ਇਸ ਦੌਰ ਵਿਚ ਮਨੁੱਖ ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਮਾਨਸਿਕ ਰੋਗਾਂ ਤੋਂ ਵੀ ਪੀੜਤ ਹੈ। ਇਹ ਭੌਤਿਕਤਾ ਦੇ ਵਸ ਹੋਣ ਕਾਰਨ ਹੋ ਰਿਹਾ ਹੈ। ਇਸ ਭੌਤਿਕ ਯੁੱਗ ਵਿਚ ਮਨੁੱਖ ਸਵਾਰਥ ਕਾਰਨ ਹਿੰਸਕ ਅਤੇ ਅਨੈਤਿਕ ਕੰਮਾਂ ਵਿਚ ਲੱਗਾ ਹੋਇਆ ਹੈ। ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਗ਼ਲਤ ਹੈ ਤਾਂ ਉਸ ਤੋਂ ਹੋਣ ਵਾਲੇ ਅਪਰਾਧ ਬੋਧ ਕਾਰਨ ਉਹ ਮਾਨਸਿਕ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦਾ ਹੈ। ਇਹ ਹਿੰਸਾ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਸਰੀਰਕ ਹਿੰਸਾ ਅਤੇ ਦੂਜੀ ਭਾਵਨਾਤਮਕ ਹਿੰਸਾ। ਭਾਵਨਾਤਮਕ ਹਿੰਸਾ ਵਿਚ ਮਨੁੱਖ ਦੂਜਿਆਂ ਨੂੰ ਧੋਖਾ ਦਿੰਦਾ ਹੈ ਅਤੇ ਉਨ੍ਹਾਂ ਨਾਲ ਅਣਚਾਹਿਆ ਆਚਰਨ ਕਰਦਾ ਹੈ। ਇਸ ਤਰ੍ਹਾਂ ਉਹ ਉਨ੍ਹਾਂ ਨੂੰ ਸਰੀਰਕ ਹਿੰਸਾ ਤੋਂ ਵੀ ਵੱਧ ਪੀੜਾ ਪਹੁੰਚਾਉਂਦਾ ਹੈ। ਹਾਲਾਂਕਿ ਇਸ ਨਾਲ ਉਸ ਨੂੰ ਵੀ ਕੁਝ ਠੇਸ ਜ਼ਰੂਰ ਪੁੱਜਦੀ ਹੈ ਜੋ ਅਪਰਾਧ ਬੋਧ ਦੀ ਸ਼੍ਰੇਣੀ ਵਿਚ ਆਉਂਦੀ ਹੈ। ਇਹ ਵੀ ਸੱਚ ਹੈ ਕਿ ਭਾਵਨਾਤਮਕ ਹਿੰਸਾ ਕਰਨ ਵਾਲਾ ਆਰੰਭ ਵਿਚ ਇਸ ਅਪਰਾਧ ਬੋਧ ਨੂੰ ਸਵੀਕਾਰ ਨਹੀਂ ਕਰਦਾ ਪਰ ਹੌਲੀ-ਹੌਲੀ ਉਸ ਦੀ ਅੰਤਰ-ਆਤਮਾ ਉਸ ਨੂੰ ਇਹ ਸਵੀਕਾਰ ਕਰਨ ਲਈ ਮਜਬੂਰ ਕਰ ਦਿੰਦੀ ਹੈ। ਕੁਝ ਮਨੁੱਖ ਜ਼ਰੂਰ ਚੰਗੇ ਸੰਸਕਾਰਾਂ ਕਾਰਨ ਆਪਣੇ ਕਾਰੇ ਲਈ ਪਛਤਾਵੇ ਦੇ ਤੌਰ 'ਤੇ ਪੀੜਤ ਤੋਂ ਜਾਂ ਤਾਂ ਮਾਫ਼ੀ ਮੰਗਦੇ ਹਨ ਜਾਂ ਪੀੜਤ ਦੇ ਨੁਕਸਾਨ ਦੀ ਭਰਪਾਈ ਕਰ ਕੇ ਇਸ ਤੋਂ ਮੁਕਤੀ ਹਾਸਲ ਕਰਦੇ ਹਨ। ਇਸ ਦੇ ਉਲਟ ਦੁਸ਼ਟ ਬਿਰਤੀ ਵਾਲੇ ਵਿਅਕਤੀ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਵਕਤ ਦੇ ਇਕ ਚੱਕਰ ਵਿਚ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਇਹੀ ਭੁੱਲ ਉਸ ਦੀ ਮਾਨਸਿਕ ਪੀੜਾ ਦਾ ਆਧਾਰ ਵੀ ਬਣ ਜਾਂਦੀ ਹੈ। ਇਸ ਨੂੰ ਦੇਖਦੇ ਹੋਏ ਮਨੁੱਖ ਨੂੰ ਰਿਸ਼ੀ ਪਤੰਜਲੀ ਦੁਆਰਾ ਦੱਸੇ ਗਏ ਯਮ ਅਤੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ। ਯਮ ਵਿਚ ਸੱਚ, ਅਹਿੰਸਾ, ਬ੍ਰਹਮਚਾਰੀਆ ਆਦਿ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤਰ੍ਹਾਂ ਵਿਅਕਤੀ ਭਾਵਨਾਤਮਕ ਅਤੇ ਸਰੀਰਕ ਹਿੰਸਾ ਤੋਂ ਬਚਦਾ ਹੋਇਆ ਅਪਰਾਧ ਬੋਧ ਤੋਂ ਮੁਕਤੀ ਪਾ ਕੇ ਆਪਣੀ ਜੀਵਨ ਯਾਤਰਾ ਪੂਰੀ ਕਰ ਸਕਦਾ ਹੈ। ਇਸ ਲਈ ਜਿਸ ਤਰ੍ਹਾਂ ਸਰੀਰਕ ਰੋਗਾਂ ਤੋਂ ਬਚਣ ਵਿਚ ਤਮਾਮ ਸਾਵਧਾਨੀਆਂ ਅਪਣਾਈਆਂ ਜਾਂਦੀਆਂ ਹਨ, ਉਸੇ ਤਰ੍ਹਾਂ ਮਾਨਸਿਕ ਰੋਗਾਂ ਤੋਂ ਬਚਣ ਲਈ ਯਮ ਅਤੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਮਾਨਸਿਕ ਤੌਰ 'ਤੇ ਤੰਦਰੁਸਤੀ ਸਰੀਰਕ ਤੰਦਰੁਸਤੀ ਨਾਲੋਂ ਕਿਸੇ ਵੀ ਪੱਖੋਂ ਘੱਟ ਮਹੱਤਵਪੂਰਨ ਨਹੀਂ ਹੈ।

-ਕਰਨਲ ਸ਼ਿਵਦਾਨ ਸਿੰਘ।

Posted By: Jagjit Singh