ਮਹਾਤਮਾ ਬੁੱਧ ਇਕ ਦਿਨ ਪ੍ਰਵਚਨ ਕਰ ਰਹੇ ਸਨ। ਜਦ ਪ੍ਰਵਚਨ ਖ਼ਤਮ ਹੋਇਆ ਅਤੇ ਸਾਰੇ ਲੋਕ ਚਲੇ ਗਏ ਤਾਂ ਇਕ ਵਿਅਕਤੀ ਉਨ੍ਹਾਂ ਕੋਲ ਜਾ ਕੇ ਕਹਿਣ ਲੱਗਾ ਕਿ ਮੈਂ ਲੰਬੇ ਸਮੇਂ ਤੋਂ ਲੋਭ, ਮੋਹ ਆਦਿ ਛੱਡ ਕੇ ਇਕ ਚੰਗਾ ਇਨਸਾਨ ਬਣਨ ਲਈ ਤੁਹਾਡੇ ਪ੍ਰਵਚਨ ਸੁਣਦਾ ਆ ਰਿਹਾ ਹਾਂ। ਉਨ੍ਹਾਂ ਨੂੰ ਸੁਣ ਕੇ ਮੈਂ ਉਤਸ਼ਾਹ ਨਾਲ ਭਰ ਜਾਂਦਾ ਹਾਂ ਪਰ ਇਨ੍ਹਾਂ ਗੱਲਾਂ ਨਾਲ ਮੇਰੇ ਵਿਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਮਹਿਸੂਸ ਨਹੀਂ ਹੋ ਰਿਹਾ। ਉਸ ਦੀਆਂ ਇਹ ਗੱਲਾਂ ਸੁਣ ਕੇ ਮਹਾਤਮਾ ਬੁੱਧ ਮੁਸਕਰਾਏ। ਉਨ੍ਹਾਂ ਨੇ ਸਨੇਹ ਨਾਲ ਉਸ ਵਿਅਕਤੀ ਦੇ ਸਿਰ ’ਤੇ ਹੱਥ ਫੇਰਿਆ ਅਤੇ ਬੋਲੇ ਕਿ ਵਤਸ, ਤੁਹਾਡਾ ਪਿੰਡ ਇਸ ਜਗ੍ਹਾ ਤੋਂ ਕਿੰਨੀ ਦੂਰ ਹੈ? ਉਸ ਨੇ ਜਵਾਬ ਦਿੱਤਾ ਕਿ ਲਗਪਗ ਦਸ ਕੋਹ। ਬੁੱਧ ਨੇ ਮੁੜ ਸਵਾਲ ਕੀਤਾ ਕਿ ਤੁਸੀਂ ਇੱਥੋਂ ਆਪਣੇ ਪਿੰਡ ਕਿਸ ਤਰ੍ਹਾਂ ਜਾਂਦੇ ਹੋ? ਇਸ ’ਤੇ ਉਹ ਵਿਅਕਤੀ ਬੋਲਿਆ ਕਿ ਗੁਰੂਦੇਵ, ਮੈਂ ਪੈਦਲ ਹੀ ਜਾਂਦਾ ਹਾਂ ਪਰ ਤੁਸੀਂ ਭਲਾ ਮੈਥੋਂ ਇਹ ਸਭ ਕੁਝ ਕਿਉਂ ਪੁੱਛ ਰਹੇ ਹੋ? ਬੁੱਧ ਨੇ ਉਸ ਦੀ ਇਹ ਗੱਲ ਅਣਸੁਣੀ ਕਰ ਕੇ ਫਿਰ ਪੁੱਛਿਆ ਕਿ ਕੀ ਅਜਿਹਾ ਸੰਭਵ ਹੈ ਕਿ ਤੁਸੀਂ ਇੱਥੇ ਬੈਠੇ-ਬੈਠੇ ਆਪਣੇ ਪਿੰਡ ਪੁੱਜ ਜਾਓ? ਉਸ ਵਿਅਕਤੀ ਨੇ ਪਰੇਸ਼ਾਨ ਹੁੰਦਿਆਂ ਜਵਾਬ ਦਿੱਤਾ ਕਿ ਅਜਿਹਾ ਤਾਂ ਬਿਲਕੁਲ ਵੀ ਸੰਭਵ ਨਹੀਂ। ਮੈਨੂੰ ਉੱਥੇ ਤਕ ਪੁੱਜਣ ਲਈ ਪੈਦਲ ਚੱਲ ਕੇ ਜਾਣਾ ਹੀ ਹੋਵੇਗਾ, ਤਾਂ ਹੀ ਮੈਂ ਉੱਥੇ ਪੁੱਜ ਸਕਾਂਗਾ। ਬੁੱਧ ਨੇ ਕਿਹਾ ਕਿ ਹੁਣ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੈ। ਜੇਕਰ ਤੁਹਾਨੂੰ ਆਪਣੇ ਪਿੰਡ ਦਾ ਰਸਤਾ ਪਤਾ ਹੈ, ਉਸ ਦੀ ਜਾਣਕਾਰੀ ਵੀ ਹੈ, ਪਰ ਇਸ ਦੀ ਜਾਣਕਾਰੀ ਨੂੰ ਵਿਵਹਾਰ ਵਿਚ ਲਿਆਂਦੇ ਬਿਨਾਂ, ਯਤਨ ਕੀਤੇ ਬਿਨਾਂ, ਪੈਦਲ ਚੱਲੇ ਬਿਨਾਂ ਤੁਸੀਂ ਉੱਥੇ ਕਿਵੇਂ ਪੁੱਜ ਸਕੋਗੇ? ਉਸੇ ਤਰ੍ਹਾਂ ਜੇ ਤੁਹਾਡੇ ਕੋਲ ਗਿਆਨ ਹੈ ਤੇ ਤੁਸੀਂ ਉਸ ਨੂੰ ਆਪਣੇ ਜੀਵਨ ’ਚ ਅਮਲ ’ਚ ਨਹੀਂ ਲਿਆਉਂਦੇ ਹੋ ਤਾਂ ਤੁਸੀਂ ਖ਼ੁਦ ਨੂੰ ਇਕ ਬਿਹਤਰ ਇਨਸਾਨ ਨਹੀਂ ਬਣਾ ਸਕਦੇ। ਗਿਆਨ ਨੂੰ ਆਪਣੇ ਵਿਵਹਾਰ ’ਚ ਲਿਆਉਣਾ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਖ਼ੁਦ ਦ੍ਰਿੜ੍ਹ ਨਿਸ਼ਚੇ ਦੇ ਨਾਲ ਨਿਰੰਤਰ ਯਤਨ ਕਰਨੇ ਹੋਣਗੇ ਤੇ ਸਿੱਖੀਆਂ ਗੱਲਾਂ ਨੂੰ ਜੀਵਨ ਦੇ ਵੱਖ-ਵੱਖ ਹਾਲਾਤ ’ਚ ਨਿਰੰਤਰ ਇਸਤੇਮਾਲ ਕਰਨਾ ਹੋਵੇਗਾ। ਇਹ ਗੱਲਾਂ ਕੋਈ ਸੱਚਾ ਗੁਰੂ ਹੀ ਸਿਖਾ ਸਕਦਾ ਹੈ ਪਰ ਉਨ੍ਹਾਂ ਗੱਲਾਂ ਨੂੰ ਸਾਨੂੰ ਹੀ ਆਤਮਸਾਤ ਕਰਨਾ ਹੋਵੇਗਾ। ਜੀਵਨ ’ਚ ਸਫਲਤਾ ਲਈ ਗੁਰੂ ਤੇ ਕਿਤਾਬ ਦਾ ਹੋਣਾ ਜ਼ਰੂਰੀ ਹੈ ਜੋ ਸਾਨੂੰ ਸੱਚਾ ਰਾਹ ਦਿਖਾਉਂਦੇ ਹਨ।

-ਨਰਪੇਂਦਰ ਅਭਿਸ਼ੇਕ ਨਰਪ।

Posted By: Sunil Thapa