‘ਜਿੱਥੇ ਨਾ ਪਹੁੰਚੇ ਰਵੀ, ਓਥੇ ਪਹੁੰਚੇ ਕਵੀ। ਜਿੱਥੇ ਨਾ ਪਹੁੰਚੇ ਕਵੀ, ਉੱਥੇ ਪਹੁੰਚੇ ਅਨੁਭਵੀ। ਅਤੇ ਜਿੱਥੇ ਨਾ ਪਹੁੰਚੇ ਅਨੁਭਵੀ, ਓਥੇ ਪਹੁੰਚੇ ਸਵੈ-ਅਨੁਭਵੀ।’ ਉਕਤ ਕਹਾਵਤ ਤੋਂ ਇੰਨਾ ਜ਼ਰੂਰ ਸਿੱਧ ਹੁੰਦਾ ਹੈ ਕਿ ਸਾਡੇ ਜੀਵਨ ਵਿਚ ਸਭ ਤੋਂ ਵੱਡਾ ਅਧਿਆਪਕ ਹੈ ਸਾਡਾ ਆਪਣਾ ਤਜਰਬਾ ਕਿਉਂਕਿ ਬਾਕੀ ਸਾਰੀਆਂ ਸਿੱਖਿਆਵਾਂ ਤਾਂ ਅਸੀਂ ਸਕੂਲੀ ਪੁਸਤਕਾਂ ਤੋਂ ਪ੍ਰਾਪਤ ਕਰ ਲੈਂਦੇ ਹਾਂ ਪਰ ਜੀਵਨ ਰੂਪੀ ਯਾਤਰਾ ਵਿਚ ਤਾਂ ਸਿੱਖਣ ਲਈ ਕੋਈ ਕਿਤਾਬ ਨਾਲ ਨਹੀਂ ਹੁੰਦੀ। ਅਜਿਹੇ ਵਿਚ ਸਾਡਾ ਆਪਣਾ ਤਜਰਬਾ ਹੀ ਸਾਨੂੰ ਸਿਖਾਉਂਦਾ ਹੈ ਕਿ ਕੀ ਕਰੀਏ ਅਤੇ ਕੀ ਨਾ ਕਰੀਏ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕੋਸ਼ਿਸ਼ ਕਰਨ ’ਤੇ ਵੀ ਅਤੀਤ ਵਿਚ ਕੀਤੇ ਹੋਏ ਕਰਮਾਂ ਨੂੰ ਭੁਲਾ ਨਹੀਂ ਪਾਉਂਦੇ ਪਰ ਕੀ ਭੂਤਕਾਲ ਦੀਆਂ ਯਾਦਾਂ ਵਿਚ ਰਹਿਣ ਨਾਲ ਸਾਡਾ ਵਰਤਮਾਨ ਸੁਧਰ ਸਕੇਗਾ? ਨਹੀਂ। ਬੀਤੇ ਸਮੇਂ ਬਾਰੇ ਸੋਚਣ ਨਾਲ ਸਾਡੇ ਅੰਦਰ ਸਿਰਫ਼ ਕਰੋਧ, ਬਦਲਾ ਲੈਣ ਅਤੇ ਅਸੰਤੁਸ਼ਟੀ ਦੀ ਭਾਵਨਾ ਉਤਪੰਨ ਹੋਵੇਗੀ ਜਿਸ ਨਾਲ ਨਾ ਸਾਡਾ ਅਤੇ ਨਾ ਸਾਡੇ ਆਲੇ-ਦੁਆਲੇ ਰਹਿਣ ਵਾਲਿਆਂ ਦਾ ਕੋਈ ਫ਼ਾਇਦਾ ਹੋਵੇਗਾ। ਹਰ ਅਸਫਲਤਾ ਦੇ ਪਿੱਛੇ ਸਫਲਤਾ ਦਾ ਇਕ ਚੰਗਾ ਮੌਕਾ ਲੁਕਿਆ ਹੁੰਦਾ ਹੈ। ਇਹ ਮੌਕਾ ਤਾਂ ਹੀ ਦਿਸ ਸਕੇਗਾ ਜੇ ਅਸੀਂ ਠੰਢੇ ਦਿਮਾਗ ਨਾਲ ਆਪਣੀ ਨਾਕਾਮੀ ਦੀ ਪੜਚੋਲ ਕਰਾਂਗੇ। ਇਹ ਜੀਵਨ ਦਾ ਸਭ ਤੋਂ ਵੱਡਾ ਸੱਚ ਹੈ। ਸੋ, ਅਸਫਲਤਾ ਲਈ ਪਿਛਲੇ ਜਨਮਾਂ ਦੇ ਕਰਮਾਂ ਨੂੰ ਦੋਸ਼ ਦੇਣਾ ਛੱਡ ਕੇ ਰਾਹ ਵਿਚ ਆਏ ਅੜਿੱਕਿਆਂ ਨੂੰ ਦੂਰ ਕਰ ਕੇ ਆਪਣੇ ਕਦਮ ਅੱਗੇ ਵਧਾਉਂਦੇ ਰਹਿਣ ਵਿਚ ਸਮਝਦਾਰੀ ਹੈ। ਉਸੇ ਵਿਚ ਸਾਡੀ ਅਤੇ ਹੋਰ ਲੋਕਾਂ ਦੀ ਭਲਾਈ ਹੈ। ਸੰਸਾਰ ਵਿਚ ਅਜਿਹਾ ਕੋਈ ਵੀ ਮਨੁੱਖ ਨਹੀਂ ਹੈ ਜਿਸ ਨੇ ਕਸ਼ਟ ਨਾ ਸਹਾਰੇ ਹੋਣ ਕਿਉਂਕਿ ਹਰੇਕ ਨੂੰ ਦਰਦ, ਪੀੜਾ ਅਤੇ ਹਾਰ ਆਪਣੀ ਜੀਵਨ ਯਾਤਰਾ ਦੌਰਾਨ ਸਹਿਣ ਕਰਨੇ ਹੀ ਪੈਂਦੇ ਹਨ। ਤਾਂ ਆਪਣੇ ਅਤੀਤ ਬਾਰੇ ਦੁਖੀ ਹੋ ਕੇ ਸੋਚਣ ਦੀ ਥਾਂ ਕਿਉਂ ਨਾ ਅਸੀਂ ਇਹ ਸੋਚੀਏ ਕਿ ਅਸੀਂ ਕਿੰਨੇ ਦਰਦ ਭਰੇ ਰਸਤਿਆਂ ’ਤੇ ਚੱਲ ਕੇ ਅੱਜ ਇਹ ਟੀਚਾ ਹਾਸਲ ਕੀਤਾ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਸਫਲਤਾਵਾਂ ਹਾਸਲ ਕਰਦੇ ਰਹਾਂਗੇ। ਇਹ ਗੱਲ ਚੇਤੇ ਰੱਖੋ! ਪਰਮਾਤਮਾ ਕਠਿਨ ਪ੍ਰੀਖਿਆ ਉਨ੍ਹਾਂ ਵਿਅਕਤੀਆਂ ਦੀ ਹੀ ਲੈਂਦਾ ਹੈ ਜੋ ਉਸ ਵਿਚ ਪਾਸ ਹੋਣ ਦੀ ਯੋਗਤਾ ਰੱਖਦੇ ਹਨ। ਇਹ ਆਤਮ-ਵਿਸ਼ਵਾਸ ਹੀ ਸਾਡੇ ਜੀਵਨ ਵਿਚ ਅਨੰਤ ਖ਼ੁਸ਼ੀ ਦਾ ਸੰਚਾਰ ਕਰੇਗਾ ਅਤੇ ਅਸੀਂ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਰੂਪ ਨਾਲ ਬੇਫ਼ਿਕਰ ਹੋ ਕੇ ਨਿਭਾ ਸਕਾਂਗੇ।

-ਰਾਜਯੋਗੀ ਬ੍ਰਹਮਾਕੁਮਾਰ ਨਿਕੁੰਜ।

Posted By: Jagjit Singh