Nirjala Ekadashi 2021 : ਨਿਰਜਲਾ ਏਕਾਦਸ਼ੀ ਦਾ ਹਿੰਦੂ ਧਰਮ ਵਿਚ ਵਿਸ਼ੇਸ਼ ਮਹੱਤਵ ਹੈ। ਜਿਵੇਂ ਕਿ ਨਿਰਜਲਾ ਏਕਾਦਸ਼ੀ ਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਵਰਤ ਨੂੰ ਕਰਦੇ ਸਮੇਂ ਇਕ ਬੂੰਦ ਵੀ ਪਾਣੀ ਨਹੀਂ ਪੀਣਾ। ਹਰ ਸਾਲ ਨਿਰਜਲਾ ਏਕਾਦਸ਼ੀ ਦਾ ਵਰਤ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਿਥੀ ਨੂੰ ਰੱਖਿਆ ਜਾਂਦਾ ਹੈ। ਸਾਲ 2021 'ਚ ਇਹ ਤਿਥੀ 20 ਜੂਨ ਨੂੰ ਸ਼ਾਮ 4.21 ਵਜੇ ਤੋਂ ਸ਼ੁਰੂ ਹੋਵੇਗੀ ਤੇ ਇਸ ਦੀ ਸਮਾਪਤੀ 21 ਜੂਨ ਨੂੰ ਦੁਪਹਿਰੇ 1:31 ਵਜੇ ਹੋਵੇਗੀ।

ਹਿੰਦੂ ਪੰਚਾਂਗ ਮੁਤਾਬਕ ਉਦੈ ਤਿਥੀ 'ਚ ਨਿਰਜਲਾ ਏਕਾਦਸ਼ੀ ਦਾ ਵਰਤ 21 ਜੂਨ ਨੂੰ ਰੱਖਿਆ ਜਾਵੇਗਾ। ਉੱਥੇ ਹੀ ਵਰਤ ਦਾ ਪਾਰਣ 22 ਜੂਨ ਨੂੰ ਕੀਤਾ ਜਾਵੇਗਾ। ਪਾਣੀ ਨਾ ਪੀਣ ਕਾਰਨ ਇਹ ਵਰਤ ਕਾਫੀ ਮੁਸ਼ਕਲ ਮੰਨਿਆ ਜਾਂਦਾ ਹੈ। ਨਿਰਜਲਾ ਏਕਾਦਸ਼ੀ ਦਾ ਵਰਤ ਰੱਖਣ ਵਾਲੇ ਜਾਤਕ ਨੂੰ ਇਕ ਦਿਨ ਪਹਿਲਾਂ ਹੀ ਅੰਨ ਤਿਆਗ ਦੇਣਾ ਚਾਹੀਦਾ ਹੈ। ਵਰਤ ਤੋਂ ਇਕ ਦਿਨ ਪਹਿਲਾਂ ਵੀ ਸਿਰਫ਼ ਸਾਤਵਿਕ ਭੋਜਨ ਕਰਨਾ ਚਾਹੀਦਾ ਹੈ।

ਨਿਰਜਲਾ ਏਕਾਦਸ਼ੀ ਦਾ ਧਾਰਮਿਕ ਮਹੱਤਵ

ਪੌਰਾਣਿਕ ਮਾਨਤਾਵਾਂ ਅਨੁਸਾਰ ਜੀਵਨ 'ਚ ਮਨੁੱਖ ਨੂੰ ਨਿਰਜਲਾ ਏਕਾਦਸ਼ੀ ਦਾ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਵਰਤ ਨੂੰ ਪਾਂਡਵ ਏਕਾਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸੇ ਵਰਤ ਦੀ ਪਾਲਣਾ ਮਹਾਭਾਰਤ ਕਾਲ 'ਚ ਭੀਮ ਨੇ ਵੀ ਕੀਤੀ ਸੀ ਜਿਸ ਦੇ ਫਲ਼ਸਰੂਪ ਸਵਰਗਲੋਕ ਦੀ ਪ੍ਰਾਪਤੀ ਹੋਈ ਸੀ। ਨਿਰਜਲਾ ਏਕਾਦਸ਼ੀ ਵਰਤ ਨੂੰ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ। ਏਕਾਦਸ਼ੀ ਦੇ ਵਰਤ 'ਚ ਭਗਵਾਨ ਵਿਸ਼ਨੂੰ ਦੀ ਪੂਜਾ ਪੂਰੇ ਵਿਧੀ-ਵਿਧਾਨ ਦੇ ਨਾਲ ਕੀਤੀ ਜਾਂਦੀ ਹੈ।

ਸਾਲ ਦੀਆਂ ਸਾਰੀਆਂ ਏਕਾਦਸ਼ੀ ਦਾ ਫਲ਼ ਨਿਰਜਲਾ ਏਕਾਦਸ਼ੀ 'ਚ

ਅਜਿਹਾ ਮੰਨਿਆ ਜਾਂਦਾ ਹੈ ਕਿ ਨਿਰਜਲਾ ਏਕਾਦਸ਼ੀ ਵਰਤ ਕਾਫੀ ਮੁਸ਼ਕਲ ਹੋਣ ਕਾਰਨ ਇਸ ਵਿਚ ਸਾਲ ਦੀਆਂ ਸਾਰੀਆਂ ਏਕਾਦਸ਼ੀ ਵਰਤ ਦਾ ਫਲ ਵੀ ਸ਼ਾਮਲ ਹੁੰਦਾ ਹੈ। ਹਿੰਦੀ ਪੰਚਾਂਗ ਅਨੁਸਾਰ ਇਕ ਮਹੀਨੇ ਵਿਚ ਦੋ ਵਾਰ ਏਕਾਦਸ਼ੀ ਦੀ ਤਿਥੀ ਆਉਂਦੀ ਹੈ, ਇਸ ਲਈ ਸਾਲ ਵਿਚ ਕੁੱਲ ਮਿਲਾ ਕੇ 24 ਏਕਾਦਸ਼ੀ ਪੈਂਦੀਆਂ ਹਨ। ਇਸ ਵਿਚ ਨਿਰਜਲਾ ਏਕਾਦਸ਼ੀ ਦਾ ਵਰਤ ਕਰ ਲੈਣ ਨਾਲ ਸਾਰੀਆਂ ਏਕਾਦਸ਼ੀ ਦਾ ਫਲ਼ ਮਿਲ ਜਾਂਦਾ ਹੈ। ਜਾਤਕ ਨੂੰ ਸਵੇਰ ਤੋਂ ਇਸ਼ਨਾਨ ਆਦਿ ਨਿਤਕਰਮ ਤੋਂ ਬਾਅਦ ਵਿਧੀ ਵਿਧਾਨ ਨਾਲ ਭਗਵਾਨ ਵਿਸ਼ਨੂੰ ਦੀ ਪੂਜਾ ਕਰਨੀ ਚਾਹੀਦੀ ਹੈ। ਵਰਤ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦਾਨ-ਪੁੰਨ ਜ਼ਰੂਰੀ ਕਰਨਾ ਚਾਹੀਦਾ ਹੈ।

Posted By: Seema Anand