ਕੋਰੋਨਾ ਵਾਇਰਸ ਦੇ ਅੱਗੇ ਮਨੁੱਖ ਦੀ ਲਾਚਾਰੀ ਦੇਖ ਕੇ ਇਹ ਗੱਲ ਬਿਲਕੁਲ ਸੱਚ ਸਾਬਿਤ ਹੋ ਰਹੀ ਹੈ ਕਿ ਉਹ ਜਿੰਨਾ ਮਰਜ਼ੀ ਵਿਕਾਸ ਕਰ ਲਵੇ, ਕੁਦਰਤ ਤੋਂ ਪਾਰ ਨਹੀਂ ਪਾ ਸਕਦਾ। ਅਸੀਂ ਅਖੌਤੀ ਵਿਕਾਸ ਖ਼ਾਤਰ ਕੁਦਰਤ ਦੇ ਅਨਮੋਲ ਵਸੀਲਿਆਂ ਨੂੰ ਤਬਾਹ ਕੀਤਾ ਹੈ। ਵੱਡੇ-ਵੱਡੇ ਫਲਾਈਓਵਰ ਤੇ ਚੌੜੀਆਂ ਸੜਕਾਂ ਅੱਜ ਜ਼ਰੂਰ ਵਿਕਾਸ ਦੀ ਤਸਵੀਰ ਪੇਸ਼ ਕਰਦੀਆਂ ਹਨ ਪਰ ਇਸ ਵਿਕਾਸ ਕਾਰਨ ਕੁਦਰਤੀ ਸੋਮਿਆਂ, ਪੇੜ-ਪੌਦਿਆਂ ਦਾ ਬੇਹੱਦ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦਾ ਸਹੀ ਅੰਦਾਜ਼ਾ ਵੀ ਨਹੀਂ ਲਗਾਇਆ ਸਕਦਾ। ਨਾ ਹੀ ਭਵਿੱਖ ਵਿਚ ਇਸ ਦੀ ਜਲਦੀ ਭਰਪਾਈ ਹੋ ਸਕਦੀ ਹੈ। ਕੁਝ ਸਾਲ ਪਹਿਲਾਂ ਤਕ ਸੜਕਾਂ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਫਲਦਾਰ ਤੇ ਹੋਰ ਰੁੱਖ ਹੁੰਦੇ ਸਨ ਜੋ ਹੁਣ ਵਿਕਾਸ ਦੀ ਭੇਟ ਚੜ੍ਹ ਚੁੱਕੇ ਹਨ। ਫੈਕਟਰੀਆਂ ਤੇ ਗੱਡੀਆਂ 'ਚੋਂ ਨਿਕਲਦੇ ਜ਼ਹਿਰੀਲੇ ਧੂੰਏਂ ਨੇ ਹਵਾ ਵਿਚ ਆਕਸੀਜਨ ਦੀ ਮਾਤਰਾ ਕਾਫ਼ੀ ਹੱਦ ਤਕ ਘਟਾ ਦਿੱਤੀ ਹੈ। ਫੈਕਟਰੀਆਂ ਦੇ ਜ਼ਹਿਰੀਲੇ ਕੈਮੀਕਲ ਵਾਲੇ ਪਾਣੀ ਨੂੰ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ। ਇਕ-ਦੂਜੇ ਤੋਂ ਅੱਗੇ ਲੰਘਣ ਦੀ ਅੰਨ੍ਹੀ ਦੌੜ ਨੇ ਬੰਦੇ ਨੂੰ ਇੰਨਾ ਪਦਾਰਥਵਾਦੀ ਬਣਾ ਦਿੱਤਾ ਹੈ ਕਿ ਉਹ ਰਿਸ਼ਤੇਦਾਰਾਂ ਤੋਂ ਵੀ ਬੇਮੁੱਖ ਹੋ ਗਿਆ।ਹੈ। ਅੱਜ ਜਦ ਉਹ ਕੋਰੋਨਾ ਵਾਇਰਸ ਦੇ ਖ਼ੌਫ਼ ਕਾਰਨ ਘਰ ਦੀ ਚਾਰਦੀਵਾਰੀ ਵਿਚ ਕੈਦ ਹੋ ਕੇ ਰਹਿ ਗਿਆ ਹੈ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਗਿਆ ਹੋਵੇਗਾ ਕਿ ਉਸ ਤੋਂ ਵੱਡੀ ਤਾਕਤ ਵੀ ਕੋਈ ਹੈ ਜੋ ਬ੍ਰਹਿਮੰਡ ਨੂੰ ਚਲਾ ਰਹੀ ਹੈ। ਇਨਸਾਨ ਕੁਦਰਤ ਦੇ ਨਾਲ-ਨਾਲ ਸਾਰੇ ਜੀਵ-ਜੰਤੂਆਂ ਲਈ ਵੀ ਖ਼ਤਰਾ ਬਣਿਆ ਰਿਹਾ ਹੈ। ਕੁਦਰਤ ਨਾਲ ਛੇੜਛਾੜ ਦੇ ਉਸ ਨੂੰ ਸਮੇਂ-ਸਮੇਂ ਖ਼ਤਰਨਾਕ ਅੰਜਾਮ ਵੀ ਭੁਗਤਣੇ ਪਏ ਹਨ। ਫਿਰ ਵੀ ਉਹ ਸਬਕ ਨਹੀਂ ਸਿੱਖਦਾ। ਉਂਜ ਕੋਰੋਨਾ ਉਸ ਦੀ ਆਪੇ ਸਹੇੜੀ ਮੁਸੀਬਤ ਹੈ। ਕਿਹਾ ਜਾਂਦਾ ਹੈ ਕਿ ਇਹ ਚੀਨ ਦੇ ਵੁਹਾਨ ਵਿਚ ਮੀਟ ਦੇ ਬਾਜ਼ਾਰ ਵਿਚੋਂ ਮਨੁੱਖਾਂ ਵਿਚ ਫੈਲਿਆ ਹੈ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਕੋਰੋਨਾ ਚੀਨ ਵੱਲੋਂ ਜੈਵਿਕ ਹਥਿਆਰਾਂ ਨੂੰ ਬਣਾਉਂਦੇ ਸਮੇਂ ਲੀਕ ਹੋਏ ਕਣਾਂ ਦਾ ਨਤੀਜਾ ਹੈ। ਜਦਕਿ ਚੀਨ ਅਮਰੀਕਾ 'ਤੇ ਇਸ ਨੂੰ ਫੈਲਾਉਣ ਦਾ ਦੋਸ਼ ਲਗਾ ਰਿਹਾ ਹੈ। ਕੁਝ ਵੀ ਹੋਵੇ, ਕੋਰੋਨਾ ਵਾਇਰਸ ਨੇ ਬਾਹੂਬਲੀ ਮਨੁੱਖ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਪੌਣ-ਪਾਣੀ ਸਾਫ਼-ਸੁਥਰੇ ਹੋ ਗਏ ਹਨ। ਮਨੁੱਖ ਦੀਆਂ ਗ਼ਲਤੀਆਂ ਕਾਰਨ ਸੰਤਾਪ ਭੋਗ ਰਹੇ ਪਸ਼ੂ-ਪੰਛੀ ਅੱਜ ਹਕੀਕੀ ਰੂਪ ਵਿਚ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ। -ਨਵਦੀਪ ਸਿੰਘ ਭਾਟੀਆ। (98767-29056)

Posted By: Jagjit Singh