ਹਰੇਕ ਨੂੰ ਜ਼ਿੰਦਗੀ 'ਚ ਕੁਝ ਨਾ ਕੁਝ ਮੌਕੇ ਜ਼ਰੂਰ ਮਿਲਦੇ ਹਨ। ਕੋਈ ਇਨ੍ਹਾਂ ਮੌਕਿਆਂ ਨੂੰ ਸੰਭਾਲ ਕੇ ਆਪਣਾ ਜੀਵਨ ਖ਼ੁਸ਼ਹਾਲ ਬਣਾ ਲੈਂਦਾ ਹੈ ਅਤੇ ਕੋਈ ਇਨਸਾਨ ਇਨ੍ਹਾਂ ਨੂੰ ਗੁਆ ਕੇ ਆਪਣਾ ਨੁਕਸਾਨ ਕਰਵਾ ਬੈਠਦਾ ਹੈ। ਜ਼ਿੰਦਗੀ 'ਚ ਖ਼ੁਸ਼ ਰਹਿਣ ਲਈ ਮਿਲੇ ਮੌਕਿਆਂ ਦਾ ਫ਼ਾਇਦਾ ਚੁੱਕਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਅਣਗਹਿਲੀ 'ਚ ਇਹ ਸੋਚ ਕੇ ਮੌਕਾ ਗੁਆ ਦਿੰਦੇ ਹਾਂ ਕਿ ਇਸ ਤੋਂ ਬਾਅਦ ਅਜਿਹਾ ਮੌਕਾ ਮੁੜ ਮਿਲ ਜਾਵੇਗਾ ਪਰ ਕਈ ਵਾਰ ਜ਼ਿੰਦਗੀ ਸਾਨੂੰ ਦੂਜਾ ਮੌਕਾ ਨਹੀਂ ਦਿੰਦੀ ਅਤੇ ਇਨਸਾਨ ਵੱਲੋਂ ਕੀਤੀ ਅਜਿਹੀ ਅਣਗਹਿਲੀ ਦੀ ਉਸ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਇਕ ਸਾਧੂ ਪਿੰਡ ਵਿਚ ਰਹਿ ਕੇ ਤਪੱਸਿਆ ਕਰਿਆ ਕਰਦਾ ਸੀ। ਇਕ ਵਾਰ ਪਿੰਡ 'ਚ ਹੜ੍ਹ ਆ ਗਿਆ। ਸਾਰੇ ਪਿੰਡ ਵਾਸੀ ਜਾਨ ਬਚਾਉਣ ਲਈ ਸੁਰੱਖਿਅਤ ਜਗ੍ਹਾ ਵੱਲ ਜਾ ਰਹੇ ਸਨ। ਪਿੰਡ ਵਾਸੀਆਂ ਨੇ ਸਾਧੂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਚੱਲੇ ਪਰ ਸਾਧੂ ਨੇ ਕਿਹਾ, 'ਮੇਰੀ ਮਦਦ ਭਗਵਾਨ ਕਰੇਗਾ।' ਕੁਝ ਸਮੇਂ ਬਾਅਦ ਪਾਣੀ ਦਾ ਪੱਧਰ ਹੋਰ ਵੱਧ ਗਿਆ ਅਤੇ ਪਾਣੀ ਸਾਧੂ ਦੇ ਲੱਕ ਤਕ ਆ ਗਿਆ। ਇੰਨੇ ਚਿਰ ਨੂੰ ਇਕ ਕਿਸ਼ਤੀ ਵਾਲਾ ਆਇਆ ਅਤੇ ਉਸ ਨੇ ਸਾਧੂ ਨੂੰ ਕਿਸ਼ਤੀ ਵਿਚ ਬੈਠਣ ਲਈ ਕਿਹਾ ਪਰ ਸਾਧੂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਸ ਦੀ ਮਦਦ ਭਗਵਾਨ ਕਰੇਗਾ। ਹੌਲੀ-ਹੌਲੀ ਪਾਣੀ ਦਾ ਪੱਧਰ ਹੋਰ ਵੱਧ ਗਿਆ ਅਤੇ ਪਾਣੀ ਸਾਧੂ ਦੀ ਗਰਦਨ ਤਕ ਪਹੁੰਚ ਗਿਆ ਅਤੇ ਜਾਨ ਬਚਾਉਣ ਲਈ ਸਾਧੂ ਇਕ ਰੁੱਖ 'ਤੇ ਚੜ੍ਹ ਗਿਆ ਪਰ ਪਾਣੀ ਦੀ ਰਫ਼ਤਾਰ ਕਾਰਨ ਕੁਝ ਸਮੇਂ ਬਾਅਦ ਰੁੱਖ ਡਿੱਗ ਪਿਆ ਅਤੇ ਸਾਧੂ ਦੀ ਮੌਤ ਹੋ ਗਈ। ਜਦ ਸਾਧੂ ਮਰਨ ਤੋਂ ਬਾਅਦ ਸਵਰਗ 'ਚ ਪਹੁੰਚਿਆ ਤਾਂ ਉਸ ਨੇ ਭਗਵਾਨ ਨਾਲ ਇਸ ਗੱਲ ਲਈ ਗਿਲਾ ਕੀਤਾ ਕਿ ਮੈਂ ਸਾਰੀ ਜ਼ਿੰਦਗੀ ਪੂਜਾ-ਪਾਠ ਕੀਤਾ ਅਤੇ ਮੈਨੂੰ ਵਿਸ਼ਵਾਸ ਸੀ ਕਿ ਇਸ ਸੰਕਟ ਦੀ ਘੜੀ 'ਚ ਤੁਸੀਂ ਮੈਨੂੰ ਬਚਾਉਣ ਆਓਗੇ ਪਰ ਤੁਸੀਂ ਮੈਨੂੰ ਬਚਾਉਣ ਨਹੀਂ ਆਏ। ਇਸ 'ਤੇ ਭਗਵਾਨ ਨੇ ਉੱਤਰ ਦਿੱਤਾ ਕਿ ਮੈਂ ਤੁਹਾਨੂੰ ਬਚਾਉਣ ਲਈ ਦੋ ਵਾਰ ਆਇਆ ਸੀ। ਪਹਿਲੀ ਵਾਰ ਪਿੰਡ ਵਾਸੀਆਂ ਦੇ ਰੂਪ 'ਚ ਅਤੇ ਦੂਜੀ ਵਾਰ ਕਿਸ਼ਤੀ ਚਾਲਕ ਦੇ ਰੂਪ 'ਚ ਪਰ ਤੁਸੀਂ ਮੈਨੂੰ ਪਛਾਣ ਨਹੀਂ ਸਕੇ ਅਤੇ ਮੇਰੇ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ 'ਚ ਸਾਨੂੰ ਵਾਰ-ਵਾਰ ਮੌਕੇ ਮਿਲਦੇ ਹਨ ਪਰ ਇਹ ਮੌਕੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ। ਉਨ੍ਹਾਂ ਦਾ ਲਾਹਾ ਲੈਣਾ ਚਾਹੀਦਾ ਹੈ।

-ਪ੍ਰਿੰਸ ਅਰੋੜਾ, ਮਲੌਦ।

Posted By: Sukhdev Singh