Panchak Kaal 2021 : ਸਾਵਣ ਮਹੀਨੇ ਦਾ ਹਿੰਦੂ ਧਰਮ 'ਚ ਖਾਸ ਮਹੱਤਵ ਹੈ। ਇਸ ਮਹੀਨੇ ਭਗਵਾਨ ਸ਼ਿਵ ਦੀ ਪੂਜਾ-ਅਰਾਧਨਾ ਕਰਨ ਨਾਲ ਜਾਤਕਾਂ ਨੂੰ ਲਾਭ ਮਿਲਦਾ ਹੈ। ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਇਸ ਸਾਲ ਇਹ ਪਵਿੱਤਰ ਮਹੀਨਾ 25 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਤੇ 22 ਅਗਸਤ ਤਕ ਰਹੇਗਾ। ਸਾਵਣ ਦੀ ਸ਼ੁਰੂਆਤ ਦੇ ਨਾਲ ਪੰਚਕ ਕਾਲ ਵੀ ਸ਼ੁਰੂ ਹੋ ਗਿਆ ਹੈ। ਹਿੰਦੂ ਪੰਚਾਂਗ ਅਨੁਸਾਰ ਪੰਚਕ ਦੀ ਸ਼ੁਰੂਆਤ 25 ਜੁਲਾਈ ਰਾਤ 10 ਵੱਜ ਕੇ 48 ਮਿੰਟ ਤੋਂ ਹੋਈ ਹੈ ਜਿਸ ਦਾ ਸਮਾਪਨ 30 ਜੁਲਾਈ ਦੁਪਹਿਰੇ 2 ਵੱਜ ਕੇ 3 ਮਿੰਟ 'ਤੇ ਹੋਵੇਗਾ। ਜੋਤਸ਼ੀਆਂ ਮੁਤਾਬਕ ਇਨ੍ਹਾਂ ਪੰਜ ਦਿਨਾਂ 'ਚ ਸ਼ੁੱਭ ਕਾਰਜ ਵਰਜਿਤ ਹੁੰਦੇ ਹਨ।

ਕਦੋਂ ਤਕ ਰਹਿੰਦਾ ਹੈ ਪੰਚਕ ਕਾਲ

ਜੋਤਿਸ਼ ਸ਼ਾਸਤਰ ਮੁਤਾਬਕ ਚੰਦਰ ਗ੍ਰਹਿ ਦਾ ਧਨਿਸ਼ਠਾ ਨਛੱਤਰ ਦੇ ਤ੍ਰਿਤੀਆ ਚਰਨ ਤੇ ਸ਼ਤਭਿਸ਼ਾ, ਪੂਰਵਾਭਾਦਰਪਦ, ਉੱਤਰਾਭਾਦਰਪਦ ਤੇ ਰੇਵਤੀ ਨਛੱਤਰ ਦੇ ਚਾਰਾਂ ਪੜਾਵਾਂ 'ਚ ਭਰਮਣ ਕਰਨ ਦਾ ਕਾਲ ਪੰਚਕ ਅਖਵਾਉਂਦਾ ਹੈ। ਇਸੇ ਤਰ੍ਹਾਂ ਚੰਦਰ ਗ੍ਰਹਿਣ ਦਾ ਕੁੰਭ ਤੇ ਮੀਨ ਰਾਸ਼ੀ ਵਿਚ ਭਰਮਣ ਪੰਚਕਾਂ ਨੂੰ ਜਨਮ ਦਿੰਦਾ ਹੈ। ਹੋਰ ਮਾਨਤਾਵਾਂ ਅਨੁਸਾਰ ਭਗਵਾਨ ਰਾਮ ਵੱਲੋਂ ਰਾਵਣ ਦਾ ਸੰਘਾਰ ਕਰਨ ਦੀ ਤਰੀਕ ਦੇ ਸਮੇਂ ਤੋਂ ਬਾਅਦ ਤੋਂ ਪੰਜ ਦਿਨ ਤਕ ਪੰਚਕ ਰਹਿੰਦਾ ਹੈ।

ਮੌਤ ਸਬੰਧੀ ਮਾਨਤਾ

ਮਾਨਤਾ ਹੈ ਕਿ ਜੇਕਰ ਕਿਸੇ ਜਾਤਕ ਦੀ ਮੌਤ ਪੰਚਕ ਕਾਲ ਦੌਰਾਨ ਹੋ ਜਾਂਦੀ ਹੈ। ਉਸ ਪਰਿਵਾਰ 'ਚ ਪੰਜ ਹੋਰ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਜੇਕਰ ਦੇਹਾਂਤ ਨਹੀਂ ਤਾਂ ਘਰ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਰੋਗ ਜਾਂ ਕਸ਼ਟ ਝੱਲਣਾ ਪੈਂਦਾ ਹੈ। ਇਸ ਸਥਿਤੀ ਵਿਚ ਗਰੁੜ ਪੁਰਾਣ 'ਚ ਅੰਤਿਮ ਸੰਸਕਾਰ ਦੇ ਖਾਸ ਤਰੀਕੇ ਦੱਸੇ ਗਏ ਹਨ। ਉਨ੍ਹਾਂ ਦੀ ਪਾਲਣਾ ਕਰਨ ਨਾਲ ਦੁੱਖ ਟਲ਼ ਜਾਂਦਾ ਹੈ।

ਇਹ ਕੰਮ ਨਹੀਂ ਕਰਨਾ ਚਾਹੀਦਾ

ਪੰਚਕ ਕਾਲ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਪੰਜ ਦਿਨਾਂ ਵਿਚ ਵਿਸ਼ੇਸ਼ ਕਾਰਜ ਕਰਨ ਦੀ ਮਨਾਹੀ ਰਹਿੰਦੀ ਹੈ। ਪੰਚਕ ਕਾਲ ਵਿਚ ਲੱਕੜੀ ਨਹੀਂ ਖਰੀਦਣੀ ਚਾਹੀਦੀ। ਘਰ ਦੇ ਨਿਰਮਾਣ 'ਚ ਛੱਤ ਨਾ ਪਵਾਓ। ਬੈੱਡ ਤੇ ਮੰਜੇ ਦੀ ਖਰੀਦਦਾਰੀ ਨਹੀਂ ਕਰਨੀ ਚਾਹੀਦੀ। ਪੰਚਕ ਕਾਲ ਵੇਲੇ ਯਾਤਰਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।

Posted By: Seema Anand