Nirjala Ekadashi Vrat 2022 : ਸ਼ਾਮ ਸਹਿਗਲ, ਜਲੰਧਰ : ਬੇਸ਼ੱਕ ਨਿਰਜਲਾ ਇਕਾਦਸ਼ੀ ਵਰਤ ਵਾਲੇ ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਦਿਨ ਭਰ ਨਿਰਜਲ ਤੇ ਨਿਰਾਹਾਰ ਰਹਿੰਦੇ ਹਨ, ਬਾਵਜੂਦ ਇਸ ਦੇ ਉਨ੍ਹਾਂ ਨੂੰ ਨਿਰਜਲਾ ਇਕਾਦਸ਼ੀ ਦਾ ਇੰਤਜ਼ਾਰ ਸਾਲ ਭਰ ਰਹਿੰਦਾ ਹੈ। ਕਾਰਨ, ਸਨਾਤਨ ਧਰਮ ਮੁਤਾਬਕ ਸਾਲ ਭਰ 'ਚ ਆਉਣ ਵਾਲੀਆਂ 24 ਇਕਾਦਸ਼ੀਆਂ 'ਚ ਨਿਰਜਲਾ ਇਕਾਦਸ਼ੀ ਦਾ ਵਰਤ ਸਭ ਤੋਂ ਜ਼ਿਆਦਾ ਫਲ਼ਦਾਈ ਹੈ। ਸ਼੍ਰੀ ਹਰਿ ਦਰਸ਼ਨ ਮੰਦਰ ਅਸ਼ੋਕ ਨਗਰ ਦੇ ਪ੍ਰਮੁੱਖ ਪੁਜਾਰੀ ਪੰਡਿਤ ਪ੍ਰਮੋਦ ਸ਼ਾਸਤਰੀ ਨੇ ਦੱਸਿਆ ਕਿ ਭਿਆਨਕ ਗਰਮੀ ਦੌਰਾਨ ਦਿਨਭਰ ਨਿਰਜਲ ਤੇ ਨਿਰਾਹਾਰ ਰਹਿ ਕੇ ਪ੍ਰਭੂ ਭਗਤੀ ਦਾ ਫਲ਼਼ ਪਰਮਾਤਮਾ ਜ਼ਰੂਰ ਦਿੰਦਾ ਹੈ।

ਅਸਲ ਵਿਚ ਪ੍ਰਤੀਕੂਲ ਹਾਲਾਤ 'ਚ ਰਹਿ ਕੇ ਕੀਤੀ ਜਾਂਦੀ ਭਗਤੀ 'ਚ ਅਪਾਰ ਸ਼ਕਤੀ ਹੁੰਦੀ ਹੈ। ਇਹੀ ਕਾਰਨ ਹੈ ਕਿ ਦੇਵੀ-ਦੇਵਤਿਆਂ ਅਤੇ ਰਿਸ਼ੀਆਂ-ਮੁਨੀਆ ਜੰਗਲਾਂ ਜਾਂ ਫਿਰ ਪਹਾੜਾਂ 'ਚ ਜਾ ਕੇ ਭਗਤੀ ਤੇ ਤਪੱਸਿਆ ਕਰਦੇ ਸਨ। ਇਹੀ ਹਾਲਤ ਕਲਯੁੱਗ 'ਚ ਵੀ ਹੈ। ਗਰਮੀ ਦੇ ਸੀਜ਼ਨ 'ਚ ਦਿਨ ਭਰ ਭੁੱਖੇ-ਪਿਆਸੇ ਰਹਿ ਕੇ ਕੀਤੀ ਜਾਂਦੀ ਪੂਜਾ ਵੀ ਤਪੱਸਿਆ ਦੇ ਸਮਾਨ ਹੀ ਹੈ। ਉਨ੍ਹਾਂ ਕਿਹਾ ਕਿ ਮਹਾਬਲੀ ਭੀਮ ਨੇ ਵੀ ਨਿਰਜਲਾ ਇਕਾਦਸ਼ੀ ਵਰਤ ਰੱਖਿਆ ਸੀ ਇਸ ਤੋਂ ਬਾਅਦ ਇਸ ਨੂੰ ਭੀਮਸੇਣ ਇਕਾਦਸ਼ੀ ਵੀ ਕਿਹਾ ਜਾਂਦਾ ਹੈ।

10 ਜੂਨ ਨੂੰ ਰੱਖੋ ਨਿਰਜਲਾ ਇਕਾਦਸ਼ੀ ਦਾ ਵਰਤ

ਪੰਡਿਤ ਪ੍ਰਮੋਦ ਸ਼ਾਸਤਰੀ ਮੁਤਾਬਕ ਇਸ ਵਾਰ ਬੇਸ਼ੱਕ ਜੇਠ ਸ਼ੁਕਲ ਇਕਾਦਸ਼ੀ ਦੀ ਤਿਥੀ 11 ਜੂਨ ਨੂੰ ਸ਼ਾਮ 5.44 ਵਜੇ ਤਕ ਰਹੇਗੀ, ਬਾਵਜੂਦ ਇਸ ਦੇ ਨਿਰਜਲਾ ਇਕਾਦਸ਼ੀ ਦਾ ਵਰਤ 10 ਜੂਨ ਨੂੰ ਹੀ ਰੱਖਿਆ ਜਾਵੇਗਾ। ਕਾਰਨ, ਇਸ ਦੀ ਸ਼ੁਰੂਆਤ 10 ਜੂਨ ਨੂੰ ਸਵੇਰੇ 7.25 ਵਜੇ ਤੋਂ ਸ਼ੁਰੂ ਹੋ ਜਾਵੇਗੀ। ਅਜਿਹੇ ਵਿਚ ਨਿਰਜਲਾ ਇਕਾਦਸ਼ੀ ਵਰਤ ਦੀ ਸਮਾਪਤੀ 10 ਜੂਨ ਨੂੰ ਹੀ ਕੀਤੀ ਜਾਵੇਗੀ।

ਭਗਵਾਨ ਵਿਸ਼ਨੂੰ ਦੀ ਕਰੋ ਉਪਾਸਨਾ

ਇਸ ਬਾਰੇ ਪੰਡਿਤ ਦੇਵੇਂਦਰ ਕੁਮਾਰ ਸ਼ੁਕਲਾ ਨੇ ਕਿਹਾ ਕਿ ਨਿਰਜਲਾ ਇਕਾਦਸ਼ੀ ਦਾ ਵਰਤ ਰੱਖਣ ਦੌਰਾਨ ਭਗਵਾਨ ਵਿਸ਼ਨੂੰ ਦੀ ਉਪਾਸਨਾ ਕਰਨੀ ਚਾਹੀਦੀ ਹੈ। ਇਸ ਨਾਲ ਮਾਂ ਮਹਾਲਕਸ਼ਮੀ ਵੀ ਪ੍ਰਸੰਨ ਹੁੰਦੇ ਤੇ ਇਨਸਾਨ ਦੇ ਜੀਵਨ 'ਚ ਉੱਨਤੀ ਤੇ ਖੁਸ਼ਹਾਲੀ ਆਉਂਦੀ ਹੈ। ਇਸ ਵਰਤ ਦੌਰਾਨ ਧਰਮ, ਕਰਮ ਦੇ ਨਾਲ ਹੀ ਜਲ ਤੇ ਫਲ਼ ਦਾ ਦਾਨ ਜ਼ਰੂਰ ਕਰਨਾ ਚਾਹੀਦਾ। ਗਰਮੀ ਦੌਰਾਨ ਕਿਸੇ ਇਨਸਾਨ ਨੂੰ ਜਲ ਗ੍ਰਹਿਣ ਕਰਵਾਉਣ ਨਾਲ ਉਸ ਦੇ ਤਨ ਤੇ ਆਤਮਾ ਨੂੰ ਵੀ ਸ਼ਾਂਤੀ ਪ੍ਰਾਪਤ ਹੁੰਦੀ ਹੈ।

Posted By: Seema Anand