ਜ਼ਿੰਦਗੀ ਹੈ ਤਾਂ ਸਹੂਲਤਾਂ ਵੀ ਹੋਣਗੀਆਂ ਤੇ ਨਹੀਂ ਵੀ ਹੋਣਗੀਆਂ। ਮੁਸ਼ਕਲਾਂ ਵੀ ਹੋਣਗੀਆਂ ਤੇ ਆਰਾਮਦਾਇਕ ਹਾਲਾਤ ਵੀ। ਆਰਾਮਦਾਇਕ ਹਾਲਾਤ ਜਿੱਥੇ ਮੌਕੇ ਖ਼ਤਮ ਕਰ ਦਿੰਦੇ ਹਨ, ਉੱਥੇ ਹੀ ਸੰਕਟਮਈ ਹਾਲਾਤ ਮੌਕੇ ਦੀ ਉਤਪਤੀ ਦਾ ਮੁੱਖ ਸੋਮਾ ਹੁੰਦੇ ਹਨ। ਸਟੈਨਲੀ ਅਰਨਾਲਡ ਵੀ ਇਹੋ ਮੰਨਦਾ ਹੈ ਕਿ ਹਰ ਸਮੱਸਿਆ ਵਿਚ ਉਸ ਦੇ ਹੱਲ ਦੇ ਬੀਜ ਲੁਕੇ ਹੋਏ ਹੁੰਦੇ ਹਨ। ਹਰੇਕ ਸੰਕਟ ਵਿਚ ਇਕ ਮੌਕਾ ਤੇ ਨਵੀਂ ਖ਼ੋਜ ਲੁਕੀ ਹੋਈ ਹੁੰਦੀ ਹੈ। ਬਸ, ਇਸ ਲਈ ਸੰਕਟ ਸਮੇਂ ਸਬਰ ਤੇ ਸੂਝ-ਬੂਝ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਇਹ ਕੰਮ ਔਖਾ ਹੈ ਕਿਉਂਕਿ ਪਰੇਸ਼ਾਨੀ ਦੇ ਸਮੇਂ ਜ਼ਿਆਦਾਤਰ ਲੋਕ ਘਬਰਾ ਜਾਂਦੇ ਹਨ ਤੇ ਅਰਥ ਦਾ ਅਨਰਥ ਕਰ ਦਿੰਦੇ ਹਨ। ਟਾਵੇਂ-ਟਾਵੇਂ ਲੋਕ ਹੀ ਸੰਕਟ ਤੋਂ ਪਾਰ ਪਾਉਂਦੇ ਹਨ ਤੇ ਜੋ ਇਨ੍ਹਾਂ ਨੂੰ ਸੁਲਝਾਉਣਾ ਸਿੱਖ ਲੈਂਦੇ ਹਨ, ਉਹ ਇਤਿਹਾਸ ਰਚ ਦਿੰਦੇ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸੰਕਟ 'ਚੋਂ ਮੌਕੇ ਨਿਕਲਦੇ ਹਨ। ਅਜਿਹਾ ਸਦੀਆਂ ਤੋਂ ਹੁੰਦਾ ਰਿਹਾ ਹੈ ਤੇ ਅੱਗੇ ਵੀ ਹੁੰਦਾ ਰਹੇਗਾ। ਬਸ, ਜਦ ਵੀ ਤੁਹਾਡੇ ਸਾਹਮਣੇ ਕੋਈ ਸੰਕਟ ਆਵੇ ਤਾਂ ਕਾਗ਼ਜ਼-ਕਲਮ ਲੈ ਕੇ ਬੈਠ ਜਾਓ। ਆਪਣੇ ਸੰਕਟ ਨੂੰ ਕਾਗ਼ਜ਼ 'ਤੇ ਲਿਖੋ। ਇਸ ਮਗਰੋਂ ਲਾਈਨ ਖਿੱਚ ਕੇ ਇਕ ਜਗ੍ਹਾ ਸੰਕਟ ਕਾਰਨ ਨਿਕਲਣ ਵਾਲੇ ਨਤੀਜਿਆਂ ਨੂੰ ਲਿਖੋ ਤੇ ਦੂਜੇ ਪਾਸੇ ਇਹ ਲਿਖੋ ਕਿ ਉਸ ਸੰਕਟ ਤੋਂ ਤੁਸੀਂ ਕੀ ਬਿਹਤਰ ਕੱਢ ਸਕਦੇ ਹੋ। ਇਹ ਨੀਤੀ ਅਤਿਅੰਤ ਕਾਰਗਰ ਹੈ। ਤੁਸੀਂ ਇਕ ਵਾਰ ਆਪਣੀ ਵੱਡੀ ਤੋਂ ਵੱਡੀ ਮੁਸੀਬਤ ਵਿਚ ਇਸ ਨੀਤੀ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ, ਯਕੀਨ ਕਰੋ ਕਿ ਕਾਗ਼ਜ਼ 'ਤੇ ਲਿਖਣ ਦੇ ਨਾਲ-ਨਾਲ ਤੁਹਾਡਾ ਸੰਕਟ ਨਾ ਸਿਰਫ਼ ਬਹੁਤ ਘੱਟ ਹੋ ਜਾਵੇਗਾ ਸਗੋਂ ਤੁਹਾਡੇ ਵਿਚੋਂ ਅਨੇਕ ਕੁਸ਼ਲ ਅਤੇ ਬੁੱਧੀਜੀਵੀ ਪ੍ਰਾਣੀ ਉਨ੍ਹਾਂ ਸੰਕਟਾਂ ਤੋਂ ਨਵੇਂ ਮੌਕੇ ਕੱਢ ਕੇ ਸਭ ਨੂੰ ਆਪਣੇ ਵੱਲ ਖਿੱਚ ਲੈਣਗੇ। ਸੰਕਟ ਕੇਵਲ ਉਨ੍ਹਾਂ ਲਈ ਹੀ ਪਰੇਸ਼ਾਨੀ ਖੜ੍ਹੀ ਕਰਦੇ ਹਨ, ਜੋ ਉਨ੍ਹਾਂ ਵਿਚ ਸਮੱਸਿਆਵਾਂ ਦੇਖਦੇ ਹਨ। ਹਰ ਕੰਮ ਤੇ ਵਸਤੂ ਨੂੰ ਦੋ ਤਰ੍ਹਾਂ ਦੇਖਿਆ ਜਾ ਸਕਦਾ ਹੈ-ਇਕ ਉਨ੍ਹਾਂ ਵਿਚ ਚੰਗਿਆਈ ਦੇਖ ਕੇ ਤੇ ਦੂਜਾ ਉਨ੍ਹਾਂ ਵਿਚ ਬੁਰਾਈ ਦੇਖ ਕੇ। ਹਰੇਕ ਕੰਮ ਵਿਚ ਚੰਗਿਆਈ ਦੇਖਣ ਵਾਲਿਆਂ ਲਈ ਸੰਕਟ ਸਦਾ ਸਫ਼ਲਤਾ ਦਾ ਮਾਰਗ ਬਣਦੇ ਹਨ। ਜੋ ਲੋਕ ਸੰਕਟਾਂ ਦੌਰਾਨ ਮੁਸਕਰਾਉਣਾ ਜਾਣਦੇ ਹਨ, ਉਨ੍ਹਾਂ 'ਚ ਰਹਿ ਕੇ ਜਿਊਣਾ ਜਾਣਦੇ ਹਨ, ਉਹੀ ਭਵਿੱਖ ਵਿਚ ਵੱਡੀ ਸਫਲਤਾ ਦੇ ਹੱਕਦਾਰ ਹੋਣਗੇ। ਇਸ ਲਈ ਸੰਕਟ ਤੋਂ ਘਬਰਾਉਣਾ ਨਹੀਂ ਚਾਹੀਦਾ।

-ਰੇਨੂੰ ਸੈਣੀ।

Posted By: Jagjit Singh