ਹਰ ਵਿਅਕਤੀ ਜੀਵਨ ਵਿਚ ਇੱਜ਼ਤ-ਮਾਣ ਚਾਹੁੰਦਾ ਹੈ ਪਰ ਇਸ ਨੂੰ ਪ੍ਰਾਪਤ ਕਰਨ ਦਾ ਜੋ ਫਾਰਮੂਲਾ ਹੈ, ਉਸ ਨੂੰ ਆਮ ਤੌਰ 'ਤੇ ਲੋਕ ਨਹੀਂ ਅਪਣਾ ਪਾਉਂਦੇ। ਇਸ ਸਬੰਧ ਵਿਚ ਥੋੜ੍ਹਾ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਸਾਡਾ ਖ਼ੁਦ ਦਾ ਆਚਰਨ ਕਿੱਦਾਂ ਦਾ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਅਸੀਂ ਆਪਣੇ ਜੀਵਨ ਵਿਚ ਲੋਕਾਂ ਨੂੰ ਸਨਮਾਨ ਦੇਣ ਵਿਚ ਕੋਤਾਹੀ ਵਰਤ ਰਹੇ ਹਾਂ। ਮਨੁੱਖ ਦਾ ਜੀਵਨ ਉਸ ਦੀ ਸੋਚ 'ਤੇ ਚੰਗਾ ਜਾਂ ਮੰਦਾ ਬਣਦਾ ਹੈ। ਜੇ ਅਸੀਂ ਜੀਵਨ ਵਿਚ ਖ਼ੁਦ ਕਮਜ਼ੋਰ ਵਿਅਕਤੀ ਨੂੰ ਅਪਮਾਨਿਤ ਕਰਦੇ ਰਹਿੰਦੇ ਹਾਂ ਤਾਂ ਸਾਡੇ ਅੰਦਰੂਨੀ ਭਾਵ ਜਗਤ ਵਿਚ ਅਪਮਾਨ ਦਾ ਸਾਮਰਾਜ ਹੈ। ਮਨ ਵਿਚ ਜੋ ਭਾਵ-ਵਿਚਾਰ ਬਣਦੇ ਹਨ, ਉਹ ਸਭ ਕੁਝ ਸੁਭਾਅ ਵਿਚ ਝਲਕਣ ਲੱਗਦਾ ਹੈ। ਖ਼ੁਦ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਸੇ ਵੀ ਤਰ੍ਹਾਂ ਗ਼ਲਤ ਹਾਂ। ਇਸ ਸਬੰਧੀ ਰਾਮਚਰਿਤਮਾਨਸ ਵਿਚ ਰਾਵਣ ਦੇ ਮਰਨ 'ਤੇ ਮੰਦੋਦਰੀ ਦਾ ਇਕ ਕਥਨ ਬਹੁਤ ਮਹੱਤਵਪੂਰਨ ਹੈ। ਸ੍ਰੀਰਾਮ ਜਦ ਰਾਵਣ ਨੂੰ ਮਾਰ-ਮੁਕਾਉਂਦੇ ਹਨ ਤਾਂ ਮੰਦੋਦਰੀ ਰਾਵਣ ਦੀ ਲਾਸ਼ ਨਾਲ ਲਿਪਟ ਕੇ ਵਿਰਲਾਪ ਕਰਦੀ ਹੈ। ਉਹ ਰਾਵਣ ਦੇ ਪ੍ਰਤਾਪੀ ਹੋਣ, ਉਸ ਦੀ ਬਹਾਦਰੀ ਦਾ ਜ਼ਿਕਰ ਤਾਂ ਕਰਦੀ ਹੈ ਪਰ ਨਾਲ ਹੀ ਇਹ ਵੀ ਕਹਿੰਦੀ ਹੈ ਕਿ ਰਾਵਣ ਤੋਂ ਇਹ ਗ਼ਲਤੀ ਹੋ ਗਈ ਕਿ ਉਸ ਨੇ ਸ੍ਰੀਰਾਮ ਨੂੰ ਬਹੁਤ ਆਮ ਜਿਹਾ ਇਨਸਾਨ ਸਮਝ ਲਿਆ। ਇਸ ਲਈ ਆਮ ਤੌਰ 'ਤੇ ਇੱਜ਼ਤ-ਮਾਣ ਦੇਣ ਦੀ ਸਿਖਲਾਈ ਘਰ ਤੋਂ ਹੀ ਲੈਣੀ ਚਾਹੀਦੀ ਹੈ। ਅੱਜ ਦੇ ਚਮਕ-ਦਮਕ ਵਾਲੇ ਦੌਰ ਵਿਚ ਘਰ ਵਿਚ ਹੀ ਸਨਮਾਨ ਦਾ ਜ਼ਬਰਦਸਤ ਚੀਰ ਹਰਨ ਹੋ ਰਿਹਾ ਹੈ। ਘਰ-ਪਰਿਵਾਰ ਦੇ ਜੀਆਂ ਵਿਚ ਵੱਡੇ-ਛੋਟੇ ਦਾ ਲਿਹਾਜ਼ ਜੇਕਰ ਨਹੀਂ ਰਹਿ ਗਿਆ ਹੈ ਤਾਂ ਅਜਿਹੇ ਪਰਿਵਾਰ ਵਿਚ ਕਲੇਸ਼, ਬਦਅਮਨੀ ਅਤੇ ਤਣਾਅ ਬਣਿਆ ਰਹੇਗਾ। ਗੋਸਵਾਮੀ ਤੁਲਸੀਦਾਸ ਸਪਸ਼ਟ ਕਹਿੰਦੇ ਹਨ ਕਿ ਜਿੱਥੇ ਸੁਮੱਤ ਹੁੰਦੀ ਹੈ, ਉੱਥੇ ਸੰਪਤੀ ਹੁੰਦੀ ਹੈ ਅਤੇ ਜਿੱਥੇ ਬੇਅਕਲੀ ਹੁੰਦੀ ਹੈ, ਉੱਥੇ ਆਫ਼ਤਾਂ, ਦੁੱਖ-ਤਕਲੀਫ਼ਾਂ ਡੇਰਾ ਲਾਈ ਰਹਿੰਦੀਆਂ ਹਨ। ਇੱਥੇ ਸੰਪਤੀ ਤੋਂ ਮਤਲਬ ਸੁੱਖ-ਸ਼ਾਂਤੀ ਹੈ ਅਤੇ ਬੇਅਕਲੀ ਤੋਂ ਮਤਲਬ ਅਸ਼ਾਂਤੀ, ਤਣਾਅ ਅਤੇ ਕਲੇਸ਼ ਹੈ। ਤਣਾਅ ਭਰੇ ਪਰਿਵਾਰਕ ਮਾਹੌਲ ਵਿਚ ਰਹਿਣ ਵਾਲਾ ਸਮਾਜ ਵਿਚ ਢੁੱਕਵਾਂ ਸਨਮਾਨ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਅੰਦਰ-ਬਾਹਰ ਦੇ ਭਾਵ ਵਿਚ ਤਾਲਮੇਲ ਨਹੀਂ ਹੈ ਤਾਂ ਜੀਵਨ ਵਿਚ ਮੁਸ਼ਕਲਾਂ ਦਾ ਦੌਰ ਜਾਰੀ ਰਹੇਗਾ। 'ਪਹਿਲਾਂ ਆਤਮਾ, ਤਦ ਪਰਮਾਤਮਾ' ਦਾ ਮਕਸਦ ਹੀ ਹੈ ਕਿ ਵਿਅਕਤੀ ਵਿਚ ਜੇਕਰ ਆਤਮਿਕ ਉੱਚਤਾ ਹੈ ਤਾਂ ਪਰਾਏ ਲੋਕ ਵੀ ਉਸ ਨੂੰ ਤਹਿਦਿਲੋਂ ਇੱਜ਼ਤ-ਮਾਣ ਦੇਣਗੇ।

-ਸਲਿਲ ਪਾਂਡੇ।

Posted By: Susheel Khanna