ਸਭ ਜੀਵਾਂ ਵਿਚੋਂ ਸਿਰਫ਼ ਮਨੁੱਖ ਕੋਲ ਇਹ ਬਦਲ ਹੈ ਕਿ ਚਾਹੇ ਉਹ ਦੇਵਤਾ ਬਣ ਜਾਵੇ ਜਾਂ ਰਾਖਸ਼। ਜਦ ਕੋਈ ਹਾਂ-ਪੱਖੀ ਅਤੇ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨੂੰ ਲੋਕ ਦੇਵਤਾ ਸਰੂਪ ਮੰਨਣ ਲੱਗਦੇ ਹਨ ਜਦਕਿ ਨਾਂਹ-ਪੱਖੀ ਅਤੇ ਬੁਰੇ ਕੰਮ ਕਰਨ 'ਤੇ ਉਸ ਦੀ ਤੁਲਨਾ ਰਾਖਸ਼ ਨਾਲ ਹੋਣ ਲੱਗਦੀ ਹੈ। ਹਾਂ-ਪੱਖੀ ਕੰਮ ਕਰਨ 'ਤੇ ਮਨੁੱਖ ਦਾ ਆਤਮ-ਬਲ ਵੱਧਦਾ ਹੈ ਅਤੇ ਉਹ ਹਰ ਵਕਤ ਨਿਰਭੈ ਰਹਿੰਦਾ ਹੈ ਜਦਕਿ ਬੁਰੇ ਕੰਮ ਵਿਚ ਉਸ ਦਾ ਆਤਮ-ਬਲ ਘਟਦਾ ਹੈ। ਉਹ ਹਰ ਵਕਤ ਡਰਿਆ-ਸਹਿਮਿਆ ਰਹਿੰਦਾ ਹੈ ਤੇ ਆਮ ਲੋਕਾਂ ਨਾਲ ਅੱਖ ਮਿਲਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ। ਤ੍ਰੇਤਯੁੱਗ 'ਚ ਮਰਿਆਦਾ ਪਰਸ਼ੋਤਮ ਸ੍ਰੀਰਾਮ ਦਾ ਜਦ ਜਨਮ ਹੋਇਆ ਤਾਂ ਮਾਤਾ ਕੌਸ਼ੱਲਿਆ ਨੇ ਉਨ੍ਹਾਂ ਦੇ ਦੇਵਤਾ ਸਰੂਪ ਨੂੰ ਪਛਾਣ ਲਿਆ। ਚਤੁਰਭੁਜੀ ਸ੍ਰੀਰਾਮ ਦਾ ਦਰਸ਼ਨ ਕਰ ਕੇ ਉਹ ਪ੍ਰਸੰਨ ਹੋਈ ਅਤੇ ਉਨ੍ਹਾਂ ਨੂੰ ਮਨੁੱਖ ਬਣ ਕੇ ਦੇਵਤਾ ਸਰੂਪ ਕੰਮ ਕਰਨ ਲਈ ਕਿਹਾ। ਮਾਤਾ ਕੌਸ਼ੱਲਿਆ ਦੀਆਂ ਇੱਛਾਵਾਂ ਨੂੰ ਦੇਖ ਕੇ ਸ੍ਰੀਰਾਮ ਮੁੜ ਬਾਲ ਰੂਪ ਵਿਚ ਆ ਗਏ ਤਾਂ ਜੋ ਆਪਣੀ ਕੁਸ਼ਲਤਾ ਵਧਾ ਕੇ ਦੇਵਤਾ ਬਣਨ ਦੀ ਪ੍ਰੇਰਨਾ ਮਿਲ ਸਕੇ। ਦੂਜੇ ਪਾਸੇ ਰਾਵਣ ਮਹਾ-ਵਿਦਵਾਨ ਅਤੇ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਲੈ ਕੇ ਵੀ ਨਾਂਹ-ਪੱਖੀ ਕੰਮਾਂ ਕਾਰਨ ਰਾਖਸ਼ ਬਣ ਗਿਆ ਅਤੇ ਅੱਤਵਾਦ ਨੂੰ ਜਨਮ ਦੇਣ ਲੱਗਾ ਜਿਸ ਕਾਰਨ ਉਸ ਦਾ ਗਿਆਨ ਘਟਣ ਲੱਗਾ। ਜਦ ਉਹ ਮਾਤਾ ਸੀਤਾ ਨੂੰ ਅਗਵਾ ਕਰ ਕੇ ਚੱਲਿਆ ਤਾਂ ਡਰਿਆ ਹੋਇਆ ਸੀ। ਉਸ ਦਾ ਆਤਮ-ਬਲ ਲੋਪ ਹੋ ਗਿਆ ਸੀ ਜਦਕਿ ਉਹੀ ਰਾਵਣ ਚੱਲਦਾ ਸੀ ਤਾਂ ਧਰਤੀ ਕੰਬਣ ਲੱਗਦੀ ਸੀ। ਇਸ ਤੋਂ ਸਾਫ਼ ਹੁੰਦਾ ਹੈ ਕਿ ਕੋਈ ਕਿੰਨਾ ਵੀ ਪ੍ਰਤਾਪੀ ਜਾਂ ਤਾਕਤਵਰ ਹੋਵੇ, ਜਦ ਗ਼ਲਤ ਕੰਮ ਕਰਦਾ ਹੈ ਤਾਂ ਛੁਪ ਕੇ ਕਰਦਾ ਹੈ। ਜਿਸ ਕੰਮ 'ਚ ਲੁਕਾ-ਛਿਪੀ ਦੀ ਨੌਬਤ ਆ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਉਹ ਕੰਮ ਗ਼ਲਤ ਹੈ। ਅਨੈਤਿਕ ਕਾਰਨਾਮਿਆਂ ਕਾਰਨ ਰਾਵਣ ਸਦਾ ਅੰਦਰੋਂ ਭੈਅਭੀਤ ਰਹਿੰਦਾ ਸੀ। ਦੂਜੇ ਪਾਸੇ ਨਿਮਰਤਾ, ਸਾਦਗੀ, ਪੀੜਤਾਂ ਦੀ ਮਦਦ ਕਰਦੇ ਹੋਏ ਸ੍ਰੀਰਾਮ ਮਰਿਆਦਾ ਪਰਸ਼ੋਤਮ ਕਹਾਏ। ਸ਼ਕਤੀਸ਼ਾਲੀ ਰਾਵਣ ਨੂੰ ਕਮਜ਼ੋਰ ਕੋਲ, ਭੀਲ ਅਤੇ ਆਮ ਲੋਕਾਂ ਦੇ ਬਲਬੂਤੇ ਹਰਾਉਣ ਵਿਚ ਸਫਲ ਹੋਏ। ਇਸ ਪ੍ਰਸੰਗ 'ਚ ਸਪਸ਼ਟ ਹੁੰਦਾ ਹੈ ਕਿ ਮਨੁੱਖ ਦੇ ਰੂਪ 'ਚ ਜਨਮ ਲੈਣ ਮਗਰੋਂ ਕੋਈ ਵੀ ਚਾਹੇ ਤਾਂ ਉਹ ਰਾਮ ਦੀ ਤਰ੍ਹਾਂ ਪੂਜਨੀਕ ਬਣੇ ਜਾਂ ਰਾਵਣ ਦੀ ਤਰ੍ਹਾਂ ਦੁਰਗਤੀ ਨੂੰ ਪ੍ਰਾਪਤ ਹੋਵੇ, ਇਹ ਖ਼ੁਦ ਉਸ ਵਿਅਕਤੀ ਦੇ ਹੱਥਾਂ 'ਚ ਹੁੰਦਾ ਹੈ।

-ਸਲਿਲ ਪਾਂਡੇ।

Posted By: Sukhdev Singh