posted By: Rajnish Kaur