ਧਰਮਿੰਦਰ ਸਿੰਘ ਚੱਬਾ - ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ 'ਸ੍ਰੀ ਮੁਕਤਸਰ ਸਾਹਿਬ।' 'ਮੁਕਤਾ' ਸ਼ਬਦ ਦਾ ਅਰਥ ਹੈ ਬੰਧਨ ਰਹਿਤ, ਅਜ਼ਾਦ ਹੋਣਾ, ਮੁਕਤੀ ਨੂੰ ਪ੍ਰਾਪਤ ਹੋਣਾ। ਮੁਕਤਸਰ ਸਾਹਿਬ (Sri Muktsar Sahib) ਦਾ ਉਸ ਸਮੇਂ ਇਹ ਇਲਾਕਾ 'ਖਿਦਰਾਣੇ ਦੀ ਢਾਬ' ਦੇ ਨਾਂ ਨਾਲ ਮਸ਼ਹੂਰ ਸੀ। ਇਤਹਾਸ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ (Firozpur) ਦੇ ਪ੍ਰਸਿੱਧ ਨਗਰ ਜਲਾਲਾਬਾਦ ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਸਨ ਤੇ ਪਰਮਾਤਮਾ ਦੀ ਬੰਦਗੀ ਵਾਲੇ ਇਨਸਾਨ ਸਨ। ਇਨ੍ਹਾਂ ਦੇ ਨਾਂ ਖਿਦਰਾਣਾ, ਧਿਗਾਣਾ ਤੇ ਰੁਪਾਣਾ ਸਨ। ਇਸ ਇਲਾਕੇ ਵਿਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ। ਰੇਤਲਾ ਇਲਾਕਾ ਤੇ ਪਾਣੀ ਦੀ ਥੁੜ੍ਹ ਰਹਿਣ ਕਾਰਨ ਤਿੰਨਾਂ ਭਰਾਵਾਂ ਨੇ ਤਿੰਨ ਢਾਬਾਂ ਖੁਦਵਾਈਆਂ। ਹਰ ਸਾਲ ਸਾਉਣ ਦੇ ਮਹੀਨੇ ਮੀਂਹ ਪੈਣ ਕਾਰਨ ਇਹ ਢਾਬਾਂ ਪਾਣੀ ਨਾਲ ਭਰ ਜਾਂਦੀਆਂ ਸਨ ਅਤੇ ਇਥੇ ਇਤਨਾ ਪਾਣੀ ਜਮ੍ਹਾਂ ਹੋ ਜਾਂਦਾ ਕਿ ਸਾਰਾ ਸਾਲ ਆਦਮੀ ਤੇ ਪਸ਼ੂ-ਪੰਛੀ ਪਾਣੀ ਪੀਣ ਲਈ ਆਉਂਦੇ ਰਹਿੰਦੇ ਸਨ। ਇਨ੍ਹਾਂ ਤਿੰਨਾਂ ਢਾਬਾਂ ਕਰਕੇ ਤਿੰਨਾਂ ਭਰਾਵਾਂ ਦੇ ਨਾਂ 'ਤੇ ਤਿੰਨ ਪਿੰਡ ਖਿਦਰਾਣਾ, ਰੁਪਾਣਾ ਤੇ ਧਿੰਗਾਣਾ ਵੱਸ ਗਏ।

ਮੁਕਤਸਰ ਦਾ ਇਤਹਾਸ ( History of Makar Sankranti)

ਮੁਕਤਸਰ ਦੇ ਇਤਿਹਾਸ ਦਾ ਸਬੰਧ ਦਸਮੇਸ਼ ਪਿਤਾ ਨਾਲ ਜੁੜਦਾ ਹੈ। ਇਸ ਅਸਥਾਨ 'ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਹਕੂਮਤ ਵਿਰੁੱਧ ਆਖ਼ਰੀ ਜੰਗ ਕੀਤੀ ਤੇ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਇਸ ਪਾਵਨ ਪਵਿੱਤਰ ਅਸਥਾਨ 'ਤੇ ਗੁਰੂ ਜੀ ਨੇ ਆਪਣੇ ਤੋਂ ਬੇਮੁੱਖ ਹੋ ਕੇ ਗਏ ਮਾਝੇ ਦੇ ਚਾਲੀ ਸਿੰਘਾਂ ਨੂੰ ਜਨਮ-ਮਰਨ ਤੋਂ ਮੁਕਤ ਕਰ ਕੇ ਟੁੱਟੀ ਗੰਢੀ। ਗੁਰੂ ਜੀ ਨੇ ਹਮੇਸ਼ਾ ਹੱਕ, ਸੱਚ ਲਈ ਧਰਮ ਯੁੱਧ ਕੀਤੇ। ਇਹ ਆਖ਼ਰੀ ਲੜਾਈ ਸੀ ਜਦ ਗੁਰੂ ਸਾਹਿਬ ਨੇ ਮਾਤਾ ਗੁਜਰੀ ਜੀ ਅਤੇ ਸਿੰਘਾਂ ਦੇ ਕਹਿਣ 'ਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਹ ਕੀਰਤਪੁਰ, ਰੋਪੜ, ਕੋਟਲਾ ਨਿਹੰਗ, ਕਾਂਗੜ, ਦੀਨਾ ਰੁਖਾਲਾ, ਗੁਰੂਸਰ, ਭਾਈ ਭਗਤਾ, ਬਰਗਾੜੀ, ਬਹਿਬਲ, ਸਰਾਵਾਂ, ਪੱਤੋਂ, ਜੈਤ ਦੱਭ ਵਾਲੀ, ਮਲੂਕ ਦਾ ਕੋਟ ਤੇ ਕੋਟਕਪੂਰੇ ਪਹੁੰਚੇ। ਉੱਥੇ ਗੁਰੂ ਜੀ ਕੋਟਕਪੂਰੇ ਦੇ ਚੌਧਰੀ ਕਪੂਰੇ ਨੂੰ ਮਿਲੇ ਤੇ ਉਸ ਕੋਲੋਂ ਪਿੱਛਾ ਕਰ ਰਹੇ ਮੁਗ਼ਲਾਂ ਦੇ ਖ਼ਾਤਮੇ ਲਈ ਉਸ ਦਾ ਕਿਲ੍ਹਾ ਮੰਗਿਆ ਤਾਂ ਮੁਗ਼ਲਾਂ ਦੇ ਡਰ ਤੋਂ ਉਸ ਨੇ ਗੁਰੂ ਜੀ ਨੂੰ ਕਿਲ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਜੀ ਖਿਦਰਾਣੇ ਦੀ ਢਾਬ ਵੱਲ ਚੱਲ ਪਏ। ਉਧਰ ਮਾਤਾ ਭਾਗੋ ਜੀ ਨੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਗਏ ਮਾਝੇ ਦੇ ਚਾਲੀ ਸਿੰਘਾਂ ਨੂੰ ਪ੍ਰੇਰਿਤ ਕਰ ਕੇ ਆਪਣੀ ਅਗਵਾਈ ਵਿਚ ਇਸ ਯੁੱਧ ਵਿਚ ਸ਼ਾਮਲ ਹੋਣ ਲਈ ਆਪਣੇ ਪਤੀ ਤੇ ਭਰਾਵਾਂ ਸਮੇਤ ਚੱਲ ਪਏ।

ਗੁਰੂ ਸਾਹਿਬ ਨੂੰ ਇਕ ਸਿੱਖ ਨੇ ਦੱਸਿਆ ਕਿ ਮੁਗ਼ਲ ਫ਼ੌਜਾਂ ਵਾਹੋ-ਦਾਹੀ ਕਰਦੀਆਂ ਨੇੜੇ ਹੀ ਪਹੁੰਚ ਗਈਆਂ ਹਨ। ਗੁਰੂ ਜੀ ਨੇ ਸਿੰਘਾਂ ਨੂੰ ਮੋਰਚੇ ਸੰਭਾਲਣ ਲਈ ਕਿਹਾ। ਇੰਨੀ ਦੇਰ ਤਕ ਮਾਤਾ ਭਾਗੋ ਜੀ ਵੀ ਖਿਦਰਾਣੇ ਪਹੁੰਚ ਚੁੱਕੇ ਸਨ। ਗੁਰੂ ਜੀ ਨੇ ਉੱਚੀ ਟਿੱਬੀ ਤੋਂ ਕਮਾਨ ਸੰਭਾਲੀ। ਮਾਤਾ ਭਾਗੋ ਜੀ ਅਤੇ ਚਾਲੀ ਸਿੰਘਾਂ ਨੇ ਉਸ ਢਾਬ 'ਤੇ ਕਬਜ਼ਾ ਕਰ ਲਿਆ। ਵੈਰੀਆਂ ਨੂੰ ਭੁਲੇਖਾ ਪਾਉਣ ਲਈ ਨੇੜੇ ਝਾੜੀਆਂ 'ਤੇ ਕੱਪੜੇ ਪਾ ਕੇ ਸਿੱਖ ਫ਼ੌਜ ਦੀ ਵੱਡੀ ਗਿਣਤੀ ਦਿਖਾਉਂਦੇ ਹੋਏ ਮੋਰਚੇ ਸੰਭਾਲ ਲਏ। ਮੁਗ਼ਲਾਂ ਨਾਲ ਯੁੱਧ ਸ਼ੁਰੂ ਹੋ ਗਿਆ। ਉੱਚੀ ਟਿੱਬੀ ਤੋਂ ਸਤਿਗੁਰੂ ਜੀ ਤੀਰਾਂ ਦੀ ਬਰਸਾਤ ਕਰ ਰਹੇ ਸਨ ਤੇ ਨਾਲ ਦੀ ਨਾਲ ਬੇਮੁੱਖ ਹੋ ਕੇ ਗਏ ਸਿੰਘਾਂ ਨੂੰ ਮੁਗ਼ਲ ਫ਼ੌਜ ਨਾਲ ਡਟ ਕੇ ਲੜਦਾ ਹੋਇਆ ਦੇਖ ਕੇ ਪ੍ਰਸੰਨ ਹੋ ਰਹੇ ਸਨ। ਘਮਸਾਨ ਦਾ ਯੁੱਧ ਹੋਇਆ, ਮੁਗ਼ਲ ਫ਼ੌਜਾਂ ਦੇ ਪੈਰ ਉੱਖੜ ਗਏ ਤੇ ਉਹ ਮੈਦਾਨ ਛੱਡ ਕੇ ਪਿਛਾਂਹ ਹਟ ਗਈਆਂ।

ਜੰਗ ਖ਼ਤਮ ਹੋਣ ਉਪਰੰਤ ਗੁਰੂ ਸਾਹਿਬ ਟਿੱਬੀ ਤੋਂ ਹੇਠਾਂ ਆਏ ਅਤੇ ਸਿੰਘਾਂ ਨੂੰ ਸ਼ਾਬਾਸ਼ ਦਿੱਤੀ। ਜ਼ਖ਼ਮੀ ਸਿੰਘਾਂ ਦੇ ਜ਼ਖ਼ਮ ਸਾਫ਼ ਕੀਤੇ ਤੇ ਕਈ ਖ਼ਿਤਾਬਾਂ ਨਾਲ ਨਿਵਾਜਿਆ। ਮਾਤਾ ਭਾਗੋ ਜੀ ਵੀ ਆਪਣੇ ਜ਼ਖ਼ਮ ਧੋ ਰਹੇ ਸਨ ਤਾਂ ਗੁਰੂ ਜੀ ਨੇ ਮਾਤਾ ਭਾਗੋ ਦੇ ਜ਼ਖ਼ਮ ਸਾਫ਼ ਕਰ ਕੇ ਮਰਹਮ ਪੱਟੀ ਕੀਤੀ। ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਜ਼ਿਕਰ ਕਰਦੇ ਹਨ ਕਿ ਵੈਸਾਖ ਸੰਮਤ 1762 ਵਿਚ ਸੂਬਾ ਸਰਹਿੰਦ ਵਜ਼ੀਰ ਖ਼ਾਂ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਾਕੁਬ ਕਰਦਾ ਮਾਲਵੇ ਆਇਆ, ਤਦ ਸਿੰਘਾਂ ਨੇ ਇਸ ਤਾਲ 'ਤੇ ਕਬਜ਼ਾ ਕਰ ਕੇ ਵੈਰੀ ਦਾ ਮੁਕਾਬਲਾ ਕੀਤਾ। ਸਭ ਤੋਂ ਪਹਿਲਾਂ ਮਾਈ ਭਾਗੋ ਜੀ ਅਰ ਉਸ ਦੇ ਸਾਥੀ ਸਿੰਘਾਂ ਦਾ ਸ਼ਾਹੀ ਫ਼ੌਜ ਨਾਲ ਟਾਕਰਾ ਹੋਇਆ ਅਰ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ। ਭਾਈ ਮਹਾਂ ਸਿੰਘ ਨੇ ਦਸਮੇਸ਼ ਪਿਤਾ ਤੋਂ ਬੇਦਾਵਾ ਪੱਤਰ ਚਾਕ ਕਰਵਾ ਕੇ ਇੱਥੇ ਟੁੱਟੀ ਸਿੱਖੀ ਗੰਢੀ, ਕਲਗੀਧਰ ਨੇ ਸ਼ਹੀਦ ਸਿੰਘਾਂ ਨੂੰ ਮੁਕਤ ਪਦਵੀ ਬਖ਼ਸ਼ ਕੇ ਤਾਲ ਦਾ ਨਾਂ 'ਮੁਕਤਸਰ' ਰੱਖਿਆ ਅਤੇ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ। 'ਸ਼ਹੀਦ ਗੰਜ਼' ਤਾਲ ਦੇ ਕਿਨਾਰੇ ਵਿਦਮਾਨ ਹੈ। ਲੋਹੜੀ ਤੋਂ ਅਗਲੇ ਦਿਨ ਮੱਘਰ ਦੀ ਸੰਗਰਾਂਦ ਵਾਲੇ ਦਿਨ ਮਾਘੀ ਦੇ ਪਵਿੱਤਰ ਤਿਉਹਾਰ 'ਤੇ ਚਾਲੀ ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ।

ਇਸ ਜੰਗ ਵਿਚ ਜੋ ਚਾਲੀ ਸਿੰਘ ਸ਼ਹੀਦ ਹੋਏ, ਉਨ੍ਹਾਂ ਚਾਲੀ ਮੁਕਤਿਆਂ ਦੇ ਨਾਂ ਹਨ : ਸਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸ਼ਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਮੈਯਾ ਸਿੰਘ, ਕੀਰਤ ਸਿੰਘ, ਕ੍ਰਿਪਾਲ ਸਿੰਘ, ਖ਼ੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮੱਜਾ ਸਿੰਘ, ਮਾਨ ਸਿੰਘ, ਰਾਇ ਸਿੰਘ ਤੇ ਲਛਮਣ ਸਿੰਘ ਸਨ।

ਭਾਈ ਮਹਾਂ ਸਿੰਘ ਤੇ ਹੋਰ ਸਿੰਘ, ਜੋ ਸੰਮਤ 1762 ਵਿਚ ਮੁਗ਼ਲ ਫ਼ੌਜ ਨਾਲ ਮੁਕਤਸਰ ਦੀ ਜੰਗ ਸਮੇਂ ਲੜੇ ਸਨ, ਜਦ ਕਲਗੀਧਰ ਪਾਤਸ਼ਾਹ ਨੇ ਮੈਦਾਨ-ਏ-ਜੰਗ ਵਿਚ ਆ ਕੇ ਸ਼ਹੀਦਾਂ ਦੇ ਸਰੀਰ ਉਠਵਾਏ ਤਾਂ ਉਸ ਸਮੇਂ ਮਹਾਂ ਸਿੰਘ ਜੀ ਦੇ ਪ੍ਰਾਣ ਚੱਲ ਰਹੇ ਸਨ। ਦਸ਼ਮੇਸ਼ ਪਿਤਾ ਨੇ ਆਪਣੇ ਰੁਮਾਲ ਨਾਲ ਮਹਾਂ ਸਿੰਘ ਦਾ ਮੁੱਖ ਸਾਫ਼ ਕੀਤਾ ਤੇ ਜਲ ਛਕਾਇਆ। ਤਦ ਮਹਾਂ ਸਿੰਘ ਜੀ ਦੀ ਮੂਰਛਾ ਖੁੱਲ੍ਹੀ ਤਾਂ ਕਲਗੀਧਰ ਪਾਤਸ਼ਾਹ ਨੇ ਫੁਰਮਾਇਆ, ਵਰ ਮੰਗੋ। ਮਹਾਂ ਸਿੰਘ ਨੇ ਅਰਜ਼ ਗੁਜ਼ਾਰੀ ਕਿ ਜੇ ਆਪ ਤੁੱਠੇ ਹੋ, ਤਾਂ ਸੰਗਤ ਦਾ 'ਬੇਦਾਵਾ ਪੱਤਰ' ਪਾੜ ਕੇ ਟੁੱਟੀ ਗੰਢੋ, ਹੋਰ ਕੋਈ ਕਾਮਨਾ ਨਹੀਂ। ਗੁਰੂ ਮਹਾਰਾਜ ਨੇ ਬੇਦਾਵਾ ਪੱਤਰ ਮਹਾਂ ਸਿੰਘ ਦੇ ਸਾਹਮਣੇ ਚਾਕ ਕਰ ਦਿੱਤਾ। ਮਹਾਂ ਸਿੰਘ ਜੀ ਗੁਰੂ ਜੀ ਦੇ ਦਰਸ਼ਨ ਕਰਦੇ ਹੋਏ ਗੁਰਪੁਰੀ ਨੂੰ ਪਧਾਰੇ। ਕਲਗੀਧਰ ਜੀ ਨੇ ਆਪਣੇ ਹੱਥੀਂ 'ਮੁਕਤੇ' ਸਿੰਘਾਂ ਦਾ ਸਸਕਾਰ ਕੀਤਾ। ਖਿਦਰਾਣੇ ਦੇ ਨਾਂ ਨਾਲ ਜਾਣੇ ਜਾਂਦੇ ਇਸ ਤਲਾਬ ਦਾ ਨਾਂ ਅੱਜ ਮੁਕਤਸਰ ਸਾਹਿਬ ਹੈ ਅਤੇ ਗੁਰਦੁਆਰਾ 'ਸ਼ਹੀਦਗੰਜ ਸਾਹਿਬ' (Gurudwara Shaheed Ganj Sahib) ਇਸੇ ਪਵਿੱਤਰ ਸਰੋਵਰ ਦੇ ਕਿਨਾਰੇ ਸੁਸ਼ੋਭਿਤ ਹੈ।

Posted By: Harjinder Sodhi