ਲੱਖਾਂ ਸਾਲ ਲੱਗੇ ਸੀ ਧਰਤੀ ਨੂੰ ਜ਼ਰਖੇਜ਼ ਬਣਾਉਣ ਲਈ ਪਰ ਅਸੀਂ ਉਸ ਨੂੰ ਸਿਰਫ਼ 50-60 ਸਾਲਾਂ ਦੇ ਵਕਫੇ ’ਚ ਬੰਜਰ ਤੋਂ ਵੀ ਬਦਤਰ ਬਣਾ ਲਿਆ ਹੈ। ਸਾੜ ਕੇ ਸੁਆਹ ਕਰ ਲਿਆ। ਇਹ ਗੁਰੂ-ਪੀਰਾਂ ਪੈਗੰਬਰਾਂ ਦੀ ਧਰਤੀ, ਜਿਸ ਬਾਰੇ ਕਦੇ ਬੁਲੰਦ ਆਵਾਜ਼ ’ਚ ਗਾਉਂਦੇ ਸੀ, ‘ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ...।’
ਅੱਜ ਮੇਰੇ ਉਸ ਦੇਸ਼ ਪੰਜਾਬ ਦੀ ਧਰਤੀ-ਕੈਂਸਰ ਕਿਉਂ ਉਗਲਦੀ ਹੈ, ਜ਼ਹਿਰ ਕਿਉਂ ਬਣ ਗਈ ਹੈ।
ਕੰਮ ਕਰਦਿਆਂ ਸਰੀਰ ’ਤੇ ਛੋਟੀ ਮੋਟੀ ਸੱਟ ਫੇਟ ਲੱਗ ਜਾਣੀ, ਕੋਈ ਜ਼ਖ਼ਮ ਹੋ ਜਾਣਾ ਤਾਂ ਇਸ ਮਿੱਟੀ ਨੂੰ ਜ਼ਖ਼ਮ ’ਤੇ ਮਲ਼ ਲੈਣਾ ਉਹ ਠੀਕ ਹੋ ਜਾਣੇ। ਅੱਜ ਓਹੀ ਮਿੱਟੀ ਜ਼ਖ਼ਮ ਦੇਣ ਕਿਉਂ ਲੱਗ ਪਈ? ਇਸ ਦੇ ਲਈ ਜਵਾਬਦੇਹ ਕੌਣ ਹੈ? ਕਿਸ ਦੀ ਜ਼ਿੰਮੇਵਾਰੀ ਹੈ? ਮਨੁੱਖ ਤੋਂ ਬਗ਼ੈਰ ਕੋਈ ਵੀ ਨਹੀਂ। ਪਸ਼ੂਆਂ-ਪੰਛੀਆਂ ਨੇ ਕੁਝ ਨਹੀਂ ਕੀਤਾ। ਇਸ ਤਬਾਹੀ ਦੀ ਹੱਦ ਤਕ ਪਹੁੰਚਾਉਣ ਵਾਲੇ ਵੀ ਅਸੀਂ ਹਾਂ ਤੇ ਹੁਣ ਇਸ ਨੂੰ ਮੁੜ ਗੁਣ-ਭਰਪੂਰ ਪੈਦਾ ਯੋਗ ਬਣਾਉਣ ਦੀ ਜ਼ਿੰਮੇਵਾਰੀ ਵੀ ਮਨੁੱਖ ਦੇ ਸਿਰ ਹੀ ਆਇਦ ਹੁੰਦੀ ਹੈ। ਅਸੀਂ ਅੱਖਾਂ ਮੁੰਦ ਕੇ ਉਸੇ ਟਹਿਣ ਨੂੰ ਵੱਢ ਰਹੇ ਹਾਂ ਜਿਸ ’ਤੇ ਬੈਠੇ ਹੋਏ ਹਾਂ। ਤਾਹੀਓਂ ਤਾਂ ਗੁਰੂ ਦੀ ਬਾਣੀ ਦੇ ਅਨਮੋਲ ਬੋਲ ਸਾਡੀ ਅਣਗਹਿਲੀ ਨੂੰ, ਬੱਜ਼ਰ ਗ਼ਲਤੀ ਨੂੰ ਲਾਹਨਤਾਂ ਪਾ ਰਹੇ ਹਨ ਕਿ-
(ਕਰਤੂਤਿ ਪਸੂ ਕੀ ਮਾਨਸ ਜਾਤਿ-ਸ੍ਰੀ ਸੁਖਮਨੀ ਸਾਹਿਬ)
ਠੀਕ ਹੈ ਲੋੜਾਂ ਦੀ ਪੂਰਤੀ-ਭਾਵੇਂ ਪਾਣੀ ਹੋਵੇਗਾ ਜਾਂ ਭੋਜਨ ਸਾਨੂੰ ਭਟਕਣ ਲਈ ਮਜਬੂਰ ਕਰ ਦਿੰਦੀ ਹੈ। ਪਸ਼ੂ ਹੋਣ ਜਾਂ ਮਨੁੱਖ ਜਾਤੀ ਭੋਜਨ ਦੀ ਤਲਾਸ਼ ਵਿਚ ਅਕਸਰ ਭਟਕ ਜਾਇਆ ਕਰਦੇ ਹਨ। ਪਸ਼ੂ ਪੰਛੀ ਭਟਕ ਜਾਣ ਗੱਲ ਸਮਝ ਆਵੇ-ਸਭ ਤੋਂ ਸਿਰਮੌਰ ਕਹਾਉਣ ਵਾਲੀ ਜਾਤੀ (ਮਨੁੱਖ) ਕਿਉਂ ਭਟਕੇ ਇਹ ਗੱਲ ਸ਼ਰਮ ਆਉਣ ਤੋਂ ਕੁਝ ਹੋਰ ਪਰੇ੍ਹ ਦੀ ਹੈ। ਫ਼ਸਲ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿਚ ਅਸੀਂ ਏਨਾ ਕੁ ਕੁਰਾਹੇ ਪਏ-ਏਨੀ ਅੰਧਾ ਧੁੰਦ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ। ਕੀੜੇਮਾਰ ਦਵਾਈਆਂ ਦੀ ਬੇਅਕਲੀ ਦੀ ਹੱਦ ਪਾਰ ਕਰ ਕੇ ਵਰਤੋਂ ਕੀਤੀ। ਨਤੀਜੇ ਸਾਹਮਣੇ ਨੇ। ਕੇਵਲ ਧਰਤੀ ਹੀ ਨਹੀਂ, ਪੌਣ ਦੂਸ਼ਤ, ਪਾਣੀ ਦੂਸ਼ਤ ਤੇ ਮਨ ਵੀ ਦੂਸ਼ਤ। ਅੰਮਿ੍ਰਤ ਵਰਗਾ ਪਾਣੀ ਜ਼ਹਿਰ ਬਣ ਗਿਆ। ਜਿਸ ਸਤਲੁਜ ਦਾ ਪਾਣੀ ਗੁਰਾਂ ਨੇ ਅੰਮਿ੍ਰਤ ਦਾ ਬਾਟਾ ਤਿਆਰ ਕਰਨ ਲਈ ਵਰਤਿਆ ਸੀ-ਪੰਜਾਬ ਦੇ ਉਹ ਪਾਣੀ ਸਾਨੂੰ ਮੜ੍ਹੀਆਂ ਤਕ ਲੈ ਜਾਣ ਲੱਗ ਪਏ ਨੇ। ਅੰਮਿ੍ਰਤ ਭਾਵ ਆ-ਮਿ੍ਰਤ ਭਾਵ ਮਿ੍ਰਤੂ ਤੋਂ ਰਹਿਤ-ਪਰ੍ਹੇ। ਅੰਮਿ੍ਰਤ ਵਰਗੇ ਪਾਣੀ ਨੂੰ ਜ਼ਹਿਰ ਬਣਾਉਣਾ ਕੋਈ ਸਾਡੇ ਤੋਂ ਸਿੱਖੇ। ਜਾਣੋ ਇਸ ਕੰਮ ਦੀ ਸਾਨੂੰ ਮੁਹਾਰਤ ਹਾਸਲ ਕਰਨੀ ਪੈਣੀ ਹੈ। ਪਿੱਪਲਾਂ, ਬੋਹੜਾਂ ਤੇ ਟਾਹਲੀਆਂ ਦੀਆਂ ਮਿੱੱਠੀਆਂ ਛਾਵਾਂ, ਹਵਾ ਦੇ ਝੋਕੇ, ਮਾਂ ਦੀਆਂ ਲੋਰੀਆਂ ਵਰਗੇ ਸੌਣ ਨੂੰ ਮਜਬੂਰ ਕਰ ਦਿੰਦੇ ਸੀ। ਅੱਜ ਸਾਡੇ ਨੇਤਰਾਂ ਵਿੱਚੋਂ ਨੀਂਦ ਉੱਡ ਗਈ। ਦਰੱਖ਼ਤਾਂ ਦੇ ਝੁੰਡਾਂ ਵਿੱਚੋਂ ਮੰਜੀ ਉਠ ਕੇ ਕਦੋਂ ਹਸਪਤਾਲ ਪਹੁੰਚ ਗਈ, ਕੁਝ ਪਤਾ ਹੀ ਨਾ ਲੱਗਾ। ਸਾਰੇ ਦੀ ਸਾਰੀ ਮਾਲਵਾ ਬੈਲਟ ਸਾਡੀਆਂ ਤਰੱਕੀਆਂ ਨੂੰ ਸ਼ੀਸ਼ਾ ਵਿਖਾ ਰਹੀ ਹੈ। ਕੋਈ ਤਾਂ ਘਰ ਐਸਾ ਨਹੀਂ ਜਿਹੜਾ ਘੁੱਗ ਵਸਦਾ ਹੋਵੇ, ਸੁੱਖ ਵਸਦਾ ਹੋਵੇ। ਕੈਂਸਰ ਨੇ ਸਾਨੂੰ ਜਿੱਦਾਂ ਨਾਗਵਲ ਮਾਰਿਆ ਹੋਵੇ। ਭੁੱਖੇ ਅਜਗਰ ਵਾਂਗ ਕੈਂਸਰ ਮੂੰਹ ਅੱਡੀ ਫੁੰਕਾਰੇ ਮਾਰ ਰਿਹਾ। ਪ੍ਰਦੂਸ਼ਣ ਦਾ ਇਹ ਦੈਂਤ ਇੰਨਾ ਵਿਕਰਾਲ ਰੂਪ ਧਾਰੇਗਾ ਇਹ ਅਕਲਾਂ ਤੋਂ ਵੀ ਪਰ੍ਹੇ ਦੀ ਗੱਲ ਹੈ।
ਇਹ ਪ੍ਰਦੂਸ਼ਣ ਧਰਤੀ ਮਾਤਾ ਨੂੰ ਨਿਗਲ ਜਾਏਗਾ, ਇਸ ਦੀ ਮਿਸਾਲ ਵੀ ਸਾਡੇ ਸਾਹਮਣੇ ਹੈ। ਕੁਝ ਹੀ ਸਮਾਂ ਪਹਿਲਾਂ ਉੱਤਰੀ ਭਾਰਤ ਵਿਚ ਇਕ ਛੋਟਾ ਜਿਹਾ ਗਲੇਸ਼ੀਅਰ (ਬਰਫ਼ ਦਾ ਤੋਦਾ) ਪਿਘਲਿਆ, ਟੁੱਟਿਆ ਤੇ ਖਿਸਕਿਆ। ਨਤੀਜਤਨ-ਆਲਮ ਤਬਾਹੀ ਵਾਲੇ ਬਣ ਗਏ। ਬਰਫ਼ ਦਾ ਛੋਟਾ ਜਿਹਾ ਤੋਦਾ ਕਿਵੇਂ ਦਰਿਆਵਾਂ ਵਿਚ ਨੱਚਿਆ ਤਬਾਹੀ ਦਾ ਉਹ ਮੰਜ਼ਰ। ਇਕ ਛੋਟਾ ਜਿਹਾ ਟ੍ਰੇਲਰ ਕੁਦਰਤ ਨੇ ਦਿਖਾ ਦਿੱਤਾ ਕਿ ਐ ਗ਼ੈਰ ਜ਼ਿੰਮੇਵਾਰ ਮਨੁੱਖ ਜੇ ਤੂੰ ਕੁਦਰਤ ਨਾਲ ਇਵੇਂ ਖਿਲਵਾੜ ਕਰੇਂਗਾ ਤਾਂ ਕੁਦਰਤ ਦਾ ਤਮਾਚਾ ਤੈਥੋਂ ਜਰਿਆ ਨਹੀਂ ਜਾਣਾ। ਬਰਫ਼ ਦਾ ਇਕ ਟੁਕੜਾ ਖਿਸਕਿਆ ਤਾਂ ਇਹ ਹਾਲ ਹੋਇਆ। ਜੇ ਹਿਮਾਲਿਆ ਪਰਬਤ ਤੋਂ ਵੀ ਵੱਡਆਕਾਰੀ ਗਲੇਸ਼ੀਅਰ ਪਿਘਲ ਗਏ, ਖਿਸਕ ਗਏ ਤਾਂ ਨਤੀਜਿਆਂ ਬਾਰੇ ਸੋਚਣ ਲਈ ਸਮਾਂ ਵੀ ਨਹੀਂ ਮਿਲਣਾ। ਇਹ ਧਰਤੀ ਭੂਮੀ ਜਲ-ਗਮਨ ਹੋਣ ਲਈ ਉਡੀਕ ਨਾ ਕਰ, ਬਸ ਹੁਣੇ ਤੋਂ ਫ਼ਰਜ਼ ਪਛਾਣ ਲੈਣਾ ਬਣਦਾ ਹੈ। ਜਦੋਂ ਕੋਈ ਮਕਾਨ, ਕੰਧ, ਛੱਤ ਆਦਿ ਡਿੱਗਣ ਕਿਨਾਰੇ ਹੋਵੇ ਤਾਂ ਸਿਆਣੇ ਬੰਦੇ ਸਮਾਂ ਰਹਿੰਦੇ ਹੀ ਬੱਲੀਆਂ, ਸ਼ਤੀਰ, ਮੋਹੜੀਆਂ, ਠੁੰਮਣੇ, ਟੇਕਾਂ ਲਾ ਕੇ ਭਾਵ ਥੰਮ੍ਹੀਆਂ ਲਾ ਕੇ ਕਿਸੇ ਇਮਾਰਤ ਜਾਂ ਦੀਵਾਰ ਆਦਿ ਥੰਮ ਲੈਂਦੇ ਆਂ, ਰੋਕ ਦਿੰਦੇ ਆ ਡਿੱਗਣ ਤੋਂ। ਗਰਕਣ ਤੋਂ ਬਚਾ ਲੈਂਦੇ ਹਾਂ। ਬਸ ਇਹ ਸਮਝ ਲਈਏ ਉਤਰਾਖੰਡ ਤੋਂ ਸੁਨੇਹਾ ਮਿਲ ਗਿਆ ਹੈ। ਧਰਤੀ ਮਾਤਾ ਬਚਾਉਣ ਲਈ ਥੰਮ੍ਹੀਆਂ ਲਾ ਲਈਏ। ਲੱਖਾਂ ਕਰੋੜਾਂ ਥੰਮ੍ਹੀਆਂ ਨਾਲ ਇਹ ਮੰਜ਼ਰ ਰੁਕਣ ਵਾਲਾ ਨਹੀਂ। ਅਰਬਾਂ ਖਰਬਾਂ-ਠੁਮਣਿਆਂ ਦੀ ਲੋੜ ਦਰਕਾਰ ਹੈ। ਗੱਲ ਕੱਲ੍ਹ ਜਾਂ ਪਰਸੋਂ ਦੀ ਵੀ ਛੱਡ ਦਈਏ-ਹੁਣ ਤੋਂ ਹੀ ਕਮਰਕੱਸ ਲਈਏ-ਹੋਰ ਇੰਤਜ਼ਾਰ ਭਾਵ ਹੋਰ ਵਿਨਾਸ਼। ਅੱਜ ਤਾਂ ਵਕਤ ਹੈ ਅਣਹੋਣੀ ਰੋਕੀ ਜਾ ਸਕਦੀ ਹੈ। ਜੇ ਦੇਰ ਹੋ ਗਈ ਤਾਂ ਅਗਲੀ ਸਵੇਰ ਦੀ ਆਸ ਛੱਡ ਦਿਓ। ਲੇਖਕ ਦਾ ਥੰਮ੍ਹੀਆਂ ਟੇਕਾਂ ਲਾਉਣ ਤੋਂ ਭਾਵ ਹੈ-ਬੂਟੇ ਪੇੜ ਪੌਦੇ ਲਾਉਣ ਦਾ। ਏਨੇ ਕੁ ਪੇੜ-ਪੌਦੇ ਲਾਏ ਜਾਣ ਤਾਂ ਕਿ ਆਲਮੀ ਤਪਸ਼ ਤੋਂ ਬਚਿਆ ਜਾ ਸਕੇ।
ਓਜ਼ੋਨ ਦੀ ਪਰਤ ਜਿਸ ਨੇ ਸਾਡੀ ਧਰਤੀ, ਸੂਰਜ ਦੀਆਂ ਪਰਾਬੈਂਗਣੀ ਕਿਰਨਾਂ-ਖ਼ਤਰਨਾਕ ਕਿਰਨਾਂ ਤੋਂ ਰੱਖਿਆ ਕਰਨੀ ਹੈ ਉਸ ਪਰਤ ਨੂੰ, ਉਸ ਪ੍ਰਮੇਸ਼ਰੀ ਚਾਦਰ ਨੂੰ ਬਚਾਇਆ ਜਾ ਸਕੇ।
‘‘ਮਨ ਤੂੰ ਜੋਤਿ ਸਰੂਪੁ ਹੈ,
ਆਪਣਾ ਮੂਲੁ ਪਛਾਣੁ।’’
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਗੁਰਬਾਣੀ ਦੀ ਇਹ ਮਹਾਨ ਪੰਕਤੀ ਸਾਨੂੰ ਫ਼ਰਜ਼ਾਂ ਪ੍ਰਤੀ ਸੁਚੇਤ ਕਰ ਰਹੀ ਹੈ। ਬਸ ਲੋੜ ਇਸ ’ਤੇ ਅਮਲ ਕਰਨ ਦੀ ਹੈ। ਉਂਜ ਕਰੀਬ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਉਪਦੇਸ਼ ਲਿਖ ਦਿੱਤਾ ਸੀ-ਆਪਣਾ ਮਿਸ਼ਨ ਸਪਸ਼ਟ ਕਰ ਦਿੱਤਾ ਸੀ ਮਨੁੱਖ ਨੂੰ ਮਨੁੱਖਾ ਜਨਮ ਦਾ ਉਦੇਸ਼ ਕੀ ਹੈ ਭਲੀ ਪ੍ਰਕਾਰ ਸਮਝਾ ਦਿੱਤਾ ਸੀ। ਗੁਰੂ ਸਾਹਿਬ ਜੀ ਦੀ ਮਹਾਨ ਰਚਨਾ-ਪ੍ਰਥਮ ਬਾਣੀ ਸ੍ਰੀ ਜਪੁਜੀ ਸਾਹਿਬ ਜੀ ਦੇ ਸਲੋਕ ਦੀਆਂ ਪਾਵਨ ਪੰਕਤੀਆਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਇਸ ਮਹਾਨ ਰਚਨਾ ਨੂੰ ਪੜ੍ਹ ਕੇ ਅਮਲ ਵੀ ਕਰਨਾ ਸੀ ਪਰ ਅਫਸੋਸ ਕਿ ਐਸਾ ਹੋ ਨਾ ਸਕਿਆ। ਅਸੀਂ ਸੁਹਿਰਦ ਹੋ ਕੇ ਆਪਦੇ ਫ਼ਰਜ਼ਾਂ ’ਤੇ ਪਹਿਰਾ ਨਾ ਦੇ ਸਕੇ। ਕਰੀਬ ਸਾਢੇ ਪੰਜ ਸੌ ਸਾਲ ਪਹਿਲਾਂ- ਜਦੋਂ ਕਿ ਇੰਨਾ ਪ੍ਰਦੂਸ਼ਣ ਵੀ ਨਹੀਂ ਸੀ ਕਿ ਅੱਗ ਉਗਲਦੀਆਂ ਚਿਮਨੀਆਂ-ਸ਼ੁੱਧ ਸਾਫ਼ ਸੁਥਰੀ ਹਵਾ ’ਚ ਜ਼ਹਿਰ ਘੋਲਦੇ-ਹਵਾ ਸਾੜ ਕੇ ਗੰਦਾ ਧੂੰਆਂ ਬਣਾਉਂਦੇ ਗੱਡੀਆਂ, ਵਾਹਨਾਂ-ਰੇਲਾਂ, ਜਹਾਜ਼ਾਂ ਦੇ ਸਾਈਲਾਂਸਰ-ਅਸਮਾਨੀ ਛੋਂਹਦੀਆਂ ਇਮਾਰਤਾਂ-ਕੰਕਰੀਟ ਦੇ ਜੰਗਲ, ਏਸੀ ਅਤੇ ਫਰਿਜਾਂ ਦੀਆਂ ਘਾਤਕ ਗੈਸਾਂ- ਅਰਬਾਂ-ਖਰਬਾਂ ਦੀ ਆਬਾਦੀ ਤਰ੍ਹਾਂ-ਤਰ੍ਹਾਂ ਦੇ ਨਿੱਤ ਇਸਤੇਮਾਲ ਹੋਣ ਵਾਲੇ ਰਸਾਇਣ-ਖਾਦਾਂ ਦਵਾਈਆਂ ਅਤੇ ਹੋਰ ਕਿੰਨਾ ਕੁਝ ਚੌਗਿਰਦੇ ਨੂੰ ਬਰਬਾਦ ਕਰਨ ਵਾਲਾ ਸਾਜੋ ਸਾਮਾਨ-ਉਸ ਵੇਲੇ ਇਹ ਕੁਝ ਵੀ ਨਹੀਂ ਸੀ-ਫਿਰ ਵੀ ਗੁਰੂ ਬਾਬਾ-ਗੁਰੂ ਨਾਨਕ ਜੀ ਦੀ ਸਿਖ਼ਰ ਦੀ ਦੂਰਅੰਦੇਸ਼ੀ-ਅੱਜ ਦੇ ਸਮੇਂ ਨੂੰ ਉਸ ਵੇਲੇ ਭਾਂਪ ਲਿਆ ਸੀ ਤੇ ਪੌਣ ਪਾਣੀ ਅਤੇ ਧਰਤੀ ਮਾਤਾ ਬਚਾਉਣ ਦਾ ਹੋਕਾ ਦਿੱਤਾ ਸੀ।
ਇਹ ਹੋਕਾ ਅਸੀਂ ਘਰ-ਘਰ ਪਹੁੰਚਾਣ ਦਾ ਯਤਨ ਕਰੀਏ- ਪਵਣੁ ਨੂੰ ਗੁਰੂ ਵਾਲਾ, ਪਾਣੀ ਪਿਤਾ ਸਮਾਨ ਅਤੇ ਧਰਤੀ ਮਾਂ ਵਰਗਾ ਦਰਜਾ ਸਤਿਕਾਰ ਦੇਈਏ। ਜੇ ਪੰਜ ਸਦੀਆਂ ਪਹਿਲਾਂ ਗੁਰੂ ਸਾਹਿਬ ਇਸ ਲਈ ਚਿੰਤੁਤ ਸਨ ਤਾਂ ਅੱਜ ਦੇ ਹਾਲਾਤ ਬਾਰੇ ਵਰਨਣ ਕਰਨ ਲਈ ਢੁੱਕਵੇਂ ਸ਼ਬਦ ਕਮ-ਸੇ-ਕਮ ਲੇਖਕ ਕੋਲ ਤਾਂ ਮੌਜੂਦ ਨਹੀਂ। 5 ਸਦੀਆਂ ਪਹਿਲਾਂ ਵਾਲੀ ਸੋਚ ਸਮਰਪਿਤ ਹੋਏ ਬਿਨਾਂ ਹੋਰ ਕੋਈ ਚਾਰਾ ਨਹੀਂ। ਅੱਜ ਮਨੁੱਖਤਾ ਇਸ ਬੰਬ ’ਤੇ ਬੈਠੀ ਹੈ, ਜਿਸ ਨੂੰ ਪ੍ਰਦੂਸ਼ਣ ਦਾ ਬੰਬ ਕਹਿ ਸਕਦੇ ਹਾਂ। ਦੂਜੇ ਐਟਮੀ ਬੰਬ ਤਾਂ ਚਲਾਇਆਂ ਹੀ ਚੱਲਣਗੇ ਪਰ ਪ੍ਰਦੂਸ਼ਣ ਰੂਪੀ ਬੰਬ ਦੇ ਪਲੀਤੇ ਨੂੰ ਤਾਂ ਅੱਗ ਲੱਗ ਚੁੱਕੀ ਹੈ। ਜੇ ਅਜੇ ਵੀ ਯਤਨ ਨਾ ਕੀਤੇ ਤਾਂ ਪਛਤਾਵਾ ਕਰਨ ਦਾ ਮੌਕਾ ਵੀ ਕੁਦਰਤ ਨਹੀਂ ਦੇਵੇਗੀ।
ਅਸੀਂ ਤਾਂ ਡੁਬਾਂਗੇ ਹੀ ਨਾਲ ਬਾਕੀ ਸਭ ਜੀਆ ਜੰਤ ਵੀ ਜਲ-ਗਮਨ ਹੋਣ ਤੋਂ ਕੌਣ ਰੋਕੇਗਾ। ਧਰਤੀ ਮਾਤਾ ਨੂੰ ਬਚਾਉਣਾ ਮਾਂ ਦੀ ਸੇਵਾ ਕਰਨੀ ਹੀ ਪਰਮ-ਧਰਮ ਹੈ। ਉਂਜ ਪੇੜ ਪੌਦੇ-ਕੇਵਲ ਗਲੋਬਲ ਵਾਰਿਮੰਗ ਅਤੇ ਬਰਫ਼ ਦੇ ਪਹਾੜਾਂ ਨੂੰ ਪਿਘਲਣ ਤੋਂ ਹੀ ਨਹੀਂ ਰੋਕਦੇ ਬਲਕਿ ਮਿੱਟੀ ਦੇ ਕਟਾਉ ਨੂੰ ਵੀ ਹੜ੍ਹਾਂ ਤੋਂ ਰੋਕਦੇ ਆ। ਮਾਰੂ ਤੇ ਭਿਆਨਕ ਗੈਸਾਂ ਸੋਖ ਕੇ ਸਾਫ਼ ਸੁਥਰੀ ਹਵਾ ਮਿਆਰੀ ਹਵਾ ਬਣਾਉਣ ਲਈ ਇਹ ਰੱਬ ਦੇ ਫਿਲਟਰ ਲੱਗੇ ਹੋਏ ਨੇ। ਅਸੀੱ ਕੁਪੁੱਤਰ ਹੋਣ ਦਾ ਸਿਹਰਾ ਸਿਰ ਬੰਨ੍ਹ ਕੇ ਫ਼ਖਰ ਮਹਿਸੂਸ ਕਰੀ ਜਾਂਦੇ ਆਂ। ਬਿਨਾਂ ਕਿਸੇ ਦਵੈਤ-ਈਰਖਾ-ਜਾਤ-ਧਰਮ-ਅਮੀਰ-ਗ਼ਰੀਬ-ਊਚ ਨੀਚ ਦਾ ਭੇਦ ਭਾਵ ਕੀਤੇ ਸਭਨਾਂ ਨੂੰ ਇਕ ਸਮਾਨ ਹਵਾ-ਛਾਂ-ਫਲ-ਫੁੱਲ ਭੋਜਨ ਵੰਡ ਕੇ-ਸਰਬੱਤ ਦੇ ਭਲੇ ਦਾ ਗੁਰੂ ਸਾਹਿਬ ਦਾ ਆਦੇਸ਼ ਮੰਨ ਕੇ-ਸਾਨੂੰ ਸੋਚਣ ਲਈ ਮਜਬੂਰ ਕਰ ਰਹੇ ਨੇ ਕਿ ਕੀ ਅਸੀਂ ਗੁਰੂ ਸਾਹਿਬ ਦੇ ਉਸ ਆਦੇਸ਼ ਮੁਤਾਬਕ ਹੋਏ ਵਿਚਰੇ ਹਾਂ- ਨਾ ਕੋ ਦੁਸ਼ਮਨ ਦੋਖੀਆ ਨਾਹੀ ਕੋ ਮੰਦਾ, ਅਸਲੋਂ ਸੰਤ ਤਾਂ ਇਹ ਰੁੱਖ ਹੀ ਨੇ। ਰੁੱਖਾਂ ਨੂੰ ਕੋਈ ਕਿੰਨਾ ਵੱਢੇ ਟੁੱਕੇ ਤਸ਼ੱਦਦ ਕਰੇ-ਫਿਰ ਵੀ ਇਹ ਬੁਰਾ ਨਹੀਂ ਸੋਚਦੇ। ਤਦ ਹੀ ਭਗਤ ਫ਼ਰੀਦ ਜੀ ਨੇ ਬਾਣੀ ਵਿਚ ਇਨ੍ਹਾਂ ਨੂੰ ਮਾਣ ਬਖ਼ਸ਼ਿਆ ਹੈ : ਦਰਵੇਸਾਂ ਨੋ ਲੋੜੀਐ ਰੁੱਖਾਂ ਦੀ ਜੀਰਾਂਦਿ’ ਇਹ ਅਸਲ ਦਰਵੇਸ਼ ਨੇ ਧਰਤੀ ਮਾਤਾ ਦੇ ਅਸਲ ਪੁੱਤਰ ਜੋ ਧਰਤੀ, ਚੌਗਿਰਦੇ ਨੂੰ ਬਚਾਉਣ ਲਈ ਹਮੇਸ਼ਾ ਤਤਪਰ ਖੜੇ੍ਹ ਨੇ।
19 ਮਾਰਚ ਛੇ ਚੇਤ ‘ਸਿੱਖ ਵਾਤਾਵਰਨ ਦਿਵਸ’ ਸਾਰਥਿਕ ਹੋ ਨਿਬੜੇ ਇਸ ਦੇ ਲਈ ਯਤਨਸ਼ੀਲ ਹੋਈਏ। ਜਿਉਣ ਦਾ ਹੱਕ ਸਭ ਨੂੰ ਹੈ। ਜੀਓ ਤੇ ਜੀਊਣ ਦਿਉ। ਇਹ ਤਾਂ ਹੀ ਸੰਭਵ ਹੈ ਜੇ ਧਰਤੀ ਬਚੇਗੀ। ਦਰੱਖ਼ਤ ਬਚਾਉ, ਧਰਤੀ ਬਚਾਉ। ਧਰਤੀ ਬਚਾਓ-ਜੀਵਨ ਬਚਾਓ। ਜਾਗਰੂਕ ਹੋ ਜਾਈਏ ਆਪਣੇ ਫ਼ਰਜ਼ ਪਛਾਣਈਏ-ਇਕ ਰੁੱਖ ਸੌ ਸੁੱਖ ਦਾ ਨਾਅਰਾ ਥੋੜ੍ਹੀ ਹੋਰ ਤਰਮੀਮ ਕਰਨ ਦੀ ਲੋੜ ਹੈ।
ਇਕ ਮਨੁੱਖ ਲਾਵੇ ਸੌ ਰੁੱਖ-
ਪਾਵੇ ਢੇਰ ਸੁੱਖ, ਤਾਂ ਕਿ ਸਾਡੀ ਧਰਤੀ ਮਾਂ ਬਚ ਜਾਵੇ।
ਜੇ ਮਾਂ ਬਚ ਗਈ-ਮਾਂ ਦੇ ਆਂਚਲ ਵਿਚ ਹੀ ਸਾਰੇ ਸੁੱਖ ਨੇ
ਮਾਵਾਂ ਠੰਢੀਆਂ ਛਾਵਾਂ।
ਗੁਰੂਆਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ
ਵਾਤਾਵਰਨ ਦੀ ਸੁਰੱਖਿਆ ਅਤੇ ਬਹੁਮੁੱਲੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰਨਾ ਅੱਜ ਆਲਮੀ ਪੱਧਰ ’ਤੇ ਚੁਣੌਤੀ ਬਣਿਆ ਹੋਇਆ ਹੈ। ਵਿਗੜ ਰਹੇ ਵਾਤਾਵਰਨ ਸੰਤੁਲਨ ਨੇ ਜਿਹੜੀਆਂ ਕੁਦਰਤੀ ਆਫਤਾਂ ਨੂੰ ਸੱਦਾ ਦਿੱਤਾ ਹੈ ਉਸ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ। ਵਾਤਾਵਰਨ ਦੀ ਰਾਖੀ ਲਈ ਵਿਸ਼ਵ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਵੱਡੀ ਪੱਧਰ ਤੇ ਇਨ੍ਹਾਂ ਯਤਨਾਂ ਨੂੰ ਅਮਲੀ ਰੂਪ ’ਚ ਲਿਆਉਣਾ ਬਾਕੀ ਹੈ। ਸਰਕਾਰਾਂ ਵੱਲੋਂ ਕੋਸ਼ਿਸ਼ਾਂ ਅੱਜ ਕੀਤੀਆਂ ਜਾ ਰਹੀਆਂ ਹਨ ਪਰ ਗੁਰੂ ਸਾਹਿਬਾਨ ਵੱਲੋਂ ਇਹ ਬੀੜਾ ਸਦੀਆਂ ਪਹਿਲਾਂ ਉਠਾਇਆ ਗਿਆ ਸੀ। ਅਸੀਂ ਗੁਰੂ ਸਾਹਿਬਾਨ ਦੇ ਪ੍ਰਵਚਨਾਂ ਨੂੰ ਭੁੱਲ ਕੇ ਰੁੱਖਾਂ ਦੀ ਅੰਨੇ੍ਹਵਾਹ ਕਟਾਈ ਤੇ ਕੁਦਰਤੀ ਸਾਧਨਾਂ ਦਾ ਲੁੱਟ ਕਰਨ ਦੀ ਹੋੜ ’ਚ ਪੈ ਗਏ ਜਿਸ ਦੇ ਨਤੀਜੇ ਅੱਜ ਭੁਗਤ ਰਹੇ ਹਾਂ। ਅੱਜ ਲੋੜ ਹੈ ਸਾਨੂੰ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ।
- ਮਨਜੀਤ ਸਿੰਘ ਜ਼ੀਰਕਪੁਰ
Posted By: Harjinder Sodhi