ਭਗਤ ਨਾਮਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਪਗ 200 ਸਾਲ ਪਹਿਲਾਂ ਹੋਏ ਹਨ। ਉਸ ਸਮੇਂ ਹਿੰਦੂ ਤੇ ਇਸਲਾਮ ਧਰਮ ਪ੍ਰਚਲਿਤ ਸਨ। ਜਾਤ-ਪਾਤ ਦਾ ਬੋਲਬਾਲਾ ਸੀ। ਆਪਣੇ ਆਪ ਨੂੰ ਉੱਚੀ ਕੁਲ ਦਾ ਸਮਝਣ ਵਾਲਾ ਵਰਗ ਨੀਵੀਂ ਜਾਤ ਸਦਾਉਣ ਵਾਲਿਆਂ ਨੂੰ ਤਿ੍ਰਸਕਾਰ ਦੀ ਨਜ਼ਰ ਨਾਲ ਵੇਖਦਾ ਸੀ ਤੇ ਉਨ੍ਹਾਂ ਨਾਲ ਅਤਿ ਘਿਨਾਉਣਾ ਵਿਵਹਾਰ ਕੀਤਾ ਜਾਂਦਾ ਸੀ। ਉੱਚੀ ਜਾਤ ਵਾਲਿਆਂ ਨੇ ਧਾਰਮਿਕ ਅਸਥਾਨਾਂ ’ਤੇ ਕਬਜ਼ੇ ਕੀਤੇ ਹੋਏ ਸਨ। ਜਾਤ-ਪਾਤ ਦੇ ਖ਼ਾਤਮੇ ਲਈ ਅਜਿਹੀ ਸਖ਼ਸ਼ੀਅਤ ਦੀ ਲੋੜ ਸੀ ਜੋ ਸਮਾਜ ਨੂੰ ਸਹੀ ਮਾਰਗ ਵਿਖਾ ਕੇ ਲੋਕਾਈ ਦਾ ਭਲਾ ਕਰ ਸਕੇ। ਭਗਤ ਨਾਮਦੇਵ ਜੀ ਨੇ ਸੰਦੇਸ਼ ਦਿੱਤਾ ਕਿ ਕੋਈ ਵੀ ਮਨੁੱਖ ਉੱਚ ਘਰਾਣੇ ’ਚ ਜਨਮ ਲੈਣ ਨਾਲ ਵੱਡਾ ਨਹੀਂ ਹੁੰਦਾ ਸਗੋਂ ਆਪਣੇ ਕੰਮਾਂ ਕਾਰਨ ਵੱਡਾ-ਛੋਟਾ ਹੁੰਦਾ ਹੈ। ਉਨ੍ਹਾਂ ਨੇ ਜਾਤ-ਪਾਤ, ਊਚ-ਨੀਚ ਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ ਤੇ ਇਨਸਾਨ ਨੂੰ ਨਾਮ ਸਿਮਰਨ ਕਰ ਕੇ ਉੱਚੇ-ਸੁੱਚੇ ਗੁਣਾਂ ਦਾ ਧਾਰਨੀ ਹੋਣ ਦਾ ਸੁਨੇਹਾ ਦਿੱਤਾ। ਉਨ੍ਹਾਂ ਮਨ ਦੀ ਸ਼ੱੁਧਤਾ ’ਤੇ ਜ਼ੋਰ ਦਿੱਤਾ ਕਿ ਜਦ ਤਕ ਇਨਸਾਨ ਦਾ ਮਨ ਸੁਥਰਾ ਨਹੀਂ ਹੋ ਜਾਂਦਾ ਤਦ ਤਕ ਨਾਮ ਸਿਮਰਨ ਦਾ ਵੀ ਕੋਈ ਲਾਭ ਨਹੀਂ। ਇਹ ਵਿਚਾਰ ਕਰਮ ਕਾਂਡ ਪ੍ਰਧਾਨ ਉਸ ਯੁੱਗ ’ਚ ਭਗਤ ਜੀ ਦੇ ਬੁਲੰਦ ਹੌਸਲੇ ਤੇ ਜ਼ੁਰਅਤ ਦੇ ਪ੍ਰਤੀਕ ਹਨ।

ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਨਗਰ ਕਰਹਟ ਨੇੜਲੇ ਪਿੰਡ ਨਰਸੀ ਬਾਮਨੀ ਵਿਖੇ 1270 ਈਸਵੀ ਨੂੰ ਪਿਤਾ ਦਾਮਸ਼ੇਟੀ (ਦਾਮਸੇਠ) ਤੇ ਮਾਤਾ ਗੋਨਾਬਾਈ ਜੀ ਦੇ ਗ੍ਰਹਿ ਵਿਖੇ ਹੋਇਆ। ਇਹ ਪਿੰਡ ਕਿ੍ਰਸ਼ਨਾ ਨਦੀ ਕੰਢੇ ਵੱਸਿਆ ਹੈ। ਆਪ ਦੇ ਮਾਤਾ-ਪਿਤਾ ਕੱਪੜਾ ਰੰਗਣ ਤੇ ਸਿਉਂਣ ਦਾ ਕੰਮ ਕਰਦੇ ਸਨ। ਭਗਤ ਜੀ ਵੀ ਪਿਤਾ ਪੁਰਖੀ ਕਿੱਤਾ ਕਰਨ ਲੱਗੇ। ਕਿਰਤ ਕਰਦਿਆਂ ਉਹ ਮਨ ਨੂੰ ਪ੍ਰਭੂ-ਭਗਤੀ ’ਚ ਜੋੜੀ ਰੱਖਦੇ। ਇਹ ਵੇਖ ਕੇ ਇਕ ਦਿਨ ਭਗਤ ਤਿ੍ਰਲੋਚਨ ਜੀ ਨੇ ਆਖਿਆ, ‘‘ਸਾਰਾ ਦਿਨ ਤੁਸੀਂ ਸੰਸਾਰਕ ਧੰਦਾ ਕਰਦੇ ਹੋ, ਪ੍ਰਭੂ ਭਗਤੀ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਹੈ। ਤੁਸੀਂ ਭਗਤ ਘੱਟ, ਕਬੀਲਦਾਰ ਜ਼ਿਆਦਾ ਲਗਦੇ ਹੋ। ਤੁਸੀ ਮਾਇਆ ਦੇ ਜਾਲ ’ਚ ਫਸੇ ਹੋ।’’ ਆਪ ਨੇ ਉੱਤਰ ਦਿੱਤਾ, ‘‘ਸੰਸਾਰਕ ਕਾਰ-ਵਿਹਾਰ ਕਰਦਿਆਂ ਪ੍ਰਭੂ-ਭਗਤੀ ’ਚ ਕੋਈ ਵਿਘਨ ਨਹੀਂ ਪੈਂਦਾ। ਗ੍ਰਹਿਸਥ ਜੀਵਨ ਗੁਜ਼ਾਰਦਿਆਂ ਸੱਚੀ-ਸੁੱਚੀ ਕਿਰਤ ਕਰਨੀ ਹੀ ਅਸਲ ਭਗਤੀ ਹੈ। ਭਗਤੀ ਸਰੀਰ ਨਾਲ ਨਹੀਂ ਮਨ ਨਾਲ ਕੀਤੀ ਜਾਂਦੀ ਹੈ। ਹੱਥਾਂ-ਪੈਰਾਂ ਨਾਲ ਕੰਮਕਾਜ ਕਰਦਾ ਹਾਂ ਤੇ ਮੁੱਖ ਤੋਂ ਨਾਮ ਜਪਦਾ ਹਾਂ, ਮੇਰੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ।’’

ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੇ ਸੰਸਾਰ ਲਈ ਹਨ। ਭਗਤ ਨਾਮਦੇਵ ਜੀ ਨੇ ਛੀਂਬਾ (ਛੀਪਾ) ਜਾਤੀ ’ਚ ਜਨਮ ਲਿਆ ਤੇ ਆਪਣੇ ਜੀਵਨ ਦੌਰਾਨ ਭਾਰਤੀ ਸਮਾਜ ’ਚ ਜਾਤ-ਪਾਤ ਦੇ ਅਸਰ ਨੂੰ ਘਟਾਉਣ ’ਚ ਭਰਪੂਰ ਯੌਗਦਾਨ ਪਾਇਆ। ਪ੍ਰਭੂ ਭਗਤੀ ਤੇ ਨਾਮ ਸਿਮਰਨ ਨੇ ਨਾਮਦੇਵ ਜੀ ਨੂੰ ‘ਭਗਤ’ ਦੀ ਪਦਵੀ ਤਕ ਪਹੁੰਚਾ ਦਿੱਤਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮਦੇਵ ਜੀ ਰਚਿਤ 61 ਸ਼ਬਦਾਂ ਨੂੰ 18 ਰਾਗਾਂ ’ਚ ਦਰਜ ਕੀਤਾ। ਇਨ੍ਹਾਂ ਸ਼ਬਦਾਂ ਵਿਚ ਭਗਤ ਜੀ ਨੇ ਸਮੱੁਚੇ ਜੀਵਨ ਦੇ ਮਾਨਵਵਾਦੀ ਫਲਾਸਫ਼ੇ ਨੂੰ ਬਿਆਨ ਕੀਤਾ ਹੈ। ਆਪ ਨੇ ਪ੍ਰਭੂ ਦਾ ਸਿਮਰਨ ਕਰ ਕੇ ‘ਭਗਤ’ ਦੀ ਉੱਚੀ ਉਪਾਧੀ ਪ੍ਰਾਪਤ ਕੀਤੀ - ‘‘ਨਾਮਦੇਇ ਸਿਮਰਨੁ ਕਰਿ ਜਾਨਾਂ॥ ਜਗਜੀਵਨ ਸਿਉ ਜੀਉ ਸਮਾਨਾਂ॥’’

ਆਪ ਜੀ ਨੇ ਮਰਾਠੀ ਭਾਸ਼ਾ ਵਿਚ 2500 ਦੇ ਲਗਪਗ ‘ਅਭੰਗਾਂ’ ਅਤੇ ਹਿੰਦੀ ਭਾਸ਼ਾ ’ਚ 250 ‘ਪਦਿਆਂ’ ਦੀ ਰਚਨਾ ਕੀਤੀ। ਭਗਤ ਜੀ ਦੀ ਸਮੁੱਚੀ ਬਾਣੀ ’ਚ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਵਰਨਣ ਹੈ। ਛੋਟੀ ਉਮਰ ਵਿਚ ਹੀ ਭਗਤ ਨਾਮਦੇਵ ਜੀ ਨੂੰ ਬ੍ਰਾਹਮਣਾਂ, ਪੁਜਾਰੀਆਂ ਤੇ ਹੁਕਮਰਾਨਾਂ ਦਾ ਭਾਰੀ ਵਿਰੋਧ ਬਰਦਾਸ਼ਤ ਕਰਨਾ ਪਿਆ ਪਰ ਉਨ੍ਹਾਂ ਨੇ ਇਸ ਅਨਿਆਂ ਤੇ ਧੱਕੇਸਾਹੀ ਦਾ ਡਟਵਾਂ ਵਿਰੋਧ ਕੀਤਾ। ਉਨ੍ਹਾਂ ਨੇ ਮਿਹਨਤਕਸ਼ਾਂ ਤੇ ਕਿਰਤੀਆਂ ਦੇ ਹੱਕ ’ਚ ਕ੍ਰਾਂਤੀਕਾਰੀ ਭਾਵਨਾ ਦਾ ਪ੍ਰਤੱਖ ਪ੍ਰਗਟਾਵਾ ਕੀਤਾ। ਭਗਤ ਨਾਮਦੇਵ ਜੀ ਦੇ ਵੱਧ ਰਹੇ ਸਤਿਕਾਰ ਨੂੰ ਈਰਖਾਲੂ ਲੋਕਾਂ ਲਈ ਬਰਦਾਸ਼ਤ ਕਰਨਾ ਔਖਾ ਹੋ ਗਿਆ। ਉਨ੍ਹਾਂ ਨੇ ਭਗਤ ਜੀ ਦਾ ਬਹੁਤ ਵਾਰ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।

ਭਗਤ ਨਾਮਦੇਵ ਜੀ ਨੇ ਜ਼ਿੰਦਗੀ ਦੇ ਅਖ਼ੀਰਲੇ 18 ਸਾਲ ਮਹਾਰਸ਼ਟਰ ਤੋਂ ਪੰਜਾਬ ਦੇ ਪਿੰਡ ਘੁਮਾਣ (ਗੁਰਦਾਸਪੁਰ) ਵਿਖੇ ਰਹਿ ਕੇ ਨਾਮ-ਸਿਮਰਨ ਤੇ ਕਿਰਤ ਕਰਨ ’ਚ ਬਤੀਤ ਕੀਤੇ। ਪੰਜਾਬ ਵਿਚ ਉਨ੍ਹਾਂ ਦੇ ਦੋ ਸਾਥੀ ਲੱਧਾ ਜੀ ਤੇ ਜੱਲਾ ਜੀ ਵੀ ਆਪ ਦੇ ਨਾਲ ਰਹੇ। ਘੁਮਾਣ ਨੇੜਲੇ ਛੋਟੇ ਜਿਹਾ ਪਿੰਡ ਭੱਟੀਵਾਲ ਨੂੰ ਵੀ ਭਗਤ ਨਾਮਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇੱਥੋਂ ਦੇ ਕੁਝ ਲੋਕਾਂ ਨੇ ਭਗਤ ਜੀ ਦੀ ਪ੍ਰੀਖਿਆ ਲੈਣ ਲਈ ਕਈ ਸਵਾਲ-ਜਵਾਬ ਕੀਤੇ। ਭਗਤ ਜੀ ਨੇ ਅਡੋਲ ਹੋ ਕੇ ਉੱਤਰ ਦਿੱਤੇ। ਇਸ ਅਸਥਾਨ ’ਤੇ ਭਗਤ ਜੀ ਨੇ ਇਕ ਲੱਕੜੀ ਦੀ ਬਣੀ ਖੂੰਡੀ ਜ਼ਮੀਨ ’ਚ ਗੱਡ ਦਿੱਤੀ, ਜੋ ਬਾਅਦ ’ਚ ਹਰੀ ਹੋ ਗਈ। ਹੁਣ ਇਥੇ ਗੁਰਦੁਆਰਾ ਖੂੰਡੀ ਸਾਹਿਬ ਮੌਜੂਦ ਹੈ। ਇਸ ਪਿੰਡ ’ਚ ਉਸ ਸਮੇਂ ਪਾਣੀ ਦੀ ਭਾਰੀ ਕਿੱਲਤ ਸੀ, ਜਿਸ ਨੂੰ ਦੂਰ ਕਰਨ ਲਈ ਆਪ ਨੇ ਆਪਣੇ ਹੱਥੀਂ ਖੂਹ ਦਾ ਨਿਰਮਾਣ ਕਰਾਇਆ। ਇਥੇ ਅੱਜ ਕਲ੍ਹ ਗੁਰਦੁਆਰਾ ਖੂਹ ਸਾਹਿਬ ਸੁਸ਼ੋਭਿਤ ਹੈ।

ਘੁਮਾਣ ਨਗਰ ਵਿਚ ਭਗਤ ਨਾਮਦੇਵ ਜੀ ਨਾਲ ਸਬੰਧਤ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਭਗਤ ਜੀ ਨੇ ਲੰਬਾ ਸਮਾਂ ਪ੍ਰਭੂ ਭਗਤੀ ਕੀਤੀ। ਇਥੇ ਆਲੀਸ਼ਾਨ 9 ਮੰਜ਼ਿਲਾ ਗੁਰਦੁਆਰਾ ਸਾਹਿਬ ਬਣਿਆ ਹੈ। ਉਸ ਸਮੇਂ ਕੇਸ਼ੋਦਾਸ ਨਾਂ ਦਾ ਇਕ ਕੋਹੜੀ ਜ਼ਿੰਦਗੀ ਦੇ ਦੁੱਖ ਨਾ ਸਹਾਰਦਾ ਹੋਇਆ ਆਤਮ-ਹੱਤਿਆ ਕਰਨ ਜਾ ਰਿਹਾ ਸੀ। ਆਪ ਨੇ ਉਸ ਨੂੰ ਨਜ਼ਦੀਕ ਇਕ ਛੱਪੜੀ ’ਚ ਇਸ਼ਨਾਨ ਕਰਨ ਲਈ ਕਿਹਾ ਤਾਂ ਇਸ਼ਨਾਨ ਕਰ ਕੇ ਉਹ ਤੰਦਰੁਸਤ ਹੋ ਗਿਆ ਤੇ ਪ੍ਰਭੂ ਦਾ ਗੁਣ-ਗਾਇਨ ਕਰਨ ਲੱਗਾ। ਗੁਰਦੁਆਰਾ ਤਪਿਆਣਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਹਨ। ਘੁਮਾਣ ਨਗਰ ਨੂੰ ਅੱਜ ‘ਨਾਮਦੇਵ ਨਗਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ ਆਪ 1350 ਈਸਵੀ ’ਚ ਗੁਰਪੁਰੀ ਪਿਆਨਾ ਕਰ ਗਏ। ਭਗਤ ਜੀ ਦਾ ਜੋਤੀ ਜੋਤਿ ਦਿਵਸ ਹਰ ਸਾਲ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।

- ਸਤਬੀਰ ਸਿੰਘ ਧਾਮੀ

Posted By: Harjinder Sodhi