ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਅਸੀਂ ਅਕਸਰ ਪੁਰਾਣੀਆਂ ਗੱਲਾਂ ਨੂੰ ਖ਼ਤਮ ਕਰ ਕੇ ਨਵੀਂ ਸ਼ੁਰੂਆਤ ਕਰਦੇ ਹਾਂ। ਮੰਨ ਲਓ ਕਿਸੇ ਦਿਨ ਜੇਕਰ ਦਹੀਂ ਖੱਟਾ ਹੋ ਜਾਵੇ ਅਤੇ ਉਸੇ ਖੱਟੇ ਦਹੀਂ ਨਾਲ ਅਗਲੇ ਦਿਨ ਦਾ ਦਹੀਂ ਜਮਾਓਗੇ ਤਾਂ ਉਹ ਵੀ ਖੱਟਾ ਹੋ ਜਾਵੇਗਾ।

ਇਹੀ ਲੜੀ ਜਾਰੀ ਰਹੀ ਤਾਂ ਅਸੀਂ ਜੀਵਨ ਭਰ ਖੱਟਾ ਦਹੀਂ ਹੀ ਖਾਵਾਂਗੇ। ਖੱਟੇ ਦਹੀਂ ਨੂੰ ਛੱਡਣਾ ਅਤੇ ਨਵੇਂ ਮਿੱਠੇ ਦਹੀਂ ਨਾਲ ਦਿਨ ਸ਼ੁਰੂ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਸਾਨੂੰ ਪੁਰਾਣੇ ਸੰਸਕਾਰ ਛੱਡਣੇ ਹੋਣਗੇ, ਪੁਰਾਣੀ ਸੋਚ ਛੱਡਣੀ ਹੋਵੇਗੀ, ਰਿਸ਼ਤਿਆਂ ਨੂੰ ਪਈਆਂ ਪੁਰਾਣੀਆਂ ਗੰਢਾਂ ਖੋਲ੍ਹਣੀਆਂ ਹੋਣਗੀਆਂ। ਤਦ ਹੀ ਨਵੀਆਂ ਖ਼ੁਸ਼ੀਆਂ ਮਿਲਣਗੀਆਂ। ਪਿਛਲੇ ਸਾਲ ਅਸੀਂ ਖ਼ੁਦ ਅਤੇ ਆਪਣਿਆਂ ਨੂੰ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਣਾ ਸਿੱਖ ਲਿਆ ਪਰ ਹੁਣ ਜ਼ਰੂਰੀ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਨਾਲ-ਨਾਲ ਅਸੀਂ ਆਪਣੇ ਮਨ ਦਾ ਵੀ ਖ਼ਿਆਲ ਰੱਖੀਏ।

ਇਸ ਦੇ ਲਈ, ਸਵੇਰੇ ਦਿਨ ਦੀ ਇਕ ਚੰਗੀ ਸ਼ੁਰੂਆਤ ਬਹੁਤ ਜ਼ਰੂਰੀ ਹੈ। ਇਕ ਛੋਟੀ ਜਿਹੀ ਆਦਤ ਬਣਾਓ ਕਿ ਸਵੇਰੇ ਉੱਠਦੇ ਹੀ ਆਪਣੇ ਫੋਨ ਵੱਲ ਨਹੀਂ ਦੇਖੋਗੇ। ਸਵੇਰ ਦਾ ਸਮਾਂ ਪਰਮਾਤਮਾ ਦੇ ਚਿੰਤਨ ਨਾਲ ਹਾਂ-ਪੱਖੀ ਸ਼ਕਤੀਆਂ ਨੂੰ ਮਨ ਵਿਚ ਭਰਨ ਦਾ ਹੈ। ਸਵੇਰ ਦਾ ਸਮਾਂ ਅੰਦਰੂਨੀ ਸ਼ਕਤੀਆਂ ਨੂੰ ਜਾਗਰਿਤ ਕਰਨ ਦਾ ਹੈ। ਸਾਡਾ ਪਹਿਲਾ ਸੰਕਲਪ ਸ਼ੁਕਰੀਆ ਅਦਾ ਕਰਨ ਦਾ ਹੋਣਾ ਚਾਹੀਦਾ ਹੈ। ਮਨ ਨੂੰ ਸ਼ਿਕਾਇਤ ਵਾਲੀ ਆਦਤ ਤੋਂ ਹਟਾ ਕੇ ਸ਼ੁਕਰੀਆ ਅਦਾ ਕਰਨ ਵਾਲੀ ਆਦਤ ਵੱਲ ਲੈ ਕੇ ਜਾਓ।

ਪਹਿਲਾ ਸੰਕਲਪ, ਸਵੇਰੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੋ, ਆਪਣੇ ਤਨ ਅਤੇ ਮਨ ਦਾ ਸ਼ੁਕਰੀਆ ਕਰੋ, ਆਪਣੇ ਪਰਿਵਾਰ, ਕੁਦਰਤ ਦਾ ਸ਼ੁਕਰੀਆ ਅਦਾ ਕਰੋ। ਉਸ ਤੋਂ ਬਾਅਦ ਤੁਹਾਨੂੰ ਕੁਝ ਦਿ੍ਰੜ੍ਹ ਸੰਕਲਪ ਲੈਣੇ ਹੋਣਗੇ। ਜੋ ਦੁਨੀਆ ਵਿਚ ਹੋ ਰਿਹਾ ਹੈ, ਉਸ ’ਤੇ ਸੋਚਣ ਦੀ ਥਾਂ ਅਸੀਂ ਜੋ ਦੁਨੀਆ ਵਿਚ ਹੁੰਦਾ ਹੋਇਆ ਦੇਖਣਾ ਚਾਹੁੰਦੇ ਹਾਂ, ਉਸ ’ਤੇ ਸੋਚੋ। ਰੱਬ ਨੂੰ ਧਿਆਨ ਵਿਚ ਰੱਖ ਕੇ ਲਏ ਗਏ ਸਾਡੇ ਸੰਕਲਪ ਹਕੀਕਤ ਬਣ ਜਾਂਦੇ ਹਨ। ਤੁਸੀਂ ਸੰਕਲਪ ਕਰ ਸਕਦੇ ਹੋ ਕਿ ਮੈਂ ਸ਼ਕਤੀਸ਼ਾਲੀ ਬਣਾਂ।

ਮਤਲਬ, ਮੇਰਾ ਮਨ ਹਾਲਾਤ, ਲੋਕਾਂ ਦੇ ਵਤੀਰੇ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ਦੁਖੀ ਨਾ ਹੋਵੇ। ਮੈਂ ਸ਼ਾਂਤ ਰਹਾਂ। ਮੈਂ ਨਿਡਰ ਰਹਾਂ। ਮੇਰਾ ਸਰੀਰ ਸਿਹਤਮੰਦ ਤੇ ਨਿਰੋਗੀ ਹੈ ਅਤੇ ਅਜਿਹਾ ਹਮੇਸ਼ਾ ਰਹੇਗਾ। ਇਹ ਨਾ ਸੋਚੋ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ? ਸੋਚੋ ਕਿ ਪਰਮਾਤਮਾ ਦੀਆਂ ਸ਼ਕਤੀਆਂ ਚੁਫੇਰੇ ਮੇਰੀ ਢਾਲ ਬਣੀਆਂ ਹੋਈਆਂ ਹਨ। -ਬ੍ਰਹਮਾ ਕੁਮਾਰੀ ਸ਼ਿਵਾਨੀ।

Posted By: Jagjit Singh