ਸਾਡੀਆਂ ਜਨਮ-ਜਾਤ ਯੋਗਤਾਵਾਂ, ਆਰਥਿਕ ਸਥਿਤੀ, ਸਰੀਰਕ ਬਣਾਵਟ, ਸਿਹਤ ਆਦਿ ਸਾਰੇ ਪਿਛਲੇ ਜਨਮ ਤੋਂ ਪ੍ਰਭਾਵਿਤ ਹੁੰਦੇ ਹਨ। ਨਿਯਤੀ ਨੂੰ ਬਦਲਣਾ ਨਿਸ਼ਚਿਤ ਤੌਰ ’ਤੇ ਮੁਸ਼ਕਲ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਪੂਰੀ ਤਰ੍ਹਾਂ ਉਸ ਦਾ ਗੁਲਾਮ ਹੈ।

ਮਨੁੱਖੀ ਜੀਵਨ ਇਕ ਜਟਿਲ ਜਾਲ਼ ਹੈ ਜਿਸ ਵਿਚ ਸੁੱਖ-ਦੁੱਖ, ਸਫਲਤਾ-ਅਸਫਲਤਾ, ਪ੍ਰਾਪਤੀ ਅਤੇ ਵਿਯੋਗ ਦੇ ਅਣਗਿਣਤ ਸਰੋਤ ਇਕ-ਦੂਜੇ ਨਾਲ ਜੁੜੇ ਹੋਏ ਹਨ। ਇਨ੍ਹਾਂ ਸਾਰੇ ਸੂਤਰਾਂ ਦੇ ਕੇਂਦਰ ਵਿਚ ਦੋ ਗੂੜ੍ਹ ਸਿਧਾਂਤ ਹਨ-ਕਰਮ ਅਤੇ ਪਿਛਲੇ ਜਨਮ ਦੇ ਕੰਮ। ਇਹ ਦੋਵੇਂ ਸਿਧਾਂਤ ਪਰਸਪਰ ਅੰਤਰ-ਨਿਰਭਰ ਹਨ।
ਜਿੱਥੇ ਕਰਮ ਮਨੁੱਖ ਦੇ ਵਰਤਮਾਨ ਅਤੇ ਭਵਿੱਖ ਦਾ ਨਿਰਮਾਤਾ ਹੈ, ਓਥੇ ਹੀ ਮੌਜੂਦਾ ਸਮੇਂ ਅਸੀਂ ਜੋ ਵੀ ਹਾਂ, ਉਹ ਉਸ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੈ ਜੋ ਵਰਤਮਾਨ ਜੀਵਨ ਵਿਚ ਭੋਗਣ ਲਈ ਨਿਯਤ ਹੁੰਦਾ ਹੈ। ਇਨ੍ਹਾਂ ਦੋਹਾਂ ਵਿਚਕਾਰ ਦਾ ਸਬੰਧ ਸੂਖਮ ਪਰ ਬਹੁਤ ਹੀ ਗਹਿਰਾ ਦਾਰਸ਼ਨਿਕ ਅਤੇ ਅਧਿਆਤਮਕ ਹੈ। ਬੀਤੇ ਜਨਮ ਦੇ ਕਰਮਾਂ ਦੇ ਫਲ ਨੂੰ ਅਕਸਰ ਕਿਸਮਤ ਜਾਂ ਨਿਯਤੀ ਵੀ ਕਿਹਾ ਜਾਂਦਾ ਹੈ। ਮਨੁੱਖ ਜਿਸ ਪਰਿਵਾਰ, ਸਮਾਜ, ਦੇਸ਼ ਜਾਂ ਹਾਲਾਤ ਵਿਚ ਜਨਮ ਲੈਂਦਾ ਹੈ, ਉਹ ਉਸ ਦੇ ਪਿਛਲੇ ਜਨਮ ਦੇ ਕਰਮਾਂ ਦਾ ਹੀ ਨਤੀਜਾ ਹੁੰਦਾ ਹੈ।
ਸਾਡੀਆਂ ਜਨਮ-ਜਾਤ ਯੋਗਤਾਵਾਂ, ਆਰਥਿਕ ਸਥਿਤੀ, ਸਰੀਰਕ ਬਣਾਵਟ, ਸਿਹਤ ਆਦਿ ਸਾਰੇ ਪਿਛਲੇ ਜਨਮ ਤੋਂ ਪ੍ਰਭਾਵਿਤ ਹੁੰਦੇ ਹਨ। ਨਿਯਤੀ ਨੂੰ ਬਦਲਣਾ ਨਿਸ਼ਚਿਤ ਤੌਰ ’ਤੇ ਮੁਸ਼ਕਲ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਪੂਰੀ ਤਰ੍ਹਾਂ ਉਸ ਦਾ ਗੁਲਾਮ ਹੈ। ਉਸ ਨੂੰ ਆਪਣੇ ਵਰਤਮਾਨ ਕਰਮਾਂ ਰਾਹੀਂ ਭਵਿੱਖ ਨੂੰ ਬਦਲਣ ਦਾ ਮੌਕਾ ਸਦਾ ਮਿਲਦਾ ਹੈ। ਕਰਮ ਅਤੇ ਬੀਤੇ ਜਨਮ ਦੇ ਕਰਮ ਇਕ ਹੀ ਰੁੱਖ ਦੀਆਂ ਦੋ ਟਾਹਣੀਆਂ ਹਨ।
ਬੀਤੇ ਜਨਮ ’ਚ ਕੀਤੇ ਕਰਮਾਂ ਦਾ ਨਤੀਜਾ ਹੁਣ ਫਲ ਦੇ ਰੂਪ ਵਿਚ ਪ੍ਰਗਟ ਹੋ ਚੁੱਕਾ ਹੈ ਅਤੇ ਹੁਣ ਕੀਤੇ ਜਾਂਦੇ ਕਰਮ ਉਹ ਹਨ ਜਿਨ੍ਹਾਂ ਦਾ ਫਲ ਭਵਿੱਖ ਵਿਚ ਮਿਲੇਗਾ। ਮਨੁੱਖ ਦਾ ਵਰਤਮਾਨ ਜੀਵਨ ਉਸ ਦੇ ਪਿਛਲੇ ਜਨਮ ਦੇ ਕਰਮਾਂ ਦਾ ਨਤੀਜਾ ਹੈ ਅਤੇ ਵਰਤਮਾਨ ਕਰਮ ਉਸ ਦੇ ਭਵਿੱਖ ਦਾ ਆਧਾਰ ਹਨ। ਕਰਮ ਚੱਕਰ ਦੇ ਮਾਧਿਅਮ ਰਾਹੀਂ ਹੀ ਸੁੱਖ-ਦੁੱਖ ਵਧਦਾ-ਫੁੱਲਦਾ ਰਹਿੰਦਾ ਹੈ। ਮਨੁੱਖ ਇਸ ਚੱਕਰ ਤੋਂ ਉਦੋਂ ਹੀ ਉੱਪਰ ਉੱਠ ਸਕਦਾ ਹੈ ਜਦੋਂ ਉਹ ਕਰਮ ਕਰਦੇ ਸਮੇਂ ਫਲ ਦੀ ਇੱਛਾ ਨੂੰ ਛੱਡ ਦੇਵੇ। ਫਲ ਜਾਂ ਬੀਤੇ ਜਨਮ ਵਿਚ ਕੀਤੇ ਕੰਮਾਂ ’ਤੇ ਹੁਣ ਸਾਡਾ ਭੋਰਾ ਵੀ ਅਧਿਕਾਰ ਅਤੇ ਨਿਯੰਤਰਣ ਨਹੀਂ ਹੈ।
ਜੋ ਵਿਅਕਤੀ ਆਪਣੀ ਤਕਦੀਰ ਨੂੰ ਸਵੀਕਾਰ ਕਰਦੇ ਹੋਏ ਨੇਕ ਕਰਮ ਕਰਦਾ ਹੈ, ਉਹ ਨਾ ਸਿਰਫ਼ ਆਪਣੇ ਵਰਤਮਾਨ ਜੀਵਨ ਨੂੰ ਸ੍ਰੇਸ਼ਠ ਬਣਾਉਂਦਾ ਹੈ ਸਗੋਂ ਆਪਣੇ ਭਵਿੱਖ ਦੇ ਜਨਮਾਂ ਨੂੰ ਵੀ ਪ੍ਰਕਾਸ਼ਮਾਨ ਕਰਦਾ ਹੈ। ਸੰਖੇਪ ਵਿਚ ਕਹੀਏ ਤਾਂ ਕਰਮਾਂ ਅਤੇ ਬੀਤੇ ਜਨਮ ਦੇ ਕੰਮਾਂ ਦਾ ਸਬੰਧ ਮਨੁੱਖੀ ਜੀਵਨ ਦੀ ਗਤੀ, ਨਿਯਤੀ ਤੇ ਮੁਕਤੀ, ਤਿੰਨਾਂ ਦਾ ਆਧਾਰ ਹੈ।
-ਪ੍ਰੇਰਨਾ ਅਵਸਥੀ