ਭਗਵਾਨ ਗੌਤਮ ਬੁੱਧ ਕੋਲ ਉਨ੍ਹਾਂ ਦਾ ਇਕ ਸ਼ਰਧਾਲੂ ਆਇਆ ਅਤੇ ਪੁੱਛਣ ਲੱਗਾ ਕਿ ਮੇਰੇ ਸੰਪਰਕ 'ਚ ਆਉਣ ਵਾਲੇ ਜ਼ਿਆਦਾਤਰ ਲੋਕ ਮੇਰੇ ਨਾਲ ਬਹਿਸਬਾਜ਼ੀ ਕਰਦੇ ਹਨ। ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਬਹਿਸ ਲੜਾਈ-ਝਗੜੇ 'ਚ ਬਦਲ ਜਾਂਦੀ ਹੈ। ਸਾਰਾ ਦਿਨ ਮਨ ਪਰੇਸ਼ਾਨ ਰਹਿੰਦਾ ਹੈ। ਮਿਹਰਬਾਨੀ ਕਰ ਕੇ ਮੈਨੂੰ ਕੋਈ ਹੱਲ ਦੱਸੋ। ਭਗਵਾਨ ਗੌਤਮ ਬੁੱਧ ਨੇ ਉਸ ਦੇ ਚਿਹਰੇ ਵੱਲ ਵੇਖਿਆ ਤੇ ਇਸ਼ਾਰਾ ਕਰਦਿਆਂ ਕਿਹਾ ਕਿ ਪਹਿਲਾਂ ਉਹ ਗੜਵੀ ਚੁੱਕੋ ਤੇ ਅੱਗੇ ਕਾਫ਼ੀ ਦੂਰ ਜਾ ਕੇ ਸੱਜੇ ਹੱਥ ਪਿੱਪਲ ਕੋਲ ਇਕ ਤਲਾਬ ਹੈ। ਉਸ 'ਚੋਂ ਇਹ ਗੜਵੀ ਪਾਣੀ ਦੀ ਭਰ ਲਿਆਓ। ਭਗਵਾਨ ਬੁੱਧ ਦਾ ਆਦੇਸ਼ ਸੁਣ ਕੇ ਉਹ ਸ਼ਰਧਾਲੂ ਗੜਵੀ ਚੁੱਕ ਕੇ ਤਲਾਬ ਤੋਂ ਪਾਣੀ ਲੈਣ ਲਈ ਚਲਾ ਗਿਆ। ਜਦੋਂ ਉਹ ਤਲਾਬ ਕੋਲ ਪੁੱਜਾ ਤਾਂ ਵੇਖਿਆ ਕਿ ਪਾਣੀ ਬੜਾ ਗੰਦਾ ਹੈ ਅਤੇ ਪੀਣ ਲਾਇਕ ਨਹੀਂ। ਇਹ ਵੇਖ ਕੇ ਉਹ ਖ਼ਾਲੀ ਗੜਵੀ ਲੈ ਕੇ ਵਾਪਸ ਆ ਗਿਆ। ਭਗਵਾਨ ਬੁੱਧ ਨੇ ਪੁੱਛਿਆ ਕਿ ਕੀ ਹੋਇਆ? ਸ਼ਰਧਾਲੂ ਨੇ ਕਿਹਾ, 'ਮਹਾਰਾਜ! ਪਾਣੀ ਤਾਂ ਬਹੁਤ ਗੰਦਾ ਸੀ। ਇਸ ਲਈ ਮੈਂ ਖ਼ਾਲੀ ਹੱਥ ਵਾਪਸ ਆ ਗਿਆ ਹਾਂ।' ਭਗਵਾਨ ਬੁੱਧ ਨੇ ਕੁਝ ਸਮੇਂ ਬਾਅਦ ਮੁੜ ਕਿਹਾ, 'ਹੁਣ ਜਾਓ ਤੇ ਪਾਣੀ ਲੈ ਕੇ ਆਓ'। ਸ਼ਰਧਾਲੂ ਫਿਰ ਤਲਾਬ 'ਤੇ ਪੁੱਜਾ ਅਤੇ ਸਥਿਤੀ ਪਹਿਲਾਂ ਵਾਲੀ ਵੇਖ ਕੇ ਫਿਰ ਖ਼ਾਲੀ ਮੁੜ ਆਇਆ। ਇਸੇ ਤਰ੍ਹਾਂ ਸਵੇਰ ਤੋਂ ਸ਼ਾਮ ਤਕ ਕਈ ਚੱਕਰ ਲੱਗਦੇ ਰਹੇ। ਅਖ਼ੀਰ ਸੱਤਵੇਂ-ਅੱਠਵੇਂ ਚੱਕਰ 'ਚ ਤਲਾਬ ਕੋਲ ਪੁੱਜੇ ਉਸ ਸ਼ਰਧਾਲੂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਸਾਫ਼ ਪਾਣੀ ਦੀ ਗੜਵੀ ਲੈ ਕੇ ਭਗਵਾਨ ਬੁੱਧ ਵੱਲ ਦੌੜਿਆ ਅਤੇ ਕੋਲ ਪੁੱਜ ਕੇ ਕਿਹਾ, 'ਲਓ ਭਗਵਾਨ! ਹੁਣ ਪਾਣੀ ਬਿਲਕੁਲ ਸਾਫ਼ ਮਿਲ ਗਿਆ ਹੈ'। ਮਹਾਤਮਾ ਬੁੱਧ ਨੇ ਪੁੱਛਿਆ ਕਿ ਇਹ ਕਿੱਥੋਂ ਲਿਆਂਦਾ ਹੈ? ਸ਼ਰਧਾਲੂ ਨੇ ਕਿਹਾ ਕਿ ਉਸੇ ਤਲਾਬ 'ਚੋਂ। ਇਹ ਸੁਣ ਕੇ ਭਗਵਾਨ ਬੁੱਧ ਮੁਸਕਰਾਏ ਅਤੇ ਕਿਹਾ ਕਿ ਕੁਝ ਸਮਝ ਆਈ ਤੈਨੂੰ ਜਾਂ ਨਹੀਂ।

ਮੇਰੀ ਗੱਲ ਧਿਆਨ ਨਾਲ ਸੁਣ, 'ਪਹਿਲਾਂ ਉਸ ਤਲਾਬ ਦੇ ਪਾਣੀ ਵਿਚ ਅਨੇਕਾਂ ਅਸ਼ੁੱਧੀਆਂ ਅਤੇ ਮਿੱਟੀ ਘੁਲੀ ਹੋਈ ਸੀ ਜਿਸ ਕਾਰਨ ਪਾਣੀ ਗੰਦਾ ਲੱਗ ਰਿਹਾ ਸੀ। ਪਰ ਜਦੋਂ ਉਹੀ ਤਲਾਬ ਸਵੇਰ ਤੋਂ ਸ਼ਾਮ ਤਕ ਸ਼ਾਂਤ ਰਿਹਾ ਤਾਂ ਸਾਰੀਆਂ ਅਸ਼ੁੱਧੀਆਂ ਥੱਲੇ ਬੈਠ ਗਈਆਂ ਅਤੇ ਤੈਨੂੰ ਪੀਣ ਲਈ ਸਾਫ਼ ਪਾਣੀ ਮਿਲ ਗਿਆ। ਠੀਕ ਇਸੇ ਤਰ੍ਹਾਂ ਜਦੋਂ ਮਨੁੱਖੀ ਮਨ ਵਿਚ ਸ਼ਾਂਤੀ ਦਾ ਵਾਸ ਹੋ ਜਾਵੇ ਤਾਂ ਇਨਸਾਨ ਵਿਚਲੇ ਲੜਾਈ-ਝਗੜੇ ਦੇ ਔਗੁਣ ਥੱਲੇ ਬੈਠ ਜਾਂਦੇ ਹਨ ਅਤੇ ਉਸ ਦਾ ਜੀਵਨ ਸ਼ਾਂਤੀ ਦੇ ਮਾਰਗ 'ਤੇ ਚੱਲ ਕੇ ਬਿਲਕੁਲ ਸਾਫ਼ ਪਾਣੀ ਦੀ ਤਰ੍ਹਾਂ ਹੋ ਜਾਂਦਾ ਹੈ। ਭਗਵਾਨ ਬੁੱਧ ਦੀ ਗੱਲ ਸੁਣ ਕੇ ਸ਼ਰਧਾਲੂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ।

-ਸਰਵਣ ਸਿੰਘ ਭੰਗਲਾਂ,

ਸਮਰਾਲਾ। (98725-54147)

Posted By: Jagjit Singh