ਮਨੁੱਖ ਦੀ ਕੁਦਰਤ ਨਾਲ ਘਟਦੀ ਸਾਂਝ ਨੇ ਉਸ ਨੂੰ ਬਹੁਤ ਸਾਰੇ ਜੰਜਾਲਾਂ ਵਿਚ ਉਲਝਾਇਆ ਹੋਇਆ ਹੈ। ਜੇ ਅਸੀਂ ਕੁਦਰਤ ਨੂੰ ਥੋੜ੍ਹਾ ਜਿਹਾ ਵੀ ਸਮਾਂ ਦੇਈਏ ਤਾਂ ਅਸੀਂ ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਤੋਂ ਐਵੇਂ ਹੀ ਛੁਟਕਾਰਾ ਪਾ ਲਵਾਂਗੇ। ਹਕੀਕਤ ਇਹ ਹੈ ਕਿ ਕੁਦਰਤ ਨੇ ਸਾਡੇ ਲਈ ਹਰ ਪਲ ਬਿਹਤਰ ਸਿਰਜਿਆ ਹੈ। ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਬਿਹਤਰ ਪਲਾਂ ਨੂੰ ਹੋਰ ਬਿਹਤਰ ਬਣਾ ਲੈਂਦੇ ਹਾਂ ਜਾਂ ਉਨ੍ਹਾਂ ਨੂੰ ਵੀ ਕੋਈ ਨਾਂਹ-ਪੱਖੀ ਕਪਲਨਾ ਖਾ ਜਾਂਦੀ ਹੈ। ਆਪਣੇ ਵਿਕਾਸ ਦਾ ਕੱਦ ਐਡਾ ਉੱਚਾ ਕਰੋ ਕਿ ਤੁਹਾਨੂੰ ਚਿੜਾਉਣ ਵਾਲੀ ਹਰ ਇੱਛਾ ਤੁਹਾਡੇ ਅੱਗੇ ਛੋਟੀ ਪੈ ਜਾਵੇ। ਤੁਹਾਨੂੰ ਕਮਜ਼ੋਰ ਬਣਾ ਕੇ ਕਈ ਕਦਮ ਪਿੱਛੇ ਲਿਆਉਣ ਵਾਲੀ ਜਾਂ ਜੀਵਨ ਦੇ ਰਾਹ ’ਚ ਰੋੜਾ ਬਣਨ ਵਾਲੀ ਇੱਛਾ ਦਾ ਤਿਆਗ ਕਰ ਦਿਉ ਕਿਉਂਕਿ ਆਪਣੇ ਸਵੈ-ਮਾਣ ਨੂੰ ਗੁਆ ਕੇ ਪੂਰੀ ਕੀਤੀ ਇੱਛਾ ਕਦੇ ਵੀ ਲੁਤਫ਼ ਦਾ ਕਾਰਨ ਨਹੀਂ ਬਣਦੀ। ਸੋ, ਜ਼ਿੰਦਗ਼ੀ ਨੂੰ ਖ਼ੁਸ਼ੀ-ਖ਼ੁਸ਼ੀ ਗੁਜ਼ਾਰੋ। ਉਦਾਸੀਆਂ ਭਰੇ ਵਿਚਾਰਾਂ ਨੂੰ ਜ਼ਰਾ ਪਾਸੇ ਕਰ ਕੇ ਸੋਚ ਦੇ ਵਹਾਅ ਨੂੰ ਓਧਰ ਲੈ ਜਾਓ ਜੋ ਤੁਹਾਨੂੰ ਖ਼ੁਸ਼ੀ ਪ੍ਰਦਾਨ ਕਰੇ। ਸੋਚ ਜਿੱਥੇ ਤਕ ਦੌੜਦੀ ਹੈ, ਉਸ ਨੂੰ ਦੌੜਨ ਦਿਉ। ਉਸ ਨੂੰ ਪਹੁੰਚ ਜਾਣ ਦਿਉ ਸੋਹਣੇ ਸੁਪਨਿਆਂ ਦੇ ਕੋਲ। ਯਾਦ ਰੱਖੋ, ਤਰਲੇ ਕਰ ਕੇ ਪੂਰੀਆਂ ਕੀਤੀਆਂ ਰੀਝਾਂ ’ਚੋਂ ਉਤਸ਼ਾਹ ਗੁਆਚ ਜਾਂਦਾ ਹੈ। ਇਸ ਕਾਰਨ ਇਹ ਰੀਝਾਂ ਮਨ ’ਤੇ ਭਾਰ ਬਣ ਜਾਂਦੀਆਂ ਹਨ। ਸੋ, ਅਜਿਹੀਆਂ ਰੀਝਾਂ ਨੂੰ ਠੇਡਾ ਮਾਰ ਕੇ ਅੱਗੇ ਵੱਧ ਜਾਓ ਜੋ ਸਵੈ-ਮਾਣ ਦਾ ਗਲ ਘੁੱਟ ਕੇ ਪੂਰੀਆਂ ਹੁੰਦੀਆਂ ਹੋਣ। ਆਪਣੀ ਸਾਂਝ ਕੁਦਰਤ ਨਾਲ ਵਧਾਓ। ਇਹ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰੇਗੀ। ਕੁਦਰਤ ਹਮੇਸ਼ਾ ਦੂਣ-ਸਵਾਇਆ ਕਰ ਕੇ ਮੋੜਦੀ ਹੈ। ਕਦੇ ਖੜ-ਖੜ ਕਰਦੇ ਪੱਤਿਆਂ ਨਾਲ ਖੋਲ੍ਹਿਓ ਦਿਲ ਦੇ ਰਾਜ਼। ਇਹ ਹਵਾ ਦੇ ਸੁਰ ਨਾਲ ਇਕ-ਮਿਕ ਹੋ ਕੇ ਤੁਹਾਡੇ ਦਰਦ ਵੰਡਾਉਣਗੇ। ਵਗਦਾ ਪਾਣੀ ਤੁਹਾਨੂੰ ਦਿਲਾਸੇ ਦਿੰਦਾ ਪ੍ਰਤੀਤ ਹੋਵੇਗਾ। ਰਾਤ ਨੂੰ ਜਿੰਨਾ ਸਮਾਂ ਮਰਜ਼ੀ ਗੱਲਾਂ ਕਰੋ, ਇਹ ਤਾਰੇ ਕਦੇ ਵੀ ਤੁਹਾਨੂੰ ਅਣਗੌਲੇ ਕਰ ਕੇ ਨਹੀਂ ਸੌਂਣਗੇ। ਦਰਖ਼ਤ ਸਮਝਾਉਣਗੇ ਕਿ ਸੂਰਜ ਵਾਂਗ ਪਰੇਸ਼ਾਨੀਆਂ ਸਿਰਫ਼ ਸਤਾਉਣ ਲਈ ਹੀ ਨਹੀਂ, ਸਗੋਂ ਜਿਊਂਦੇ ਰਹਿਣ ਦਾ ਅਹਿਸਾਸ ਕਰਵਾਉਣ ਲਈ ਵੀ ਆਉਂਦੀਆਂ ਹਨ। ਜ਼ਿੰਦਗੀ ਬੁਰੀ ਨਹੀਂ ਹੈ ਜੇ ਜਿਊਣਾ ਸਿੱਖ ਲਈਏ। ਇਸ ਲਈ ਕੁਦਰਤ ਦੀ ਸਿਰਜਣਾ ਜਿਹੀ ਵਿਸ਼ਾਲਤਾ ਆਪਣੇ ਅੰਦਰ ਪੈਦਾ ਕਰੋ। ਕੁਦਰਤ ਤੋਂ ਵੱਡਾ ਕੋਈ ਸਾਥੀ ਹੋ ਹੀ ਨਹੀਂ ਸਕਦਾ।

Posted By: Sunil Thapa