ਇਨਸਾਨ ਹਰ ਰਾਤ ਸੌਂਦਾ ਹੈ ਅਤੇ ਸਵੇਰੇ ਜਾਗ ਜਾਂਦਾ ਹੈ। ਇਹ ਕਿਰਿਆ ਸਾਰੀ ਉਮਰ ਚੱਲਦੀ ਰਹਿੰਦੀ ਹੈ ਪਰ ਜਾਗਣਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਸਰੀਰਕ ਤੌਰ 'ਤੇ ਜਾਗਣਾ ਅਤੇ ਮਾਨਸਿਕ ਤੌਰ 'ਤੇ ਜਾਗਣਾ। ਕਈ ਵਿਅਕਤੀ ਸਰੀਰਕ ਤੌਰ 'ਤੇ ਜਾਗ ਕੇ ਵੀ ਮਾਨਸਿਕ ਤੌਰ 'ਤੇ ਸੁੱਤੇ ਰਹਿੰਦੇ ਹਨ। ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਉਹ ਅਵੇਸਲੇ ਰਹਿੰਦੇ ਹਨ। ਉਹ ਬਚਪਨ ਤੋਂ ਹੀ ਅਜਿਹੇ ਹੁੰਦੇ ਹਨ। ਅੰਗਰੇਜ਼ੀ 'ਚ ਇਸ ਤਰ੍ਹਾਂ ਦੀ ਮਨੋ-ਸਥਿਤੀ ਨੂੰ ਐਬਸੈਂਸ ਆਫ਼ ਮਾਈਂਡ ਕਿਹਾ ਜਾਂਦਾ ਹੈ। ਉਹ ਸਰੀਰਕ ਤੌਰ 'ਤੇ ਉੱਥੇ ਮੌਜੂਦ ਹੁੰਦੇ ਹਨ ਪਰ ਮਾਨਸਿਕ ਤੌਰ 'ਤੇ ਕਿਤੇ ਹੋਰ ਹੁੰਦੇ ਹਨ। ਸਕੂਲਾਂ 'ਚ ਅਕਸਰ ਅਜਿਹੇ ਬੱਚੇ ਜਮਾਤ ਵਿਚ ਅਧਿਆਪਕਾਂ ਦੁਆਰਾ ਪੜ੍ਹਾਏ ਜਾ ਰਹੇ ਪਾਠ ਵੱਲ ਕੋਈ ਧਿਆਨ ਨਹੀਂ ਦਿੰਦੇ। ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਜਮਾਤ 'ਚ ਕੀ ਹੋ ਰਿਹਾ ਹੈ? ਉਨ੍ਹਾਂ ਦਾ ਧਿਆਨ ਤਾਂ ਘਰ ਦੀਆਂ ਗੱਲਾਂ 'ਚ ਲੱਗਾ ਹੁੰਦਾ ਹੈ। ਉਹ ਆਪਣੇ ਖਿਆਲਾਂ 'ਚ ਹੀ ਉਲਝੇ ਰਹਿੰਦੇ ਹਨ। ਖ਼ਿਆਲਾਂ ਦੀ ਤਾਣੀ ਵਿਚ ਉਲਝੇ ਵਿਅਕਤੀ ਅਕਸਰ ਜ਼ਿੰਦਗੀ ਦੇ ਇਮਤਿਹਾਨ 'ਚ ਨਾਕਾਮ ਹੋ ਜਾਂਦੇ ਹਨ। ਜੋ ਵਿਅਕਤੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ, ਉਹ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਸਕਦੇ। ਕਿਉਂਕਿ ਉਨ੍ਹਾਂ ਨੂੰ ਕੇਵਲ ਆਪਣੇ ਨਸ਼ੇ ਤਕ ਮਤਲਬ ਹੁੰਦਾ ਹੈ। ਇਸ ਲਈ ਉਹ ਨਸ਼ੇ 'ਚ ਖੁੱਭ ਕੇ ਸਮਾਜ ਨਾਲੋਂ ਟੁੱਟ ਜਾਂਦੇ ਹਨ। ਅਜਿਹੇ ਵਿਅਕਤੀ ਆਪਣੇ ਜੀਵਨ ਦੇ ਵਡਮੁੱਲੇ ਹਿੱਸੇ ਨੂੰ ਨਸ਼ੇ 'ਚ ਗੁਜ਼ਾਰ ਦਿੰਦੇ ਹਨ।।ਉਹ ਨਾ ਤਾਂ ਵਿਕਾਸ ਦੀਆਂ ਪੌੜੀਆਂ ਚੜ੍ਹ ਸਕਦੇ ਹਨ, ਨਾ ਹੀ ਜ਼ਿੰਦਗੀ 'ਚ ਕਿਸੇ ਉਦੇਸ਼ ਦੀ ਪੂਰਤੀ 'ਚ ਸਫਲ ਹੁੰਦੇ ਹਨ।। ਸਮਾਜ 'ਚ ਅਜਿਹੇ ਵਿਅਕਤੀ ਨਸ਼ੇੜੀ ਜਾਂ ਸ਼ਰਾਬੀ ਵਜੋਂ ਜਾਣੇ ਹਨ। ਅਜਿਹੇ ਵਿਅਕਤੀ ਸਮਾਜ 'ਚ ਅਪਮਾਨ ਸਹਿੰਦੇ ਹਨ। ਜਦੋਂ ਕੰਮ ਵਿਗੜ ਜਾਂਦੇ ਹਨ ਉਦੋਂ ਕਈਆਂ ਨੂੰ ਹੋਸ਼ ਆਉਂਦੀ ਹੈ ਪਰ ਉਦੋਂ ਤਕ ਸਮਾਂ ਲੰਘ ਚੁੱਕਾ ਹੁੰਦਾ ਹੈ। ਫਿਰ ਹੱਥ ਮਲਣ ਤੋਂ ਸਿਵਾਏ ਕੋਈ ਹੋਰ ਚਾਰਾ ਨਹੀਂ ਬਚਦਾ। ਅਜਿਹੇ ਵਿਅਕਤੀ ਦੂਜਿਆਂ 'ਤੇ ਨਿਰਭਰ ਹੋ ਕੇ ਰਹਿ ਜਾਂਦੇ ਹਨ।।ਉਨ੍ਹਾਂ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ। ਇਸ ਲਈ ਜੀਵਨ ਵਿਚ ਹਮੇਸ਼ਾ ਜਾਗਦੇ ਰਹੋ ਭਾਵ ਸੁਚੇਤ ਰਹੋ ਤਾਂ ਜੋ ਜ਼ਿੰਦਗੀ 'ਚ ਸਫਲਤਾ ਦੇ ਮੁਕਾਮ ਹਾਸਲ ਕੀਤੇ ਜਾ ਸਕਣ ਅਤੇ ਮਾਣ-ਸਨਮਾਨ ਨਾਲ ਜ਼ਿਦਗੀ ਦਾ ਆਨੰਦ ਮਾਣਿਆ ਜਾ ਸਕੇ।।

-ਸੁਖਦੀਪ ਸਿੰਘ ਗਿੱਲ। ਸੰਪਰਕ : 94174-51887

Posted By: Sukhdev Singh