ਸਾਫ਼-ਸੁਥਰੀ, ਸੁਚੱਜੀ, ਦਲੇਰਾਨਾ ਤੇ ਪਿਆਰ ਭਰੀ ਜ਼ਿੰਦਗੀ ਜਿਊਣ ਲਈ ਮਨੁੱਖੀ ਗੁਣਾਂ ਦੀ ਖ਼ਾਸ ਮਹੱਤਤਾ ਹੈ। ਮਨੁੱਖ ਇਨ੍ਹਾਂ ਗੁਣਾਂ ਸਦਕਾ ਹੀ ਇਨਸਾਨ ਹੈ। ਸਮਾਜ ਦੀ ਸਾਰੀ ਫਿਲਾਸਫੀ, ਧਰਮ, ਨੈਤਿਕਤਾ ਤੇ ਸਾਰੇ ਵਾਦ ਇਸ ਕਥਨ ’ਤੇ ਇਕਮਤ ਹਨ ਕਿ ਇਨਸਾਨ ਵਿਚਲੀ ਇਨਸਾਨੀਅਤ ਕਾਇਮ ਰਹਿਣੀ ਚਾਹੀਦੀ ਹੈ। ਦੇਸ਼, ਧਰਮ, ਬੋਲੀ, ਰੰਗ, ਨਸਲ, ਲਿੰਗ ਤੇ ਹਰ ਵਿਤਕਰੇ, ਹਰ ਫ਼ਰਕ ਆਦਿ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨ ਮੰਨ ਕੇ ਹੀ ਚੱਲਣਾ ਚਾਹੀਦਾ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਗੁਣਾਂ ਸਦਕਾ ਮਨੁੱਖ ਇਨਸਾਨ ਕਹਾਉਣ ਦਾ ਹੱਕਦਾਰ ਹੈ, ਉਹ ਮਾਨਵੀ ਗੁਣ ਅਛੋਪਲੇ ਹੀ ਉਸ ’ਚੋਂ ਖ਼ਾਰਜ ਹੋ ਰਹੇ ਹਨ। ਹਰ ਪਾਸੇ ਬਹੁਤ ਭੱਜ-ਨੱਠ ਹੈ। ਇੰਨੀ ਭੱਜ-ਨੱਠ ’ਚ ਇਨਸਾਨੀ ਕਦਰਾਂ-ਕੀਮਤਾਂ ਜਾਂ ਇਨਸਾਨੀਅਤ ਦਮ ਤੋੜਦੀ ਨਜ਼ਰ ਆ ਰਹੀ ਹੈ। ਅਸੀਂ ਖ਼ੁਦ ਨੂੰ ਹੱਦਬੰਦੀਆਂ ’ਚ ਕੈਦ ਕਰ ਲਿਆ ਹੈ ਤੇ ਇਨਸਾਨੀਅਤ ਆਜ਼ਾਦ ਹੁੰਦੀ ਹੋਈ ਵੀ ਨਿਆਸਰੀ ਲੱਗਦੀ ਹੈ। ਜੇ ਬੱਚਿਆਂ ਦੇ ਮਨਾਂ ’ਚ ਇਨਸਾਨੀਅਤ ਰੂਪੀ ਬੀਜ ਦਾ ਛੱਟਾ ਦੇ ਦਿੱਤਾ ਜਾਵੇ ਤਾਂ ਨਿਰਸੰਦੇਹ ਇਹ ਬੀਜ ਪੁੰਗਰ ਕੇ ਫ਼ਲ ਦੇਣ ਲੱਗੇਗਾ। ਬੱਚਿਆਂ ਨੂੰ ਵੀ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਨਸਾਨ ਆਪਣੀ ਇਨਸਾਨੀਅਤ ਕਾਰਨ ਹੀ ਮਰਨ ਤੋਂ ਬਾਅਦ ਵੀ ਜਿਊਂਦਾ ਰਹਿੰਦਾ ਹੈ। ਜਿਹੋ ਜਿਹਾ ਮਰਜ਼ੀ ਸਮਾਂ ਆ ਜਾਵੇ, ਕਿੰਨੀਆਂ ਹੀ ਬਿਪਤਾਵਾਂ, ਮੁਸ਼ਕਲਾਂ, ਔਕੜਾਂ ਦੇ ਥਪੇੜੇ ਤੁਹਾਨੂੰ ਡਗਮਗਾਉਣ, ਜੇ ਅਜਿਹੇ ਸਮੇਂ ਤੁਸੀਂ ਸਾਬਤ ਕਦਮੀਂ ਰਹਿੰਦੇ ਹੋ, ਇਨਸਾਨੀਅਤ ਦਾ ਪੱਲਾ ਨਹੀਂ ਛੱਡਦੇ, ਵਕਤੀ ਮੁਸੀਬਤਾਂ ਸਾਹਮਣੇ ਸਿਰ ਸੁੱਟ ਕੇ ਨਹੀਂ ਬੈਠਦੇ ਤਾਂ ਹੀ ਤੁਸੀਂ ਸਹੀ ਅਰਥਾਂ ’ਚ ਇਨਸਾਨ ਕਹਾਉਣ ਦੇ ਹੱਕਦਾਰ ਹੋ। ਇਨਸਾਨਾਂ ਨੂੰ ‘ਇਨਸਾਨ’ ਬਣਾਉਣ ਲਈ ਬਹੁਤ ਲੋਕਾਂ ਨੇ ਕੰਮ ਕੀਤੇ। ਆਪਣੀ ਕਮਾਈ ਤੇ ਜ਼ਿੰਦਗੀ ਦਾਅ ’ਤੇ ਲਾ ਦਿੱਤੀ। ਅਲਫਰੈੱਡ ਨੋਬਲ ਕਰੋੜਪਤੀ ਸੀ। ਉਸ ਨੇ ਹਥਿਆਰ ਬਣਾ ਕੇ ਬਹੁਤ ਧਨ ਕਮਾਇਆ। ਉਸ ਨੂੰ ਡਾਇਨਾਮਾਈਟ ਦਾ ਕਿੰਗ ਕਿਹਾ ਜਾਂਦਾ ਸੀ। ਅੰਤ ਸਮੇਂ ਪਛਤਾਵੇ ਵਜੋਂ ਮਨੁੱਖਤਾ ਲਈ ਉਸ ਨੇ ਆਪਣਾ ਸਾਰਾ ਧਨ ਦਾਨ ਵਜੋਂ ਦੇ ਦਿੱਤਾ ਜਿਸ ਨਾਲ ਹੁਣ ਨੋਬਲ ਪੁਰਸਕਾਰ ਦਿੱਤੇ ਜਾ ਰਹੇ ਹਨ। ਮਨੁੱਖ ਦੀ ਪਛਾਣ ਉਸ ਦੇ ਮਾਨਵਤਾ ਪੱਖੀ ਗੁਣ ਕਾਰਨ ਹੁੰਦੀ ਹੈ। ਜੇ ਉਹ ਮਾਨਵਤਾ ਦਾ ਪੱਲਾ ਛੱਡ ਦਿੰਦਾ ਹੈ ਤਾਂ ਉਸ ਦੀ ਧਨ-ਦੌਲਤ, ਐਸ਼ੋ-ਆਰਾਮ ਤੇ ਸ਼ੋਹਰਤ ਸਭ ਬੇਕਾਰ ਹਨ।

-ਰਾਬਿੰਦਰ ਸਿੰਘ ਰੱਬੀ

ਸੰਪਰਕ : 89689-46129

Posted By: Susheel Khanna